ਕੈਪਟਨ ਸਰਕਾਰ ਨੇ 100 ਦਿਨਾਂ ਦੇ ਕਾਰਜਕਾਲ ਦੌਰਾਨ ਕੀਤੇ ਅਹਿਮ ਇਤਿਹਾਸਕ ਫੈਸਲੇ : ਸਿੱਧੂ

10 ਕਰੋੜ ਦੀ ਲਾਗਤ ਨਾਲ  ਮੁਹਾਲੀ, ਜਲੰਧਰ ਤੇ ਅੰਮ੍ਰਿਤਸਰ ਦੇ ਮਿਲਕ ਪਲਾਟਾਂ ਦਾ ਆਧੁਨਿਕੀਕਰਨ ਕੀਤਾ ਜਾਵੇਗਾ

ਐਸ ਏ ਐਸ ਨਗਰ 9 ਜੁਲਾਈ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦਿਆਂ ਨੂੰ ਆਪਣੇ ਪਹਿਲੇ ਬਜਟ ਸੈਸ਼ਨ ਵਿੱਚ ਹੀ ਪੂਰਾ ਕਰਨ ਲਈ ਅਮਲ ਸ਼ੁਰੂ ਕਰ ਦਿੱਤਾ ਹੈ ਅਤੇ ਸਰਕਾਰ ਨੇ ਆਪਣੇ 100 ਦਿਨਾਂ ਵਿੱਚ ਜੋ ਇਤਿਹਾਸਕ ਫੈਸਲੇ ਕੀਤੇ ਹਨ ਉਹ ਆਪਣੇ ਆਪ ਵਿੱਚ ਇੱਕ ਮਿਸਾਲ ਹਨ| ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਇਹ ਦਾਅਵਾ ਕਰਦਿਆਂ ਕਿਹਾ ਕਿ  ਕੈਪਟਨ ਅਮਰਿੰਦਰ ਸਿੰਘ ਵਲੋਂ ਚੋਣਾਂ ਦੌਰਾਨ ਕਿਸਾਨਾਂ ਨਾਲ ਕੀਤਾ ਗਿਆ ਵਾਅਦਾ ਪੂਰਾ ਕਰਨ ਲਈ ਸਰਕਾਰ ਨੇ ਠੋਸ ਨੀਤੀ ਬਣਾ ਕੇ 5 ਏਕੜ ਤੱਕ ਜ਼ਮੀਨ ਦੇ ਮਾਲਕ ਕਿਸਾਨਾਂ ਨੂੰ ਆਰਥਿਕ ਮੰਦਹਾਲੀ ਵਿੱਚੋਂ ਕੱਢਣ ਲਈ ਉਹਨਾਂ ਦਾ 2 ਲੱਖ ਰੁਪਏ ਤੱਕ ਦਾ  ਫਸਲੀ ਕਰਜਾ ਮੁਆਫ ਕਰਨ ਦਾ ਫੈਸਲਾ ਲਿਆ ਹੈ| ਉਹਨਾਂ ਕਿਹਾ ਕਿ  ਪਹਿਲੇ ਗੇੜ ਵਿੱਚ ਇਸ ਮੰਤਵ  ਲਈ ਬਜਟ ਵਿੱਚ 1500 ਕਰੋੜ ਰੁਪਏ ਦੀ ਵਿਵਸਥਾ ਕੀਤੀ ਗਈ ਹੈ| ਇਸ ਨਾਲ 10 ਲੱਖ 25 ਹਜ਼ਾਰ ਕਿਸਾਨਾਂ ਨੂੰ ਲਾਭ ਪਹੁੰਚੇਗਾ|
ਸ੍ਰ. ਸਿੱਧੂ ਨੇ ਕਿਹਾ ਕਿ ਸਰਕਾਰ ਵੱਲੋਂ ਕਿਸਾਨਾਂ ਦੀ ਖਰਾਬ ਹੋਈ ਫਸਲ ਦੇ ਮੁਆਵਜੇ ਦੀ 8000 ਰੁਪਏ ਰਾਸ਼ੀ ਨੂੰ ਵਧਾ ਕੇ  12,000 ਰੁਪਏ ਪ੍ਰਤੀ ਏਕੜ ਕਰ ਦਿੱਤਾ ਹੈ| ਉਹਨਾਂ ਕਿਹਾ ਕ ਮੌਜੂਦਾ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਰਵਾਇਤੀ ਫਸਲੀ ਚੱਕਰ ਵਿੱਚੋਂ ਕੱਢਣ ਲਈ ਖੇਤੀਬਾੜੀ ਦੇ ਸਹਾਇਕ ਧੰਦਿਆਂ ਵੱਲ ਪ੍ਰੇਰਿਤ ਕਰਨ ਦਾ ਵੀ ਫੈਸਲਾ ਕੀਤਾ ਹੈ ਤਾਂ ਜੋ ਕਿਸਾਨ ਸਹਾਇਕ ਧੰਦੇ ਅਪਣਾ ਕੇ ਆਪਣਾ ਆਰਥਿਕ ਪੱਧਰ ਉਚਾ ਚੁੱਕ ਸਕਣ| ਸਰਕਾਰ ਨੇ ਬਾਗਬਾਨੀ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਪਾਲਣ ਤੇ ਸੂਰ ਪਾਲਣ ਦੇ ਕਿੱਤਿਆਂ ਨੂੰ ਬੜਾਵਾ ਦੇਣ ਲਈ ਵਿਸ਼ੇਸ ਯੋਜਨਾਵਾਂ ਉਲੀਕੀਆਂ ਹਨ|
ਸ. ਸਿੱਧੂ ਨੇ ਦੱਸਿਆ ਕਿ ਸਰਕਾਰ ਨੇ ਦੁੱਧ ਉਤਪਾਦਨਂ ਵਿੱਚ ਵਾਧਾ ਕਰਨ ਲਈ 110 ਕਰੋੜ ਰੁਪਏ ਦੇ ਨਿਵੇਸ਼ ਨਾਲ ਮੁਹਾਲੀ, ਜਲੰਧਰ ਤੇ  ਅੰਮ੍ਰਿਤਸਰ ਵਿਖੇ ਮਿਲਕ ਪਲਾਟਾਂ ਦਾ ਆਧੁਨਿਕੀਕਰਨ ਕਰਨ ਦਾ ਫੈਸਲਾ ਕੀਤਾ ਹੈ| ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਉੱਦਮ ਨਾਲ ਇਸ ਸਾਲ ਦੇ ਅਖੀਰ ਤੱਕ ਦੁੱਧ ਭੰਡਰਾਨ ਸਮਰੱਥਾ 20 ਲੱਖ ਲੀਟਰ ਪ੍ਰਤੀ ਦਿਨ ਤੋਂ ਵੱਧ ਕੇ 25 ਲੱਖ ਲੀਟਰ ਪ੍ਰਤੀ ਦਿਨ ਹੋ ਜਾਵੇਗੀ|

Leave a Reply

Your email address will not be published. Required fields are marked *