ਕੈੈਬਨਿਟ ਮੰਤਰੀ ਸਿੱਧੂ ਨੇ ਪਿੰਡ ਸੋਏ ਮਾਜਰਾ ਵਿਚ ਸ਼ਮਸ਼ਾਨ ਘਾਟ ਦੀ ਉਸਾਰੀ ਲਈ ਦਿਤੀ 3 ਲੱਖ ਰੁਪਏ ਦੀ ਗ੍ਰਾਂਟ


ਖਰੜ, 28 ਦਸੰਬਰ (ਸ.ਬ.) ਸਿਹਤ ਅਤੇ ਪਰਵਾਰ ਭਲਾਈ ਮੰਤਰੀ ਬਲਬੀਰ ਸਿੰੰਘ ਸਿੱਧੂ ਨੇ ਵਿਧਾਨ ਸਭਾ ਹਲਕਾ ਖਰੜ ਅਧੀਨ ਪੈਂਦੇ ਪਿੰਡ ਸੋਏ ਮਾਜਰਾ ਵਿਚ ਸ਼ਮਸ਼ਾਨ ਘਾਟ ਦੀ ਉਸਾਰੀ ਲਈ ਤਿੰਨ ਲੱਖ ਰੁਪਏ ਦੀ ਗ੍ਰਾਂਟ ਪਿੰਡ ਦੀ ਪੰਚਾਇਤ ਨੂੰ ਸੌਂਪੀ। ਲਗਭਗ 70 ਸਾਲਾਂ ਦੇ ਲੰਮੇ ਵਕਫ਼ੇ ਮਗਰੋਂ ਪਿੰਡ ਵਿਚ ਸ਼ਮਸ਼ਾਨ ਘਾਟ ਦੀ ਉਸਾਰੀ ਹੋ ਰਹੀ ਹੈ।
ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਉਹਨਾਂ ਨੇ ਪਿੰਡ ਵਾਸੀਆਂ ਵਲੋਂ ਦੱਸੇ ਜਾਣ ਤੇ ਕੈਬਨਿਟ ਮੰਤਰੀ ਸ. ਸਿੱਧੂ ਕੋਲ ਪਿੰਡ ਵਿੱਚ ਸ਼ਮਸ਼ਾਨ ਘਾਟ ਦੀ ਉਸਾਰੀ ਦੀ ਮੰਗ ਰੱਖੀ ਸੀ ਅਤੇ ਉਨ੍ਹਾਂ ਨੇ ਤੁਰੰਤ ਆਪਣੇ ਅਖ਼ਤਿਆਰੀ ਕੋਟੇ ਵਿਚੋਂ ਤਿੰਨ ਲੱਖ ਰੁਪਏ ਦੀ ਗ੍ਰਾਂਟ ਮਨਜ਼ੂਰ ਕਰ ਦਿੱਤੀ। ਇਸ ਮੌਕੇ ਸ੍ਰੀ ਮੱਛਲੀ ਕਲਾਂ ਨੇ ਖਰੜ ਹਲਕੇ ਦੇ ਵਿਧਾਇਕ ਤੇ ਵਰ੍ਹਦਿਆਂ ਕਿਹਾ ਕਿ ਹਲਕਾ ਵਿਧਾਇਕ ਵਲੋਂ ਇਨ੍ਹਾਂ ਪਿੰਡਾਂ ਦੀ ਅੱਜ ਤਕ ਸਾਰ ਨਹੀਂ ਲਈ। ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਨੂੰ ਇਨ੍ਹਾਂ ਪਿੰਡਾਂ ਦੇ ਨਾਮ ਵੀ ਯਾਦ ਨਹੀਂ ਹੋਣਗੇ ਅਤੇ ਅੱਜ ਇਨ੍ਹਾਂ ਦੇ ਪਿੰਡਾਂ ਦੇ ਲੋਕ ਇਸ ਗੱਲੋਂ ਪਛਤਾ ਰਹੇ ਹਨ ਕਿ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਇਥੋਂ ਜਿਤਾ ਕੇ ਵਿਧਾਨ ਸਭਾ ਵਿਚ ਭੇਜਿਆ ਪਰ ਉਸ ਨੇ ਕਦੇ ਵੀ ਉਨ੍ਹਾਂ ਦੀਆਂ ਸਮੱਸਿਆਵਾਂ ਨਹੀਂ ਸੁਣੀਆਂ।
ਸ੍ਰੀ ਮੱਛਲੀ ਕਲਾਂ ਨੇ ਕਿਹਾ ਕਿ ਭਾਵੇਂ ਇਹ ਪਿੰਡ ਕੈਬਨਿਟ ਮੰਤਰੀ ਦੇ ਹਲਕੇ ਵਿਚ ਨਹੀਂ ਪੈਂਦੇ ਪਰ ਉਨ੍ਹਾਂ ਦਾ ਇਨ੍ਹਾਂ ਪਿੰਡਾਂ ਨਾਲ ਖ਼ਾਸ ਲਗਾਅ ਹੈ ਕਿਉਂਕਿ ਜਦ ਸ. ਸਿੱਧੂ ਨੇ ਖਰੜ ਹਲਕੇ ਵਿਚੋਂ ਚੋਣ ਲੜੀ ਸੀ ਤਾਂ ਇਸ ਪਿੰਡ ਵਿਚੋਂ ਉਨ੍ਹਾਂ ਨੂੰ ਭਾਰੀ ਵੋਟਾਂ ਨਾਲ ਜਿਤਾਇਆ ਸੀ। ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ। ਇਸ ਮੌਕੇ ਪਿੰਡ ਵਾਸੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਪਿੰਡ ਥਾਣਾ ਸੋਹਾਣਾ ਦੇ ਅਧਿਕਾਰ ਖੇਤਰ ਅਧੀਨ ਹੈ ਜਿਸ ਕਾਰਨ ਉਨ੍ਹਾਂ ਦੀ ਤਹਿਸੀਲ ਐਸ. ਏ.ਐਸ. ਨਗਰ ਹੋਣੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪਿੰਡ ਭਾਰਤਪੁਰ, ਚਡਿਆਲਾ ਸੂਦਾਂ ਅਤੇ ਪੱਤੜਾਂ ਦੀਆਂ ਪੰਚਾਇਤਾਂ ਵੀ ਇਹ ਮੰਗ ਕਰ ਚੁੱਕੀਆਂ ਹਨ। ਇਸ ਮੌਕੇ ਜਸਵਿੰਦਰ ਕੌਰ ਸਰਪੰਚ ਸੋਏ ਮਾਜਰਾ, ਜਸਵਿੰਦਰ ਸਿੰਘ ਭੱਪਾ ਸਰਪੰਚ ਗਿੱਦੜਪੁਰ, ਗੁਰਪ੍ਰਤਾਪ ਸਿੰਘ, ਅਮਰਜੀਤ ਸਿੰਘ, ਹਰਜੀਤ ਸਿੰਘ ਪੰਚ, ਅਮਰੀਕ ਸਿੰਘ, ਈਸ਼ਰ ਸਿੰਘ, ਸ਼ੇਰ ਸਿੰਘ, ਗੁਰਜੰਟ ਸਿੰਘ, ਹਰਬੰਸ ਸਿੰਘ, ਕੇਸਰ ਸਿੰਘ ਤੋਂ ਇਲਾਵਾ ਭਾਰੀ ਗਿਣਤੀ ਵਿਚ ਪਿੰਡ ਵਾਸੀ ਮੌਜੂਦ ਸਨ।

Leave a Reply

Your email address will not be published. Required fields are marked *