ਕੈਬਿਨਟ ਮੰਤਰੀ ਸਿੱਧੂ ਵਲੋਂ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਸਿਟੀਜਨ ਵੈਲਫੇਅਰ ਐਂਡ ਡਿਵੈਲਪਮਂੈਟ ਫੋਰਮ ਦੇ ਵਫਦ ਨਾਲ ਮੀਟਿੰਗ

ਐਸ ਏ ਐਸ ਨਗਰ, 1 ਅਗਸਤ (ਸ.ਬ.) ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਦੇ ਯਤਨਾਂ ਨਾਲ ਸੈਕਟਰ 68 ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਸਿਟੀਜਨ ਵੈਲਫੇਅਰ ਐਂਡ ਡਿਵੈਲਪਮਂੈਟ ਫੋਰਮ ਐਸ ਏ ਐਸ ਨਗਰ ਦੀ ਇੱਕ ਮੀਟਿੰਗ ਹੋਈ, ਜਿਸ ਵਿੱਚ ਸ੍ਰ. ਸਿੱਧੂ ਖੁਦ ਵੀ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ|
ਇਸ ਮੌਕੇ ਸੰਬੋਧਨ ਕਰਦਿਆਂ ਫੋਰਮ ਦੇ ਵੱਖ ਵੱਖ ਆਗੂਆਂ ਨੇ ਸ੍ਰ. ਸਿੱਧੂ ਦੇ ਧਿਆਨ ਵਿੱਚ ਸ਼ਹਿਰ ਵਾਸੀਆਂ ਨੂੰ ਦਰਪੇਸ਼ ਸਮੱਸਿਆਵਾਂ ਨੂੰ ਲਿਆਂਦਾ| ਉਹਨਾਂ ਕਿਹਾ ਕਿ ਬਿਜਲੀ ਦੇ ਰੇਟਾਂ ਵਿੱਚ ਬਹੁਤ ਹੀ ਵਾਧਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਲੋਕਾਂ ਉਪਰ ਮਾਲੀ ਬੋਝ ਵੱਧ ਗਿਆ ਹੈ| ਇਸੇ ਤਰ੍ਹਾਂ ਸ਼ਹਿਰ ਵਿੱਚ ਪਾਣੀ ਦੀ ਘਾਟ ਪਾਈ ਜਾ ਰਹੀ ਹੈ| ਕਈ ਇਲਾਕਿਆਂ ਵਿੱਚ ਤਾਂ ਗੰਦੇ ਪਾਣੀ ਦੀ ਹੀ ਸਪਲਾਈ ਹੋ ਰਹੀ ਹੈ| ਉਹਨਾਂ ਕਿਹਾ ਕਿ ਪਾਣੀ ਦੇ ਵਧੇ ਹੋਏ ਬਿਲ ਵੀ ਵਾਪਸ ਲੈ ਲਏ ਜਾਣੇ ਚਾਹੀਦੇ ਹਨ|
ਉਹਨਾਂ ਕਿਹਾ ਕਿ ਰੋਡ ਗਲੀਆਂ ਬੰਦ ਹੋਣ ਕਰਕੇ ਬਰਸਾਤ ਦੌਰਾਨ ਕਈ ਇਲਾਕਿਆਂ ਵਿੱਚ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਲੋਕਾਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ| ਇਸੇ ਤਰ੍ਹਾਂ ਕਈ ਇਲਾਕਿਆਂ ਵਿੱਚ ਸੀਵਰੇਜ ਬੰਦ ਰਹਿੰਦੇ ਹਨ, ਸੀਵਰੇਜ ਸਿਸਟਮ ਵਿੱਚ ਹੋਰ ਸੁਧਾਰ ਕੀਤਾ ਜਾਣਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਲੋਕਲ ਬੱਸ ਸੇਵਾ ਨਾ ਹੋਣ ਕਰਕੇ ਲੋਕਾਂ ਨੂੰ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਇਸ ਲਈ ਸ਼ਹਿਰ ਵਿੱਚ ਤੁਰੰਤ ਹੀ ਲੋਕਲ ਬੱਸ ਚਲਾਉਣੀ ਚਾਹੀਦੀ ਹੈ| ਸ਼ਹਿਰ ਵਿੱਚ ਮਾਡਲ ਸਕੂਲਾਂ, ਸਿਵਲ ਡਿਸਪੈਂਸਰੀਆਂ ਅਤੇ ਕਮਿਉਨਿਟੀ ਸੈਂਟਰਾਂ ਦੀ ਵੀ ਘਾਟ ਪਾਈ ਜਾ ਰਹੀ ਹੈ, ਜਿਸ ਨੂੰ ਦੂਰ ਕੀਤਾ ਜਾਣਾ ਚਾਹੀਦਾ ਹੈ|
ਉਹਨਾਂ ਕਿਹਾ ਕਿ ਸ਼ਹਿਰ ਵਿੱਚ ਆਵਾਰਾ ਕੁੱਤਿਆਂ ਅਤੇ ਡੰਗਰਾਂ ਦੀ ਬਹੁਤ ਗਿਣਤੀ ਵੱਧ ਗਈ ਹੈ, ਇਹ ਆਵਾਰਾ ਕੁੱਤੇ ਅਤੇ ਡੰਗਰ ਲੋਕਾਂ ਨੂੰ ਬਹੁਤ ਪ੍ਰੇਸ਼ਾਨ ਕਰਦੇ ਹਨ, ਜਿਹਨਾਂ ਤੋਂ ਸ਼ਹਿਰ ਵਾਸੀਆਂ ਨੂੰ ਨਿਜਾਤ ਦਿਵਾਉਣੀ ਚਾਹੀਦੀ ਹੈ| ਸ਼ਹਿਰ ਦੇ ਕਈ ਪਾਰਕਾਂ ਦਾ ਬੁਰਾ ਹਾਲ ਹੈ, ਕਈ ਅੰਦਰੂਨੀ ਸੜਕਾਂ ਵੀ ਟੁੱਟ ਚੁੱਕੀਆਂ ਹਨ|
ਉਹਨਾਂ ਇਸ ਮੌਕੇ ਕੈਬਿਨਟ ਮੰਤਰੀ ਸਿੱਧੂ ਨੂੰ ਨੀਡ ਬੇਸਡ ਪਾਲਿਸੀ ਬਾਰੇ ਵੀ ਜਾਣਕਾਰੀ ਦਿੱਤੀ|
ਉਹਨਾਂ ਕੈਬਿਨਟ ਮੰਤਰੀ ਸਿੱਧੂ ਤੋਂ ਮੰਗ ਕੀਤੀ ਕਿ ਉਪਰੋਕਤ ਸਮੱਸਿਆਵਾਂ ਨੂੰ ਹੱਲ ਕਰਨ ਦੇ ਨਾਲ ਨਾਲ ਬਿਜਲੀ ਦੀਆਂ ਲਾਈਟਾਂ , ਸਟਰੀਟ ਲਾਈਟਾਂ ਠੀਕ ਕੀਤੀਆਂ ਜਾਣ, ਯਾਦਵਿੰਦਰਾ ਪਬਲਿਕ ਸਕੂਲ ਦੇ ਪਿਛਲੇ ਪਾਸੇ ਦੀ ਸੜਕ ਨੂੰ ਜਲਦੀ ਚਾਲੂ ਕੀਤਾ ਜਾਵੇ, ਬੱਚਿਆਂ ਨੂੰ ਨਸ਼ਿਆਂ ਦੀਆਂ ਦਵਾਈਆਂ ਵੇਚਣ ਵਾਲੇ ਕੈਮਿਸਟਾਂ ਖਿਲਾਫ ਕਾਰਵਾਈ ਕੀਤੀ ਜਾਵੇ, ਨਵੀਂ ਉਸਾਰੀ ਵੇਲੇ ਪਾਣੀ ਦੀ ਦੁਰਵਰਤੋਂ ਰੋਕੀ ਜਾਵੇ, ਘਰਾਂ ਵਿੱਚ ਚਲਦੇ ਪੀ ਜੀ ਬੰਦ ਕਰਵਾਏ ਜਾਣ|
ਇਸ ਮੌਕੇ ਸੰਬੋਧਨ ਕਰਦਿਆਂ ਕੈਬਿਨਟ ਮੰਤਰੀ ਸ੍ਰ. ਸਿੱਧੂ ਨੇ ਕਿਹਾ ਕਿ ਬਿਜਲੀ, ਪਾਣੀ ਦੇ ਵਧੇ ਹੋਏ ਬਿਲਾਂ ਬਾਰੇ ਹਮਦਰਦੀ ਨਾਲ ਵਿਚਾਰ ਕੀਤਾ ਜਾਵੇਗਾ| ਪਾਣੀ ਦੀ ਘਾਟ ਅਤੇ ਗੰਦਾ ਪਾਣੀ ਸਪਲਾਈ ਸਬੰਧੀ ਉਹਨਾਂ ਨੇ ਤੁਰੰਤ ਹੀ ਸੰਬਧਿਤ ਮਹਿਕਮੇ ਦੇ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ|
ਹੋਰਨਾਂ ਮੰਗਾਂ ਸਬੰਧੀ ਸ. ਸਿੱਧੂ ਨੇ ਕਿਹਾ ਕਿ ਸ਼ਹਿਰ ਵਿੱਚ ਜਲਦੀ ਹੀ ਲੋਕਲ ਬੱਸ ਸੇਵਾ ਸ਼ੁਰੂ ਕੀਤੀ ਜਾਵੇਗੀ, ਆਵਾਰਾ ਕੁਤਿਆਂ ਅਤੇ ਡੰਗਰਾਂ ਦੀ ਸਮੱਸਿਆ ਨੂੰ ਹਲ ਕਰਨ ਲਈ ਲੋਕਾਂ ਵੱਲੋਂ ਸਰਕਾਰ ਨੂੰ ਸਹਿਯੋਗ ਦੇਣਾ ਚਾਹੀਦਾ ਹੈ, ਪਾਰਕਾਂ ਦੀ ਸੰਭਾਲ ਲਈ ਅਤੇ ਸਾਫ ਸਫਾਈ ਲਈ ਨਗਰ ਨਿਗਮ ਨੂੰ 40-40 ਲੱਖ ਦੀਆਂ ਦੋ ਮਸ਼ੀਨਾਂ ਦਿਤੀਆਂ ਜਾਣਗੀਆਂ ਜਿਸ ਨਾਲ ਹੈਡ ਬੈਕ ਦੀ ਕੋਈ ਸਮੱਸਿਆ ਨਹੀਂ ਰਹੇਗੀ, ਅੰਦਰੂਨੀ ਸੜਕਾਂ ਜਲਦੀ ਠੀਕ ਕਰਵਾਈਆਂ ਜਾਣਗੀਆਂ, ਨੀਡ ਬੇਸਡ ਪਾਲਿਸੀ ਸਬੰਧੀ ਸਬੰਧਿਤ ਅਧਿਕਾਰੀਆ ਨਾਲ ਗੱਲਬਾਤ ਕੀਤੀ ਜਾਵੇਗੀ| ਉਹਨਾ ਕਿਹਾ ਕਿ ਜਿਹੜਾ ਵੀ ਕੈਮਿਸਟ ਬੱਚਿਆਂ ਨੂੰ ਨਸ਼ੀਲੀਆਂ ਦਵਾਈਆਂ ਵੇਚਦਾ ਹੈ, ਉਸਦੀ ਸੂਚਨਾ ਪੁਲੀਸ ਨੂੰ ਦਿਤੀ ਜਾਵੇ|
ਇਸ ਮੌਕੇ ਫੋਰਮ ਦੇ ਚੇਅਰਮੈਨ ਐਮ ਡੀ ਐਸ ਸੋਢੀ, ਚੀਫ ਪੈਟਰਨ ਐਸ ਐਸ ਬਰਨਾਲਾ, ਪ੍ਰਧਾਨ ਪਰਮਜੀਤ ਸਿੰਘ ਹੈਪੀ, ਜਨਰਲ ਸਕੱਤਰ ਕੇ ਐਲ ਸ਼ਰਮਾ, ਜੁਗਰਾਜ ਸਿੰਘ, ਜਸਵੀਰ ਸਿੰਘ ਜੱਸੀ, ਐਮ ਪੀ ਸਿੰਘ , ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *