ਕੈਬਿਨਟ ਮੰਤਰੀ ਸਿੱਧੂ ਵਲੋਂ ਨਿਗਮ ਚੋਣਾਂ ਇਸੇ ਸਾਲ ਕਰਵਾਉਣ ਦੇ ਐਲਾਨ ਨਾਲ ਸ਼ਹਿਰ ਦੀ ਸਿਆਸਤ ਵਿੱਚ ਆਈ ਗਰਮੀ

ਕੈਬਿਨਟ ਮੰਤਰੀ ਸਿੱਧੂ ਵਲੋਂ ਨਿਗਮ ਚੋਣਾਂ ਇਸੇ ਸਾਲ ਕਰਵਾਉਣ ਦੇ ਐਲਾਨ ਨਾਲ ਸ਼ਹਿਰ ਦੀ ਸਿਆਸਤ ਵਿੱਚ ਆਈ ਗਰਮੀ
ਨਿਗਮ ਚੋਣਾਂ ਸਮੇਂ ਤੋਂ ਪਹਿਲਾਂ ਹੋਣ ਦੀ ਸੰਭਾਵਨਾ ਘੱਟ, 22 ਫਰਵਰੀ 2015 ਨੂੰ ਹੋਈ ਸੀ ਐਸ ਏ ਐਸ ਨਗਰ ਸਮੇਤ 6 ਕਾਰਪੋਰੇਸ਼ਨਾਂ ਦੀ ਚੋਣ
ਐਸ ਏ ਐਸ ਨਗਰ : 18 ਜਨਵਰੀ (ਭੁਪਿੰਦਰ ਸਿੰਘ) ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਬੀਤੇ ਕੱਲ੍ਹ ਨਗਰ ਨਿਗਮ ਦੀ ਚੋਣ ਇਸੇ ਸਾਲ ਦੇ ਅਖੀਰ ਵਿੱਚ (31 ਜਨਵਰੀ 2019 ਤੱਕ) ਕਰਵਾਉਣ ਸੰਬੰਧੀ ਕੀਤੇ ਗਏ ਐਲਾਨ ਨੇ ਸ਼ਹਿਰ ਦੀ ਸਿਆਸਤ ਗਰਮ ਕਰ ਦਿੱਤੀ ਹੈ ਅਤੇ ਚੋਣ ਲੜਣ ਦੇ ਚਾਹਵਾਨ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵੀ ਤੇਜ ਹੋ ਗਈਆਂ ਹਨ| ਬੀਤੇ ਕੱਲ ਆਪਣੇ ਅਖਤਿਆਰੀ ਕੋਟੇ ਵਿੱਚੋਂ ਨਗਰ ਨਿਗਮ ਨੂੰ ਖਰੀਦ ਕੇ ਦਿੱਤੀਆਂ ਦਰਖਤਾਂ ਦੀ ਛੰਗਾਈ ਕਰਨ ਵਾਲੀਆਂ ਮਸ਼ੀਨਾਂ ਸ਼ਹਿਰ ਵਾਸੀਆਂ ਨੂੰ ਸਮਰਪਿਤ ਕਰਨ ਮੌਕੇ ਸ੍ਰ. ਸਿੱਧੂ ਨੇ ਕਿਹਾ ਸੀ ਕਿ ਨਗਰ ਨਿਗਮ ਚੋਣਾ ਹਰ ਹਾਲ ਵਿੱਚ 31 ਦਸੰਬਰ 2019 ਤੋਂ ਪਹਿਲਾਂ ਕਰਵਾ ਦਿੱਤੀਆਂ ਜਾਣਗੀਆਂ| ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਬਾਰੇ ਉਹਨਾਂ ਕਿਹਾ ਸੀ ਕਿ ਕਾਂਗਰਸ ਸਰਕਾਰ ਤਾਂ ਨਿਗਮ ਦਾ ਕਾਰਜਕਾਲ ਲਗਭਗ ਮੁਕੰਮਲ ਹੋਣ ਤੇ ਹੀ ਇਹ ਚੋਣ ਕਰਵਾਉਣ ਦੀ ਤਿਆਰੀ ਕਰ ਰਹੀ ਹੈ ਜਦੋਂਕਿ ਅਕਾਲੀ ਸਰਕਾਰ ਨੇ ਤਾਂ ਸੋਚੀ ਸਮਝੀ ਸਾਜਿਸ਼ ਤਹਿਤ ਕਾਂਗਰਸ ਦੀ ਅਗਵਾਈ ਵਿੱਚ ਚਲਦੀ ਕੌਂਸਲ ਨੂੰ ਭੰਗ ਕਰਕੇ ਇੱਥੇ ਪਹਿਲਾਂ ਕਾਰਪੋਰੇਸ਼ਨ ਬਣਾਈ ਸੀ ਅਤੇ ਫਿਰ ਕਾਰਪੋਰੇਸ਼ਨ ਦੀਆਂ ਚੋਣਾਂ ਨੂੰ ਚਾਰ ਸਾਲ ਤਕ ਲਮਕਾ ਕੇ ਰੱਖਿਆ ਗਿਆ ਸੀ| ਉਹਨਾਂ ਕਿਹਾ ਸੀ ਕਿ ਪਹਿਲਾਂ ਤਾਂ ਸਰਕਾਰ ਵਲੋਂ ਕੌਂਸਲ ਦੇ ਕਾਂਗਰਸੀ ਪ੍ਰਧਾਨ ਸ੍ਰ. ਰਜਿੰਦਰ ਸਿੰਘ ਰਾਣਾ ਨੂੰ ਗਲਤ ਤਰੀਕੇ ਨਾਲ ਅਹਦੇ ਤੋਂ ਉਤਾਰਿਆ ਗਿਆ ਸੀ ਅਤੇ ਜਦੋਂ ਅਦਾਲਤ ਵਲੋਂ ਸ੍ਰ. ਰਾਣਾ ਨੂੰ ਮੁੜ ਪ੍ਰਧਾਨ ਬਣਾ ਦਿੱਤਾ ਗਿਆ ਤਾਂ ਕੌਂਸਲ ਨੂੰ ਭੰਗ ਕਰਕੇ ਇੱਥੇ ਕਾਰਪੋਰੇਸ਼ਨ ਬਣਾ ਦਿੱਤੀ ਗਈ ਸੀ|
ਪਿਛਲੀ ਵਾਰ ਨਗਰ ਨਿਗਮ ਐਸ ਏ ਐਸ ਨਗਰ ਦੀ ਚੋਣ 22 ਫਰਵਰੀ 2015 ਨੂੰ ਹੋਈ ਸੀ ਜਦੋਂਕਿ ਇਸਦਾ ਨਤੀਜਾ 26 ਫਰਵਰੀ ਨੂੰ ਐਲਾਨਿਆ ਗਿਆ ਸੀ| ਕੁਲ 50 ਵਾਰਡਾਂ ਲਈ ਹੋਈਆਂ ਚੋਣਾ ਵਿੱਚ ਉਸ ਵੇਲੇ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਨੂੰ 14, ਅਕਾਲੀ ਭਾਜਪਾ ਗਠਜੋੜ ਨੂੰ 23 (ਅਕਾਲੀ 17 ਅਤੇ ਭਾਜਪਾ 6) ਅਤੇ ਮੇਅਰ ਸ੍ਰ. ਕੁਲਵੰਤ ਸਿੰਘ ਦੀ ਅਗਵਾਈ ਵਾਲੇ ਆਜਾਦ ਗਰੁੱਪ ਨੂੰ 11 ਸੀਟਾਂ ਮਿਲੀਆਂ ਸਨ| ਇਸ ਤੋਂ ਇਲਾਵਾ 2 ਆਜਾਦ ਮੈਂਬਰ ਵੀ ਚੋਣ ਜਿੱਤੇ ਸਨ| ਇਹਨਾਂ ਨਵੇਂ ਚੁਣੇ ਗਏ ਮੈਂਬਰਾਂ ਨੂੰ 27 ਅਪ੍ਰੈਲ ਨੂੰ ਸੰਹੁ ਚੁਕਵਾਈ ਗਈ ਸੀ ਅਤੇ ਇਸ ਹਿਸਾਬ ਨਾਲ ਨਗਰ ਨਿਗਮ ਦੇ ਮੈਂਬਰਾਂ ਦਾ ਕਾਰਜਕਾਲ 26 ਅਪ੍ਰੈਲ ਨੂੰ ਖਤਮ ਹੋਣਾ ਹੈ ਜਦੋਂਕਿ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਅਨੁਸਾਰ ਨਗਰ ਨਿਗਮ ਦੀ ਚੋਣ ਪੰਜ ਮਹੀਨੇ ਪਹਿਲਾਂ (31 ਦਸੰਬਰ 2019 ਤਕ) ਕਰਵਾਈ ਜਾਣੀ ਹੈ|
ਕੈਬਿਨਟ ਮੰਤਰੀ ਵਲੋਂ ਕੀਤੇ ਗਏ ਇਸ ਐਲਾਨ ਅਨੁਸਾਰ ਨਗਰ ਨਿਗਮ ਐਸ ਏ ਐਸ ਨਗਰ ਦੀ ਚੋਣ 31 ਦਸੰਬਰ ਤਕ ਮੁਕੰਮਲ ਹੋ ਸਕੇਗੀ ਇਸਦੀ ਸੰਭਾਵਨਾ ਘੱਟ ਹੀ ਹੈ| ਇਸਦਾ ਇੱਕ ਕਾਰਨ ਇਹ ਵੀ ਹੈ ਕਿ ਜੇਕਰ ਸਰਕਾਰ ਨੇ ਨਗਰ ਨਿਗਮ ਦੀ ਚੋਣ ਸਮੇਂ ਤੋਂ ਪਹਿਲਾਂ ਕਰਵਾਉਣੀ ਹੈ ਤਾਂ ਉਸਨੂੰ ਸਿਰਫ ਮੁਹਾਲੀ ਹੀ ਨਹੀਂ ਬਲਕਿ ਇਸਦੇ ਨਾਲ ਨਾਲ ਬਠਿੰਡਾ, ਹੁਸ਼ਿਆਰਪੁਰ, ਫਗਵਾੜਾ, ਪਠਾਨਕੋਟ ਅਤੇ ਮੋਗਾ ਨਗਰ ਨਿਗਮ ਦੀ ਚੋਣ ਵੀ ਇਸਦੇ ਨਾਲ ਕਰਵਾਉਣੀ ਪੈ ਸਕਦੀ ਹੈ ਕਿਉਂਕਿ ਪਿਛਲੀ ਵਾਰ ਇਹਨਾਂ ਸਾਰੀਆਂ ਕਾਰਪੋਰੇਸ਼ਨਾਂ ਦੀ ਚੋਣ ਐਸ ਏ ਐਸ ਨਗਰ ਦੇ ਨਾਲ ਹੀ (22 ਫਰਵਰੀ ਨੂੰ) ਹੋਈ ਸੀ ਅਤੇ ਨਤੀਜੇ ਵੀ 26 ਫਰਵਰੀ ਨੂੰ ਹੀ ਆਏ ਸਨ| ਅਜਿਹੇ ਵਿੱਚ ਜੇਕਰ ਸਰਕਾਰ ਵਲੋਂ ਸਿਰਫ ਐਸ ਏ ਐਸ ਨਗਰ ਕਾਰਪੋਰੇਸ਼ਨ ਦੀ ਚੋਣ ਸਮੇਂ ਤੋਂ ਪਹਿਲਾਂ ਕਰਵਾਉਣ ਦੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਜਾਹਿਰ ਤੌਰ ਤੇ ਸਰਕਾਰ ਦੀ ਇਸ ਕਾਰਵਾਈ ਨੂੰ ਅਦਾਲਤ ਵਿੱਚ ਚੁਣੌਤੀ ਮਿਲਣੀ ਤੈਅ ਹੈ ਅਤੇ ਜੇਕਰ ਅਜਿਹਾ ਕੁਝ ਹੋਇਆ ਤਾਂ ਸਮੇਂ ਤੋਂ ਪਹਿਲਾਂ ਤਾਂ ਦੂਰ ਸ਼ਾਇਦ ਇਹ ਚੋਣ ਸਮਾਂ ਪੂਰਾ ਹੋਣ ਤੋਂ ਬਾਅਦ ਵੀ ਲਮਕਦੀ ਰਹੇ|
ਇਸ ਸਭ ਦੇ ਬਾਵਜੂਦ ਕੈਬਿਨਟ ਮੰਤਰੀ ਸ੍ਰ. ਸਿੱਧੂ ਦੇ ਇੱਸ ਬਿਆਨ ਨਾਲ ਸ਼ਹਿਰ ਦੀ ਸਿਆਸਤ ਵਿੱਚ ਤਾਂ ਗਰਮੀ ਆ ਹੀ ਗਈ ਹੈ| ਇਸ ਸੰਬੰਧੀ ਜਿੱਥੇ ਚੋਣਾਂ ਲੜਣ ਦੇ ਚਾਹਵਾਨ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾ ਤੇਜ ਹੋ ਗਈਆਂ ਹਨ ਉੱਥੇ ਵੱਖ ਵੱਖ ਪਾਰਟੀਆਂ ਵਲੋਂ ਵੀ ਆਪੋ ਆਪਣੇ ਦਾਅਵੇ ਆਰੰਭ ਦਿੱਤੇ ਗਏ ਹਨ| ਅਕਾਲੀ ਭਾਜਪਾ ਗਠਜੋੜ (ਜਿਸ ਵਲੋਂ ਪਿਛਲੀ ਵਾਰ ਕ੍ਰਮਵਾਰ 33 ਅਤੇ 17 ਸੀਟਾ ਵੰਡ ਕੇ ਚੋਣ ਲੜੀ ਗਈ ਸੀ) ਦੇ ਆਗੂਆਂ ਵਲੋਂ ਇਸ ਵਾਰ ਵੀ ਪਿਛਲੇ ਫਾਰਮੂਲੇ ਅਨੁਸਾਰ ਹੀ ਚੋਣ ਲੜਨ ਦੀ ਗੱਲ ਕੀਤੀ ਜਾ ਰਹੀ ਹੈ| ਅਕਾਲੀ ਦਲ ਦੇ ਹਲਕਾ ਇੰਚਾਰਜ ਕੈਪਟਨ ਤੇਜਿੰਦਰ ਪਾਲ ਸਿੰਘ ਸਿੱਧੂ ਕਹਿੰਦੇ ਹਨ ਕਿ ਹਾਲਾਂਕਿ ਇਹ ਸੰਭਵ ਨਹੀਂ ਲੱਗਦਾ ਕਿ ਨਗਰ ਨਿਗਮ ਦੀ ਚੋਣ ਮਿੱਥੇ ਸਮੇਂ ਤੋਂ ਪਹਿਲਾਂ ਕਰਵਾਈ ਜਾਵੇਗੀ ਪਰੰਤੂ ਜੇਕਰ ਸਰਕਾਰ ਇਹ ਚੋਣ ਪਹਿਲਾਂ ਕਰਵਾਉਣ ਲਈ ਬਾਜਿੱਦ ਹੋਈ ਤਾਂ ਵੀ ਅਕਾਲੀ ਭਾਜਪਾ ਗਠਜੋੜ ਇਸ ਵਾਸਤੇ ਤਿਆਰ ਹੈ ਅਤੇ ਸਰਕਾਰ ਜਦੋਂ ਚਾਹੇ ਇਹ ਚੋਣ ਕਰਵਾ ਸਕਦੀ ਹੈ| ਉਹਨਾਂ ਕਿਹਾ ਕਿ ਇੱਕ ਕੈਬਿਨਟ ਮੰਤਰੀ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਜਿੰਮੇਵਾਰਾਨਾ ਬਿਆਨ ਦੇਣਗੇ ਪਰੰਤੂ ਸ੍ਰ. ਬਲਬੀਰ ਸਿੰਘ ਸਿੱਧੂ ਦਾ ਇਹ ਬਿਆਨ ਬਚਕਾਨਾ ਲੱਗਦਾ ਹੈ| ਉਹਨਾਂ ਕਿਹਾ ਕਿ ਜਿੱਥੋਂ ਤਕ ਅਕਾਲੀ ਭਾਜਪਾ ਗਠਜੋੜ ਵਿਚਲੇ ਸੀਟਾਂ ਦੀ ਵੰਡ ਦੀ ਗੱਲ ਹੈ ਤਾਂ ਇਹ ਪਿਛਲੇ ਫਾਰਮੂਲੇ ਅਨੁਸਾਰ ਹੀ ਚੋਣ ਲੜਣਗੇ| ਇਹ ਪੁੱਛਣ ਤੇ ਕਿ ਮੇਅਰ ਕੁਲਵੰਤ ਸਿੰਘ ਦੇ ਧੜੇ ਨੇ ਪਿਤਲੀ ਵਾਰ ਆਜਾਦ ਗਰੁੱਪ ਬਣਾ ਕੇ ਚੋਣ ਲੜੀ ਸੀ ਜਦੋਂਕਿ ਹੁਣ ਉਹ ਅਕਾਲੀ ਦਲ ਵਿੱਚ ਹਨ ਕੈਪਟਨ ਸਿੱਧੂ ਨ ਕਿਹਾ ਕਿ ਅਕਾਲੀ ਦਲ ਵਲੋਂ ਆਪਸ ਵਿੱਚ ਬੈਠ ਕੇ ਸੀਟਾਂ ਬਾਰੇ ਸਹਿਮਤੀ ਕਾਇਮ ਕੀਤੀ ਜਾਵੇਗੀ ਅਤੇ ਪਾਰਟੀ ਇੱਕ ਹੋ ਕੇ ਚੋਣ ਲੜੇਗੀ|
ਭਾਜਪਾ ਦੇ ਜਿਲ੍ਹਾ ਪ੍ਰਧਾਨ ਸ੍ਰੀ ਸੁਸ਼ੀਲ ਰਾਣਾ ਇਸ ਸੰਬੰਧੀ ਗੱਲ ਕਰਨ ਤੇ ਕਹਿੰਦੇ ਹਨ ਕਿ ਪਾਰਟੀ ਚੋਣਾ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਸਰਕਾਰ ਜਦੋਂ ਚਾਹੇ ਚੋਣ ਕਰਵਾ ਸਕਦੀ ਹੈ| ਹਾਲਾਂਕਿ ਉਹਨਾਂ ਕਿਹਾ ਕਿ ਪਹਿਲਾਂ ਚੁਣੇ ਹੋਏ ਨੁਮਾਇੰਦਿਆਂ ਦਾ ਕਾਰਜਕਾਲ ਪੂਰਾ ਹੋਣਾ ਚਾਹੀਦਾ ਹੈ ਅਤੇ ਸਰਕਾਰ ਨੂੰ ਨਿਗਮ ਦਾ ਕਾਰਜਕਾਲ ਪੂਰਾ ਹਣ ਤੇ ਹੀ ਚੋਣ ਕਰਵਾਉਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਇਸ ਵੇਲੇ ਪਾਰਟੀ ਵਲੋਂ ਮਿਸ਼ਨ 2019 (ਲੋਕਸਭਾ ਚੋਣਾ) ਤੇ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ ਅਤੇ ਨਿਗਮ ਚੋਣਾ ਦੌਰਾਨ ਪਾਰਟੀ ਵਲੋਂ ਪੂਰੀ ਤਾਕਤ ਨਾਲ ਚੋਣਾ ਲੜੀਆਂ ਜਾਣਗੀਆਂ|
ਆਮ ਆਦਮੀ ਪਾਰਟੀ ਦੇ ਐਸ ਏ ਐਸ ਨਗਰ (ਕਾਰਪੋਰੇਸ਼ਨ ਖੇਤਰ) ਦੇ ਪ੍ਰਧਾਨ ਸ੍ਰ. ਨਰਿੰਦਰ ਸਿੰਘ ਸ਼ੇਰਗਿਲ ਨੇ ਇਸ ਸੰਬੰਧੀ ਗੱਲ ਕਰਨ ਤੇ ਕਿਹਾ ਕਿ ਕੈਬਿਨਟ ਮੰਤਰੀ ਵਲੋਂ ਸਮੇਂ ਤੋਂ ਪਹਿਲਾਂ ਚੋਣ ਕਰਵਾਉਣ ਦੀ ਗੱਲ ਨਾਲ ਭਾਵੇਂ ਉਹ ਸਹਿਮਤ ਨਹੀਂ ਹਨ ਅਤੇ ਚੁਣੇ ਹੋਏ ਨੁਮਾਇੰਦਿਆਂ ਦਾ ਕਾਰਜਕਾਲ ਮੁਕੰਮਲ ਹੋਣ ਤੋਂ ਬਾਅਦ ਹੀ ਨਵੇਂ ਸਿਰੇ ਤੋਂ ਚੋਣ ਕਰਵਾਈ ਜਾਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਮੁਹਾਲੀ ਸ਼ਹਿਰ ਵਿੱਚ ਤਕੜਾ ਆਧਾਰ ਹੈ ਅਤੇ ਪਾਰਟੀ ਵਲੋਂ ਨਿਗਮ ਦੀਆਂ ਸਾਰੀਆਂ ਸੀਟਾਂ ਤੇ ਚੋਣ ਲੜੀ ਜਾਵੇਗੀ| ਉਹਨਾਂ ਕਿਹਾ ਕਿ ਸਰਕਾਰ ਜਦੋਂ ਚਾਹੇ ਇਹ ਚੋਣ ਕਰਵਾ ਸਕਦੀ ਹੈ ਅਤੇ ਪਾਰਟੀ ਚੋਣਾ ਲਈ ਤਿਆਰ ਹੈ|

Leave a Reply

Your email address will not be published. Required fields are marked *