ਕੋਰੋਨਾ ਦੀ ਬਲੀ ਚੜਿਆ ਫੇਜ਼ 3 ਬੀ 2 ਮਾਰਕੀਟ ਦਾ ਜਨਰਲ ਸਕੱਤਰ ਗੁਰਪ੍ਰੀਤ ਸਿੰਘ

ਐਸ.ਏ.ਐਸ. ਨਗਰ, 4 ਸਤੰਬਰ (ਸ.ਬ.) ਕੋਰੋਨਾ ਦੀ ਮਹਾਮਾਰੀ ਨੇ ਬੀਤੀ ਰਾਤ ਸਥਾਨਕ ਫੇਜ਼ 3ਬੀ2  ਦੀ ਮਾਰਕੀਟ ਦੇ ਜਨਰਲ ਸਕੱਤਰ ਸ੍ਰ. ਗੁਰਪ੍ਰੀਤ ਸਿੰਘ ਦੀ ਵੀ ਬਲੀ ਲੈ ਲਈ ਅਤੇ ਹੱਸਦਾ ਖੇਡਦਾ ਮਿਲਣਸਾਰ ਗੁਰਪ੍ਰੀਤ ਸਿੰਘ ਇਸ ਬਿਮਾਰੀ ਕਾਰਨ ਸਦਾ ਲਈ ਆਪਣਿਆਂ ਤੋਂ ਦੂਰ ਚਲਾ ਗਿਆ| 
ਫੇਜ਼ 3 ਬੀ 2 ਦੇ ਸਾਬਕਾ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਦੱਸਿਆ ਕਿ ਪਿਛਲੇ ਹਫਤੇ ਖਾਂਸੀ ਅਤੇ ਸਾਹ ਚੜ੍ਹਣ ਦੀ ਸ਼ਿਕਾਇਤ ਹੋਣ ਤੇ ਗੁਰਪ੍ਰੀਤ ਸਿੰਘ ਖੁਦ ਕਾਰ ਚਲਾ ਕੇ ਆਪਣਾ ਚੈਕਅੱਪ ਕਰਵਾਉਣ ਲਈ ਫੇਜ਼ 6 ਦੇ ਸਿਵਲ ਹਸਪਤਾਲ ਗਿਆ ਸੀ ਅਤੇ ਉੱਥੇ ਉਸਦਾ ਕੋਰੋਨਾ ਦਾ ਟੈਸਟ ਪਾਜਿਟਿਵ ਆਉਣ ਤੇ ਉਸਨੂੰ ਬਨੂੜ ਨੇੜੇ ਗਿਆਨ ਸਾਗਰ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਸੀ ਜਿੱਥੇ ਉਸਦੀ ਤਬੀਅਤ ਜਿਆਦਾ ਖਰਾਬ ਹੋਣ ਕਾਰਨ ਵੈਂਟੀਲੇਟਰ ਤੇ ਰੱਖਿਆ ਗਿਆ ਸੀ ਅਤੇ ਬੀਤੀ ਰਾਤ ਉਹ ਆਪਣੀ ਜਿੰਦਗੀ ਦੀ ਜੰਗ ਹਾਰ ਗਿਆ| 
ਗੁਰਪ੍ਰੀਤ ਸਿੰਘ ਆਪਣੇ ਪਰਿਵਾਰ ਦਾ ਇਕਲੌਤਾ ਕਮਾਉਣ ਵਾਲਾ ਸੀ|  1984 ਵਿੱਚ ਹੋਏ ਦਿੱਲੀ ਦੰਗਿਆਂ ਦੌਰਾਨ (ਜਦੋਂ ਉਹ ਢਾਈ ਸਾਲ ਦਾ ਸੀ) ਉਸਦੇ ਪਿਤਾ ਦੰਗਾਕਾਰੀਆਂ ਦਾ ਸ਼ਿਕਾਰ ਹੋ ਗਏ ਸਨ ਅਤੇ ਉਸਦੀ ਮਾਤਾ ਉਸਨੂੰ ਲੈ ਕੇ ਮੁਹਾਲੀ ਆ ਕੇ ਰਹਿਣ ਲੱਗ ਗਏ ਸਨ| ਕਿਸਮਤ ਦੀ ਮਾਰ ਹੈ ਕਿ ਹੁਣ ਜਦੋਂ ਗੁਰਪ੍ਰੀਤ ਨੂੰ ਕੋਰੋਨਾ ਨੇ ਡੰਗਿਆ ਹੈ ਤਾਂ ਉਸਦਾ ਬੱਚਾ ਵੀ ਢਾਈ ਕੁ ਸਾਲ ਦਾ ਹੀ  ਹੈ|
ਗੁਰਪ੍ਰੀਤ ਸਿੰਘ ਦਾ ਅੰਤਮ ਸਸਕਾਰ ਅੱਜ ਮੁਹਾਲੀ ਦੇ ਬਿਜਲਈ ਸਮਸ਼ਾਨ ਘਾਟ ਵਿੱਚ ਕੀਤਾ ਗਿਆ| ਫੇਜ਼ 3 ਬੀ 2 ਦੀ ਮਾਰਕੀਟ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰ. ਜਤਿੰਦਰਪਾਲ ਸਿੰਘ ਜੇ.ਪੀ. ਨੇ ਦੱਸਿਆ ਕਿ ਇਸਤੋਂ ਪਹਿਲਾਂ ਫੇਜ਼ 3 ਬੀ 2 ਦੇ ਸਮੂਹ ਦੁਕਾਨਦਾਰਾਂ ਵਲੋਂ ਦੁਪਹਿਰ 12 ਵਜੇ ਤਕ ਆਪਣੀਆਂ ਦੁਕਾਨਾਂ ਬੰਦ ਰੱਖੀਆਂ ਤੇ ਗ੍ਰਰਪ੍ਰੀਤ ਦੀ ਬੇਵਕਤੀ ਮੌਤ ਤੇ ਉਸਨੂੰ ਸ਼ਰਧਾਂਜਲੀ ਦੇਣ ਲਈ ਦੁਕਾਨਦਾਰਾਂ ਵਲੋਂ ਮਿਲ ਕੇ ਮੂਲ ਮੰਤਰ ਦਾ ਪਾਠ ਕਰਕੇ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ|

Leave a Reply

Your email address will not be published. Required fields are marked *