ਕੈਬਿਨਟ ਮੰਤਰੀ ਸਿੱਧੂ ਨੇ ਕੋਲ ਖੜ੍ਹ ਕੇ ਕਰਵਾਈ ਲਖਨੌਰ ਤੋਂ ਲਾਂਡਰਾ ਸੜਕ ਤੇ ਕੇਰੀ ਅਤੇ ਰੋੜੀ ਪਵਾਉਣ ਦੇ ਕੰਮ ਦੀ ਸ਼ੁਰੂਆਤ

ਐਸ.ਏ.ਐਸ. ਨਗਰ, 29 ਅਗਸਤ (ਸ.ਬ.) ਪੰਜਾਬ ਦੇ ਪਸ਼ੂ-ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਲਖਨੌਰ ਤੋਂ ਲਾਂਡਰਾਂ ਤੱਕ ਦੀ ਸੜਕ ਦੀ ਖਸਤਾ ਹਾਲਤ ਕਾਰਨ ਲੋਕਾਂ ਨੂੰ ਆ ਰਹੀ ਆਵਾਜਾਈ ਦੀ ਸਮੱਸਿਆ ਦੇ ਛੁਟਕਾਰੇ ਲਈ ਅੱਜ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਟੁੱਟੀ ਸੜਕ ਤੇ ਕੇਰੀ ਅਤੇ ਰੋੜੀ ਪਵਾਉਣ ਦੀ ਸ਼ੁਰੂਆਤ ਖੁਦ ਕੋਲ ਖੜ੍ਹ ਕੇ ਕਰਵਾਈ ਅਤੇ ਰੋੜੀ ਤੇ ਕੇਰੀ ਪਾਉਣ ਦੇ ਕੰਮ ਦਾ ਖੁਦ ਜਾਇਜ਼ਾ ਲੈਂਦੇ ਰਹੇ|
ਇਸ ਮੌਕੇ ਗੱਲ ਕਰਦਿਆਂ ਸ੍ਰ. ਸਿੱਧੂ ਨੇ ਦੱਸਿਆ ਕਿ ਲਾਂਡਰਾਂ ਟੀ-ਪੁਆਇੰਟ ਤੇ ਟਰੈਫਿਕ ਸਮੱਸਿਆ ਦੇ ਪੱਕੇ ਹੱਲ ਲਈ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ 25 ਕਰੋੜ 33 ਲੱਖ ਰੁਪਏ ਦੀ ਰਾਸ਼ੀ ਮਨਜ਼ੂਰ ਕਰ ਦਿੱਤੀ ਗਈ ਹੈ ਜਿਸ ਨਾਲ ਲਖਨੌਰ ਤੋਂ ਲਾਂਡਰਾਂ ਟੀ-ਪੁਆਂਇਟ ਤੱਕ ਸੜਕ ਨੂੰ ਚੌੜਾ ਅਤੇ ਮਜ਼ਬੂਤ ਕੀਤਾ ਜਾਵੇਗਾ ਅਤੇ ਟੀ-ਪੁਆਂਇਟ ਤੋਂ ਫਤਿਹਗੜ੍ਹ ਸਾਹਿਬ ਰੋਡ ਉਪਰੋਂ ਲੰਘਦੀ ਰੇਲਵੇ ਲਾਈਨ ਤੱਕ ਸਿੱਧੀ ਸੜਕ ਬਣਾਈ ਜਾਵੇਗੀ| ਇਸ ਪ੍ਰਾਜੈਕਟ ਲਈ 7.25 ਏਕੜ ਜ਼ਮੀਨ ਐਕੁਆਇਰ ਕੀਤੀ ਜਾਣੀ ਹੈ, ਜਿਸ ਨਾਲ ਟਰੈਫਿਕ ਦੀ ਸਮੱਸਿਆ ਦਾ ਪੱਕਾ ਹੱਲ ਹੋ ਜਾਵੇਗਾ ਅਤੇ ਲੋਕਾਂ ਨੂੰ ਆਵਾਜਾਈ ਵਿੱਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਹੀਂ ਆਵੇਗੀ|
ਉਨ੍ਹਾਂ ਇਸ ਮੌਕੇ ਮੌਜੂਦ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਲਖਨੌਰ ਤੋਂ ਲਾਂਡਰਾਂ ਤੱਕ ਦੀ ਸੜਕ ਦੇ ਦੁਆਲੇ ਖੜ੍ਹੇ ਬਰਸਾਤੀ ਪਾਣੀ ਲਈ ਤੁਰੰਤ ਨਿਕਾਸੀ ਦਾ ਪ੍ਰਬੰਧ ਕਰਨ ਲਈ ਕਿਹਾ ਅਤੇ ਇਸ ਦੀਆਂ ਬਰਮਾਂ ਤੇ ਕੇਰੀ ਅਤੇ ਰੋੜੀ ਪਾਉਣ ਦੀਆਂ ਹਦਾਇਤਾਂ ਦਿੱਤੀਆਂ ਤਾਂ ਜੋ ਆਵਾਜਾਈ ਸੁਖਾਲੀ ਹੋ ਸਕੇ ਤੇ ਲੋਕਾਂ ਨੂੰ ਟਰੈਫਿਕ ਜਾਮ ਦੀ ਸਮੱਸਿਆ ਨਾ ਆਵੇ| ਉਨ੍ਹਾਂ ਦੱਸਿਆ ਕਿ ਲਾਂਡਰਾਂ ਟੀ-ਪੁਆਇੰਟ ਤੇ ਟਰੈਫਿਕ ਦੀ ਸਮੱਸਿਆ ਸਿਰਫ ਮੁਹਾਲੀ ਵਾਸੀਆਂ ਦੀ ਸਮੱਸਿਆ ਨਹੀਂ ਹੈ ਬਲਕਿ ਪੂਰੇ ਪੰਜਾਬ ਦੇ ਲੋਕਾਂ ਨੂੰ ਇੱਥੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ| ਇਸ ਮੌਕੇ ਸ. ਸਿੱਧੂ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਵਾਈਸ ਚੇਅਰਮੈਨ ਕਿਸਾਨ ਸੈਲ ਕਾਂਗਰਸ ਕਮੇਟੀ ਪੰਜਾਬ ਸ੍ਰੀ ਜੀ. ਐਸ. ਰਿਆੜ, ਹਰਚਰਨ ਸਿੰਘ ਗਿੱਲ ਸਾਬਕਾ ਸਰਪੰਚ ਲਾਂਡਰਾਂ, ਭਾਗ ਸਿਘ ਨੰਬਰਦਾਰ, ਗੁਰਜੀਤ ਸਿੰਘ , ਗੁਰਜੰਟ ਸਿੰਘ , ਨਿਰਮਲ ਸਿੰਘ ਜਗਤਾਰ ਸਿੰਘ, ਨੰਬਰਦਾਰ ਦਿਲਬਾਗ ਸਿੰਘ,ਬਾਬਾ ਸੰਤ ਸਿੰਘ ਸਮੇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਅਤੇ ਹੋਰ ਪਿੰਡ ਦੇ ਲੋਕ ਵੀ ਮੌਜੂਦ ਸਨ|

Leave a Reply

Your email address will not be published. Required fields are marked *