ਕੋਰੋਨਾ ਦਾ ਕਹਿਰ : ਸੋਹਾਣਾ ਹਸਪਤਾਲ ਦੇ ਨਰਸਿੰਗ ਸਟਾਫ ਨੂੰ ਕਰੋਨਾ ਹੋਣ ਕਾਰਨ ਹਸਪਤਾਲ ਦੀ ਓਪੀਡੀ ਬੰਦ

ਕੋਰੋਨਾ ਦਾ ਕਹਿਰ : ਸੋਹਾਣਾ ਹਸਪਤਾਲ ਦੇ ਨਰਸਿੰਗ ਸਟਾਫ ਨੂੰ ਕਰੋਨਾ ਹੋਣ ਕਾਰਨ ਹਸਪਤਾਲ ਦੀ ਓਪੀਡੀ ਬੰਦ
ਮੁਹਾਲੀ ਜ਼ਿਲ੍ਹੇ ਵਿੱਚ ਆਏ 12 ਨਵੇਂ ਮਾਮਲੇ, 8 ਮਰੀਜ ਠੀਕ ਹੋ ਕੇ ਘਰ ਪਰਤੇ
ਐਸ ਏ ਐਸ ਨਗਰ, 15 ਜੁਲਾਈ (ਸ.ਬ.) ਕੋਰੋਨਾ ਦੀ ਬਿਮਾਰੀ ਦਾ ਕਹਿਰ ਲਗਾਤਾਰ ਵੱਧ ਰਿਹਾ ਹੈ ਅਤੇ ਇਸਨੇ ਮੈਡੀਕਲ ਸਟਾਫ ਨੂੰ ਵੀ ਆਪਣੀ ਪਕੜ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਹੈ| ਸੋਹਾਣਾ ਵਿੱਚ ਸਥਿਤ ਸ੍ਰੀ ਹਰਿਕ੍ਰਿਸ਼ਨ ਸਾਹਿਬ ਚੈਰੀਟੇਬਲ ਹਸਪਤਾਲ ਦੇ ਤਿੰਨ ਡਾਕਟਰਾਂ ਸਮੇਤ ਕੁਲ 13 ਕਰਮਚਾਰੀ ਕੋਰੋਨਾ ਦੀ ਚਪੇਟ ਵਿੱਚ ਆ ਚੁੱਕੇ ਹਨ| ਇਹਨਾਂ ਵਿੱਚੋਂ 9 ਮਾਮਲੇ ਪਹਿਲਾਂ ਸਾਮ੍ਹਣੇ ਆ ਚੁੱਕੇ ਸਨ ਅਤੇ ਚਾਰ ਮਾਮਲੇ ਹੋਰ ਸਾਮ੍ਹਣੇ ਆਉਣ ਤੋਂ ਬਾਅਦ ਸਿਹਤ ਵਿਭਾਗ ਵਲੋਂ ਹਸਪਤਾਲ  ਦੀ ਓ. ਪੀ. ਡੀ ਨੂੰ ਬੰਦ ਕਰਵਾ ਦਿੱਤਾ ਗਿਆ ਹੈ| 
ਅੱਜ ਸਿਹਤ ਵਿਭਾਗ ਦੀ ਟੀਮ ਵਲੋਂ ਸੋਹਾਣਾ ਹਸਪਤਾਲ ਦੇ ਪ੍ਰਬੰਧਕਾਂ ਨਾਲ ਮੀਟਿੰਗ ਕੀਤੀ ਗਈ ਜਿਸ ਦੌਰਾਨ ਹਸਪਤਾਲ ਦੀ ਓ ਪੀ ਡੀ ਨੂੰ ਬੰਦ ਕਰਵਾ ਦਿੱਤਾ ਗਿਆ ਅਤੇ ਹਸਪਤਾਲ ਵਿੱਚ ਦਾਖਿਲ ਜਿਆਦਾਤਰ ਮਰੀਜਾਂ ਦੀ ਛੁੱਟੀ ਕਰਕੇ ਉਹਨਾਂ ਨੂੰ ਘਰ ਭਿਜਵਾ ਦਿੱਤਾ ਗਿਆ| ਸਿਹਤ ਵਿਭਾਗ ਵਲੋਂ ਸੋਹਾਣਾ ਹਸਪਤਾਲ ਦੇ ਆਈ ਸੀ ਯੂ ਵਾਰਡ ਵਿੱਚ ਦਾਖਲ ਮਰੀਜ਼ਾਂ ਅਤੇ ਉੱਥੇ ਤਾਇਨਾਤ ਸਟਾਫ ਦੇ ਸੈਂਪਲ ਲਏ ਜਾਣਗੇ|
ਸੋਹਾਣਾ ਹਸਪਤਾਲ ਦੇ ਪ੍ਰਸ਼ਾਸ਼ਕ ਸ੍ਰੀ ਆਦੇਸ਼ ਸੂਰੀ ਨੇ ਸੰਪਰਕ ਕਰਨ ਤੇ ਕਿਹਾ ਕਿ ਹਸਪਤਾਲ ਦੀ ਓ ਪੀ ਡੀ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਹਸਪਤਾਲ ਦੀ ਸੈਨੀਟਾਈਜੇਸ਼ਨ ਕੀਤੀ ਜਾ ਰਹੀ ਹੈ| ਉਹਨਾਂ ਦੱਸਿਆ ਕਿ ਪਹਿਲਾਂ ਹਸਪਤਾਲ ਦੇ ਸਟਾਫ ਵਿੱਚੋਂ 9 ਦੀ ਰਿਪੋਰਟ ਪਾਜਿਟਿਵ ਆਈ ਸੀ ਅਤੇ ਹੁਣ ਚਾਰ ਹੋਰ ਪਾਜਿਟਿਵ ਆਏ ਹਨ| ਉਹਨਾਂ ਕਿਹਾ ਕਿ ਹਸਪਤਾਲ ਵਲੋਂ ਸਿਹਤ ਵਿਭਾਗ ਦੀਆਂ ਹਿਦਾਇਤਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਜਾ ਰਹੀ ਹੈ ਅਤੇ ਮਰੀਜਾਂ ਦਾ ਪੂਰੀ ਸਾਵਧਾਨੀ ਨਾਲ ਇਲਾਜ ਕੀਤਾ ਜਾ ਰਿਹਾ ਹੈ| 
ਇਸ ਦੌਰਾਨ ਅੱਜ ਜਿਲ੍ਹੇ ਵਿੱਚ 12 ਹੋਰ ਨਵੇਂ ਮਰੀਜ ਸਾਮ੍ਹਣੇ ਆਏ ਹਨ ਜਦੋਂਕਿ ਪਹਿਲਾਂ ਤੋਂ ਦਾਖਿਲ ਅੱਠ ਮਰੀਜਾਂ ਨੂੰ ਅੱਜ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ| ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਿਯਾਲਨ ਨੇ ਦੱਸਿਆ ਕਿ ਜਿਲ੍ਹੇ ਵਿੱਚ ਪਾਜਿਟਿਵ ਕੇਸਾਂ ਦੀ  ਗਿਣਤੀ 456 ਹੋ ਗਈ ਹੈ ਜਿਸ ਵਿੱਚੋਂ 287 ਮਰੀਜ ਠੀਕ ਹੋ ਕੇ ਘਰ ਪਰਤ ਗਏ ਹਨ ਜਦੋਂਕਿ 162 ਐਕਟਿਵ ਕੇਸ ਹਨ ਅਤੇ 9 ਦੀ ਮੌਤ ਹੋ ਚੁੱਕੀ ਹੈ|

Leave a Reply

Your email address will not be published. Required fields are marked *