ਕੈਪਟਨ ਸਰਕਾਰ ਹਰ ਫਰੰਟ ਉੱਪਰ ਫੇਲ੍ਹ : ਸੁਭਾਸ਼ ਸ਼ਰਮਾ

ਕੈਪਟਨ ਸਰਕਾਰ ਹਰ ਫਰੰਟ ਉੱਪਰ ਫੇਲ੍ਹ : ਸੁਭਾਸ਼ ਸ਼ਰਮਾ
ਭਾਜਪਾ ਵਲੋਂ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਧਰਨਾ
ਐਸ ਏ ਐਸ ਨਗਰ, 16 ਜਨਵਰੀ (ਸ.ਬ.) ਭਾਰਤੀ ਜਨਤਾ ਪਾਰਟੀ ਜਿਲ੍ਹਾ ਐਸ ਏ ਐਸ ਨਗਰ ਵਲੋਂ ਪੰਜਾਬ ਇਕਾਈ ਦੇ ਸੈਕਟਰੀ ਸ੍ਰੀ ਸੁਭਾਸ਼ ਸ਼ਰਮਾ ਅਤੇ ਜਿਲ੍ਹਾ ਮੁਹਾਲੀ ਪ੍ਰਧਾਨ ਸ੍ਰੀ ਸੁਸ਼ੀਲ ਸ਼ਰਮਾ ਦੀ ਅਗਵਾਈ ਵਿੱਚ ਪੰਜਾਬ ਦੀ ਕੈਪਟਨ ਸਰਕਾਰ ਦੇ 10 ਮਹੀਨੇ ਪੂਰੇ ਹੋਣ ਤੇ ਜਨਤਾ ਨਾਲ ਕੀਤੇ ਵਾਅਦੇ ਪੂਰੇ ਨਾ ਕਰਨ ਅਤੇ ਹਰ ਫਰੰਟ ਤੇ ਫੇਲ੍ਹ ਹੋਣ ਸਬੰਧੀ ਡੀ ਸੀ ਦਫਤਰ ਦੇ ਸਾਹਮਣੇ ਧਰਨਾ ਦਿੱਤਾ ਗਿਆ| ਇਸ ਧਰਨੇ ਵਿੱਚ ਭਾਜਪਾ ਦੇ ਜਿਲ੍ਹਾ ਇਕਾਈ ਦੇ ਅਹੁਦੇਦਾਰ, ਮੰਡਲਾਂ ਦੇ ਪ੍ਰਧਾਨ, ਜਨਰਲ ਸਕੱਤਰ, ਕਂੌਸਲਰ, ਮੈਂਬਰ ਅਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਏ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਬਣੀ ਨੂੰ 10 ਮਹੀਨੇ ਹੋ ਗਏ ਹਨ ਪਰ ਇਸ ਸਰਕਾਰ ਨੇ ਲੋਕਾਂ ਨਾਲ ਕੀਤੇ ਕੋਈ ਵੀ ਵਾਅਦੇ ਪੂਰੇ ਨਹੀਂ ਕੀਤੇ| ਇਹ ਸਰਕਾਰ ਹਰ ਫਰੰਟ ਉੱਪਰ ਹੀ ਫੇਲ੍ਹ ਹੋ ਗਈ ਹੈ| ਉਹਨਾਂ ਕਿਹਾ ਕਿ ਕਿਸਾਨਾਂ ਦੇ ਕਰਜੇ ਵੀ ਸਹੀ ਤਰੀਕੇ ਨਾਲ ਮਾਫ ਨਹੀਂ ਕੀਤੇ ਜਾ ਰਹੇ| ਜਦੋਂ ਕਿ ਕਾਂਗਰਸ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਨ ਤੋਂ ਬਾਅਦ ਪਹਿਲੀ ਕੈਬਨਿਟ ਮੀਟਿੰਗ ਵਿੱਚ ਹੀ ਕਿਸਾਨਾਂ ਦੇ ਹਰ ਤਰ੍ਹਾਂ ਦੇ ਕਰਜੇ ਮਾਫ ਕਰ ਦਿੱਤੇ ਜਾਣਗੇ ਪਰ ਇਸ ਸਬੰਧੀ ਕੋਈ ਠੋਸ ਕਾਰਵਾਈ ਨਹੀਂ ਹੋਈ| ਕੈਪਟਨ ਸਰਕਾਰ ਦੇ ਕਾਰਜਕਾਲ ਵਿੱਚ ਕਿਸਾਨਾਂ ਵਲੋਂ ਖੁਦਕਸ਼ੀਆਂ ਕਰਨ ਦਾ ਰੁਝਾਨ ਕਾਫੀ ਵੱਧ ਗਿਆ ਹੈ|
ਉਹਨਾਂ ਕਿਹਾ ਕਿ ਪਿਛਲੇ 10 ਮਹੀਨਿਆਂ ਦੌਰਾਨ ਪੰਜਾਬ ਵਿੱਚ ਨਜਾਇਜ ਮਾਈਨਿੰਗ ਕਾਫੀ ਵੱਧ ਗਈ ਹੈ| ਪੰਜਾਬ ਵਿੱਚ ਸਰੇਆਮ ਗੁੰਡਾ ਟੈਕਸ ਵਸੂਲਿਆ ਜਾ ਰਿਹਾ ਹੈ, ਜਿਸ ਨਾਲ ਰੇਤ ਅਤੇ ਬਜਰੀ ਦੀਆਂ ਕੀਮਤਾਂ ਵਿੱਚ ਵਾਧਾ ਹੋ ਗਿਆ ਹੈ| ਉਹਨਾਂ ਕਿਹਾ ਕਿ ਉਦਯੋਗਿਕ ਇਕਾਈਆਂ ਨੂੰ ਪੰਜ ਰੁਪਏ ਪ੍ਰਤੀ ਯੂਨਿਟ ਬਿਜਲੀ ਦੇਣ ਦਾ ਵਾਅਦਾ ਵੀ ਕਾਂਗਰਸ ਸਰਕਾਰ ਨੇ ਪੂਰਾ ਨਹੀਂ ਕੀਤਾ| ਉਹਨਾਂ ਕਿਹਾ ਕਿ ਪੰਜਾਬ ਵਿੱਚ ਵੀ ਆਈ ਪੀ ਕਲਚਰ ਲਗਾਤਾਰ ਜਾਰੀ ਹੈ, ਨਸ਼ਾ ਬਹੁਤ ਵਿਕ ਰਿਹਾ ਹੈ, ਨਿਜੀ ਸਕੂਲਾਂ ਦੀ ਮਨਮਾਨੀ ਫੀਸ ਵਸੂਲੀ ਦੇ ਵਿਰੁੱਧ ਪੂਰੇ ਪੰਜਾਬ ਵਿੱਚ ਹੀ ਮਾਪੇ ਪ੍ਰਦਰਸ਼ਨ ਕਰ ਰਹੇ ਹਨ| ਪੰਜਾਬ ਵਿੱਚ ਬਿਜਲੀ ਦੇ ਲੰਮੇ ਲੰਮੇ ਕੱਟ ਲਗਾਏ ਜਾ ਰਹੇ ਹਨ ਅਤੇ ਮੀਡੀਆ ਕਰਮੀਆਂ ਉਪਰ ਹਮਲੇ ਹੋ ਰਹੇ ਹਨ|
ਇਸ ਮੌਕੇ ਸੰਜੀਵ ਗੋਇਲ ਜਿਲ੍ਹਾ ਜਨਰਲ ਸਕੱਤਰ, ਆਸ਼ੂ ਖੰਨਾ ਜਨਰਲ ਸਕੱਤਰ, ਅਰੁਣ ਸ਼ਰਮਾ ਜਿਲ੍ਹਾ ਮੀਤ ਪ੍ਰਧਾਨ, ਦੀਪ ਢਿੱਲੋਂ ਜਿਲ੍ਹਾ ਮੀਤ ਪ੍ਰਧਾਨ, ਇੰਜ ਹਰਚਰਨ ਸਿੰਘ ਸੈਣੀ ਜਿਲ੍ਹਾ ਆਫਿਸ ਸੈਕਟਰੀ, ਜੋਗਿੰਦਰ ਕੰਵਰ ਜਿਲ੍ਹਾ ਫਾਈਨਾਂਸ ਸੈਕਟਰੀ, ਸੋਮ ਚੰਦ ਗੋਇਲ ਜਿਲ੍ਹਾ ਮੀਤ ਪ੍ਰਧਾਨ, ਮੰਡਲ ਪ੍ਰਧਾਨ ਸੋਹਣ ਸਿੰਘ, ਸ਼ਾਮਦੇਵ ਪੁਰੀ, ਉਮਾਂਕਾਂਤ ਤਿਵਾੜੀ, ਸ੍ਰੀਮਤੀ ਏਕਤਾ ਨਾਗਪਾਲ ਮਹਿਲਾ ਮੋਰਚਾ ਪ੍ਰਧਾਨ, ਪਰਮਜੀਤ ਸਿੰਘ ਵਾਲੀਆ ਪ੍ਰੈਸ ਸੈਕਟਰੀ, ਅਸ਼ੋਕ ਝਾਅ ਕੌਂਸਲਰ ਅਤੇ ਵੱਡੀ ਗਿਣਤੀ ਭਾਜਪਾ ਵਰਕਰ ਮੌਜੂਦ ਸਨ|

Leave a Reply

Your email address will not be published. Required fields are marked *