ਕੋਰੋਨਾ ਡਿਊਟੀ ਦੌਰਾਨ ਬਿਮਾਰ ਹੋਏ ਮਾਰਸ਼ਲ ਆਰਟਸ ਦੇ ਕੋਚ ਸ੍ਰ. ਹਰਮਿੰਦਰ ਸਿੰਘ ਦਾ ਅਕਾਲ ਚਲਾਣਾ

ਘਨੌਰ, 10 ਸਤੰਬਰ (ਅਭਿਸ਼ੇਕ ਸੂਦ) ਹਲਕਾ ਘਨੌਰ ਨੇੜਲੇ ਪਿੰਡ ਹਰਪਾਲਪੁਰ ਦੇ ਸਰਕਾਰੀ ਸਕੂਲ ਵਿੱਚ ਬਤੌਰ ਪੀ. ਟੀ. ਆਈ. ਸੇਵਾਵਾਂ ਨਿਭਾਉਣ ਵਾਲੇ ਸ੍ਰ. ਹਰਮਿੰਦਰ ਸਿੰਘ ਅਕਾਲ ਚਲਾਣਾ ਕਰ ਗਏ ਹਨ|  ਕੁਝ ਦਿਨ ਪਹਿਲਾਂ ਕੋਵਿਡ-19 ਦੇ ਦੌਰਾਨ ਸ੍ਰ. ਹਰਮਿੰਦਰ ਸਿੰਘ (ਕੋਚ ਮਾਰਸ਼ਲ ਆਰਟ) ਦੀ ਡਿਊਟੀ ਪੰਜਾਬ ਸਕੂਲ ਸਿੱਖਿਆ ਵਿਭਾਗ/ਪ੍ਰਸ਼ਾਸ਼ਨਿਕ ਅਧਿਕਾਰੀਆਂ ਵੱਲੋਂ ਸ਼ੰਭੂ ਬਾਰਡਰ ਤੇ ਲਗਾਈ ਗਈ ਸੀ| ਇਸੇ ਦੌਰਾਨ ਇਨ੍ਹਾਂ ਦੀ ਸਿਹਤ ਹੌਲੀ-ਹੌਲੀ ਖਰਾਬ ਹੁੰਦੀ ਗਈ ਅਤੇ ਅੱਜ ਉਨ੍ਹਾਂ ਨੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਲਗਭਗ 10 ਵਜੇ ਸਵੇਰੇ ਆਖਰੀ ਸਾਹ ਲਿਆ| 
ਇਸ ਮੌਕੇ ਸ੍ਰ. ਸੁਖਰਾਮ ਸਿੰਘ ਪ੍ਰਧਾਨ ਸਰੀਰਿਕ ਸਿੱਖਿਆ ਐਂਡ ਸਪੋਰਟਸ ਟੀਚਰਜ਼ ਐਸੋਸੀਏਸ਼ਨ (ਰਜ਼ਿ) ਪੰਜਾਬ,  ਜਸਵਿੰਦਰ ਸਿੰਘ ਚਪੜ-ਸੂਬਾ ਸਕੱਤਰ ਅਤੇ ਸਕੱਤਰ-ਜ਼ੋਨ ਖੇਡ            ਕਮੇਟੀ ਘਨੌਰ ਅਤੇ ਸ੍ਰੀ ਦਵਿੰਦਰਪਾਲ ਸ਼ਰਮਾ ਪ੍ਰਧਾਨ ਪੰਜਾਬ ਪ੍ਰਦੇਸ਼ ਟੀਚਰਜ਼ ਯੂਨੀਅਨ ਪੰਜਾਬ ਨੇ ਕਿਹਾ ਕਿ ਸ੍ਰ. ਹਰਮਿੰਦਰ ਸਿੰਘ ਦੇ ਅਕਾਲ ਚਲਾਣੇ ਨਾਲ ਖੇਡ ਜਗਤ ਨੂੰ ਇਹ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ| 
ਇਸ ਦੌਰਾਨ ਸਪੋਰਟਸ                  ਐਸੋਸੀਏਸ਼ਨ ਪੰਜਾਬ ਅਤੇ ਜ਼ੋਨ ਖੇਡ ਕਮੇਟੀ ਘਨੌਰ ਅਤੇ ਗ੍ਰਾਮ ਪੰਚਾਇਤ ਹਰਪਾਲਪੁਰ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਹੈ ਕਿ ਕੋਵਿਡ-19 ਦੀ ਡਿਊਟੀ ਦੌਰਾਨ ਕੋਰੋਨਾ ਮਹਾਂਮਾਰੀ ਕਾਰਨ ਹੋਈ ਬੇਵਕਤੀ ਮੌਤ ਤੇ ਸ੍ਰ. ਹਰਮਿੰਦਰ ਸਿੰਘ ਨੂੰ ਸ਼ਹੀਦ ਦਾ ਦਰਜਾ ਦੇ ਕੇ ਬਣਦਾ ਮਾਣ ਭੱਤਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ| 
ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਹਰਿੰਦਰ ਕੌਰ, ਡਿਪਟੀ ਡੀ.ਈ.ਓ., ਸੁਖਵਿੰਦਰ ਕੁਮਾਰ ਖੋਸਲਾ, ਖੇਡ ਅਫਸਰ ਸ੍ਰ. ਰਾਜਿੰਦਰ ਸਿੰਘ, ਪ੍ਰਿੰਸੀਪਲ ਮੈਡਮ ਬਲਵਿੰਦਰ ਕੌਰ ਹਰਪਾਲਪੁਰ, ਸਮੂਹ ਅਧਿਆਪਕ ਵਰਗ ਅਤੇ ਸਮੂਹ ਅਧਿਆਪਕ ਜਥੇਬੰਦੀਆਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ|

Leave a Reply

Your email address will not be published. Required fields are marked *