ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਵਲੋਂ ਨਡਿਆਲੀ ਕਬੱਡੀ ਕੱਪ ਦਾ ਪੋਸਟਰ ਜਾਰੀ

ਐਸ ਏ ਐਸ ਨਗਰ, 23 ਮਾਰਚ (ਸ.ਬ. ) ਨੌਜਵਾਨ ਯੂਥ ਕਲੱਬ ਪਿੰਡ ਨਡਿਆਲੀ ਵੱਲੋਂ 31 ਮਾਰਚ ਨੂੰ ਪਹਿਲਾ ਕਬੱਡੀ ਕੱਪ ਪਿੰਡ ਨਡਿਆਲੀ ਨੇੜੇ ਮੁਹਾਲੀ ਏਅਰਪੋਰਟ ਵਿਖੇ ਕਰਵਾਇਆ ਜਾ ਰਿਹਾ ਹੈ, ਜਿਸ ਦਾ ਪੋਸਟਰ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਸ. ਬਲਬੀਰ ਸਿੰਘ ਸਿੱਧੂ ਵਲੋਂ ਜਾਰੀ ਕੀਤਾ ਗਿਆ| ਇਸ ਮੌਕੇ ਬੋਲਦਿਆਂ ਸ. ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਕਲੱਬ ਵੱਲੋਂ ਸ਼ਲਾਘਾਯੋਗ ਉਪਰਾਲਾ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਵਿੱਚ ਬੇਹੱਦ ਸਹਾਈ ਸਾਬਿਤ ਹੋ ਰਹੀਆਂ ਹਨ| ਖੇਡਾਂ ਕਾਰਨ ਜਿੱਥੇ ਮਨੁੱਖ ਅਨੁਸ਼ਾਸ਼ਨ ਵਿੱਚ ਰਹਿਣਾ ਸਿੱਖਦਾ ਹੈ ਉੱਥੇ ਆਪਸੀ ਸਹਿਯੋਗ, ਤਾਲਮੇਲ ਅਤੇ ਟੀਮ ਵਰਕ ਵਰਗੇ ਗੁਣ ਵੀ ਗ੍ਰਹਿਣ ਕਰਦਾ ਹੈ|
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਵੀ ਖੇਡਾਂ ਅਤੇ ਖਿਡਾਰੀਆਂ ਦੇ ਵਿਕਾਸ ਲਈ ਵੱਡੇ ਪੱਧਰ ਤੇ ਉਪਰਾਲੇ ਕੀਤੇ ਜਾ ਰਹੇ ਹਨ| ਇਸ ਮੌਕੇ ਕਲੱਬ ਦੇ ਪ੍ਰਧਾਨ ਸਿਮਰਨ ਮੰਡੇਰ ਨੇ ਦੱਸਿਆ ਕਿ ਇੱਕ ਪਿੰਡ ਓਪਨ ਕਬੱਡੀ ਜਿੱਤਣ ਵਾਲੀ ਟੀਮ ਨੂੰ ਇਕਵੰਜਾ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ ਅਤੇ ਦੂਜੇ ਸਥਾਨ ਤੇ ਰਹਿਣ ਵਾਲੀ ਟੀਮ ਨੂੰ ਇੱਕਤਾਲੀ ਹਜ਼ਾਰ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਿਤ ਕੀਤਾ ਜਾਵੇਗਾ| ਇਸ ਤੋਂ ਇਲਾਵਾ ਬੈਸਟ ਰੇਡਰ ਅਤੇ ਜਾਫੀ ਦੀ ਇੱਕੀ ਹਜਾਰ ਰੁਪਏ ਦੇ ਨਕਦ ਇਨਾਮ ਨਾਲ ਹੌਂਸਲਾ ਅਫਜ਼ਾਈ ਕੀਤੀ ਜਾਵੇਗੀ| ਇਸ ਮੌਕੇ ਹੋਰਨਾਂ ਤੋਂ ਇਲਾਵਾ ਕੈਬਨਿਟ ਮੰਤਰੀ ਦੇ ਸਿਆਸੀ ਸਕੱਤਰ ਹਰਕੇਸ਼ ਚੰਦ ਸ਼ਰਮਾ, ਜੀ.ਐਸ. ਰਿਆੜ, ਸਿਮਰਨ ਸਿੰਘ ਪ੍ਰਧਾਨ, ਗੁਰਵਿੰਦਰ ਸਿੰਘ ਮੰਡੇਰ ਸਰਪੰਚ ਨਡਿਆਲੀ, ਬਲਵਿੰਦਰ ਸਿੰਘ ਪੰਚ, ਇੰਦਰਜੀਤ ਸਿੰਘ, ਕੁਲਵੀਰ ਸਿੰਘ ਮੰਡੇਰ, ਸਿਮਰਨ ਤਾਰੀ, ਗੋਲਡੀ ਮੰਡੇਰ, ਹਰਪ੍ਰੀਤ ਸਿੰਘ ਅਤੇ ਬਹਾਦਰ ਸਿੰਘ ਝਿਊਰਹੇੜੀ ਵੀ ਮੌਜੂਦ ਸਨ|

Leave a Reply

Your email address will not be published. Required fields are marked *