ਕੈਮਿਸਟਾਂ ਵੱਲੋਂ ਸਰਕਾਰੀ ਛਾਪੇਮਾਰੀ ਦੀ ਨਿਖੇਧੀ

ਖਰੜ, 10 ਅਗਸਤ (ਕੁਸ਼ਲ ਆਨੰਦ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪੰਜਾਬ ਵਿਚੋਂ ਚਾਰ ਹਫਤਿਆਂ ਅੰਦਰ ਨਸ਼ੇ ਨੂੰ ਖਤਮ ਕਰਨ ਦਾ ਪੰਜਾਬ ਦੀ ਜਨਤਾ ਨਾਲ ਚੋਣਾਂ ਦੌਰਾਨ ਜੋ ਵਾਅਦਾ ਕੀਤਾ ਗਿਆ ਸੀ ਉਹ ਖੋਖਲਾ ਸਾਬਿਤ ਹੋਇਆ ਹੈ| ਪੰਜਾਬ ਵਿੱਚ ਨਸ਼ਾ ਅੱਜ ਵੀ ਵਿਕ ਰਿਹਾ ਹੈ ਅਤੇ ਨਸ਼ਾ ਵੇਚਣ ਵਾਲੇ ਫੜੇ ਵੀ ਜਾ ਰਹੇ ਹਨ| ਦੂਜੇ ਪਾਸੇ ਕੈਮਿਸਟਾਂ ਦੀਆਂ ਦੁਕਾਨਾਂ ਉੱਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸਦਾ ਕੈਮਿਸਟ ਐਸੋਸੀਏਸ਼ਨ ਵਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ|
ਕੈਮਿਸਟਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਤਾਂ ਸਰਕਾਰ ਵਲੋਂ ਕੈਮਿਸਟਾਂ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਪਰੰਤੂ ਦੂਜੇ ਪਾਸੇ ਖਰੜ ਹਲਕੇ ਵਿੱਚ ਝੋਲਾਛਾਪ ਡਾਕਟਰਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਿਹਨਾਂ ਵਲੋਂ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ| ਕੈਮਸਟਾਂ ਦਾ ਕਹਿਣਾ ਹੈ ਕਿ ਸਿਹਤ ਵਿਭਾਗ ਵਲੋਂ ਇਸ ਖੇਤਰ ਵਿੱਚ ਕੰਮ ਕਰਦੇ ਝੋਲਾਛਾਪ ਡਾਕਟਰਾਂ ਖਿਲਾਫ ਕੁੱਝ ਨਹੀਂ ਕੀਤਾ ਜਾਂਦਾ ਜਿਹਨਾਂ ਕੋਲ ਲੋੜੀਂਦੀ ਡਿਗਰੀ ਨਾ ਹੋਣ ਦੇ ਬਾਵਜੂਦ ਆਪਣੇ ਕਲੀਨਿਕ ਚਲਾਏ ਰਹੇ ਹਨ ਅਤੇ ਇਹ ਡਾਕਟਰ ਮਰੀਜਾਂ ਨੂੰ ਦਵਾਈਆਂ ਵੀ ਆਪਣੇ ਕੋਲੋਂ ਦਿੰਦੇ ਹਨ|
ਇਸ ਸਬੰਧੀ ਸਿਵਲ ਸਰਜਨ ਮੁਹਾਲੀ ਰੀਟਾ ਭਾਰਦਵਾਜ ਨਾਲ ਸੰਪਰਕ ਕਰਨ ਤੇ ਉਹਨਾਂ ਕਿਹਾ ਕਿ ਸਿਹਤ ਵਿਭਾਗ ਵਲੋਂ ਅਜਿਹੇ ਝੋਲਾਛਾਪ ਡਾਕਟਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ|

Leave a Reply

Your email address will not be published. Required fields are marked *