ਕੋਰੋਨਾ ਦੇ ਖਤਰੇ ਦੇ ਬਾਵਜੂਦ ਆਮ ਵਰਗੀ ਹੋ ਗਈ ਜਿੰਦਗੀ


ਐਸ ਏ ਐਸ ਨਗਰ, 11 ਨਵੰਬਰ (ਸ.ਬ.) ਪੰਜਾਬ ਸਮੇਤ ਪੂਰੇ ਦੇਸ਼ ਵਿੱਚ ਭਾਵੇਂ ਅਜੇ ਤਕ ਕੋਰੋਨਾ ਮਹਾਂਮਾਰੀ ਉਪਰ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਪਰੰਤੂ ਹੁਣ ਹੌਲੀ ਹੌਲੀ (ਕੋਰੋਨਾ ਮਹਾਂਮਾਰੀ ਦੇ ਖਤਰੇ ਦੇ ਬਾਵਜੂਦ) ਜਿੰਦਗੀ ਆਮ ਵਰਗੀ ਹੁੰਦੀ ਜਾ ਰਹੀ ਹੈ| ਲਾਕਡਾਊਨ ਕਾਰਨ ਲੰਮਾਂ ਸਮਾਂ ਬੰਦ ਰਹੇ ਲੋਕਾਂ ਦੇ ਕਾਰੋਬਾਰ ਜਿੱਥੇ  ਮੁੜ ਸ਼ੁਰੂ ਹੋ ਗਏ ਹਨ, ਉਥੇ ਵੱਖ- ਵੱਖ ਕੰਪਨੀਆਂ ਵਲੋਂ ਵੀ ਕੋਰੋਨਾ ਮਹਾਂਮਾਰੀ ਦੇ ਸ਼ੁਰੂਆਤੀ ਦੌਰ ਵਿੱਚ ਛਾਂਟੀ ਕੀਤੇ ਆਪਣੇ ਕਰਮਚਾਰੀਆਂ ਨੂੰ ਵਾਪਸ ਨੌਕਰੀਆਂ ਉਪਰ ਬੁਲਾਉਣਾ ਆਰੰਭ ਕਰ ਦਿਤਾ ਹੈ|
ਇਸ ਦੌਰਾਨ ਭਾਵੇਂ ਮੰਦੀ ਦੀ ਮਾਰ ਝੱਲ ਰਹੇ ਕਾਰੋਬਾਰੀ ਹੁਣ ਤਕ ਸੰਭਲ ਨਹੀਂ ਪਾਏ ਹਨ ਅਤੇ ਪਰੰਤੂ ਬਾਜਾਰਾਂ ਵਿੱਚ ਲੋਕਾਂ ਦੀ ਆਮਦ ਨਾਲ ਉਹਨਾਂ ਦੀ ਦੁਕਾਨਦਾਰੀ ਵੀ ਸੰਭਾਲਣ ਲੱਗ ਗਈ ਹੈ| ਇਸੇ ਤਰ੍ਹਾਂ ਪੰਜਾਬ ਦੇ ਪੇਂਡੂ              ਖੇਤਰਾਂ ਦੇ ਖੇਤਾਂ ਵਿੱਚ ਝੋਨੇ ਦੀ ਕਟਾਈ ਅਤੇ ਫਸਲ ਦੀ ਸਾਂਭ ਸੰਭਾਲ ਦੌਰਾਨ ਬਿਹਾਰੀ ਤੇ ਯੂ ਪੀ ਦੇ ਮਜਦੂਰ ਵੀ ਕੰਮ ਕਰਦੇ ਦਿਖਣ ਲੱਗ ਗਏ ਹਨ| ਇੱਥੇ ਇਹ ਜਿਕਰਯੋਗ ਹੈ ਕਿ ਕੋਰੋਨਾ ਮਹਾਮਾਰੀ ਦੇ ਸ਼ੁਰੂਆਤੀ ਦੌਰ ਵਿੱਚ ਪੰਜਾਬ ਸਮੇਤ ਭਾਰਤ ਦੇ ਵੱਖ ਵੱਖ ਰਾਜਾਂ ਵਿਚੋਂ ਲੱਖਾਂ ਬਿਹਾਰੀ ਅਤੇ ਯੂ ਪੀ ਦੇ  ਮਜਦੂਰ ਆਪਣੇ ਪਿਤਰੀ ਰਾਜਾਂ ਨੂੰ ਪਰਤ ਗਏ ਸਨ, ਜਿਹਨਾਂ ਵਿਚੋਂ ਵੱਡੀ ਗਿਣਤੀ ਮਜਦੂਰ ਮੁੜ ਆਪਣੀਆਂ ਪਹਿਲਾਂ ਵਾਲੀਆਂ ਕੰਮ ਵਾਲੀਆਂ ਥਾਵਾਂ ਉਪਰ ਵਾਪਸ ਪਰਤਣੇ ਸ਼ੁਰੂ ਹੋ ਗਏ ਹਨ|
ਪੰਜਾਬ ਵਿੱਚ ਚਲ ਰਹੇ ਝੋਨੇ ਦੀ ਕਟਾਈ ਦੇ ਸੀਜਣ ਦੀ ਸ਼ੁਰੂਆਤ ਮੌਕੇ ਯੂ ਪੀ ਬਿਹਾਰ ਤੋਂ ਮਜਦੂਰਾਂ ਨੂੰ ਝੋਨੇ ਦੀ ਕਟਾਈ ਲਈ ਸਪੈਸ਼ਲ ਬੱਸਾਂ ਰਾਹੀਂ ਯੂ ਪੀ ਅਤੇ ਬਿਹਾਰ ਤੋਂ ਪੰਜਾਬ ਲਿਆਂਦਾ ਗਿਆ ਸੀ ਅਤੇ ਇਸ ਸਭ ਵਿੱਚ  ਭਾਵੇਂ ਟਰਾਂਸਪੋਰਟਰਾਂ ਨੇ ਚੰਗੀ ਕਮਾਈ ਵੀ ਕੀਤੀ| ਇਸਦੇ ਨਾਲ ਹੀ ਸਪੈਸ਼ਲ ਬੱਸਾਂ ਰਾਹੀਂ ਬਿਹਾਰ ਅਤੇ ਯੂ ਪੀ ਦੇ ਮਜਦੂਰਾਂ ਦੇ ਵਾਪਸ ਆਉਣ ਕਾਰਨ ਕਿਸਾਨਾਂ ਨੂੰ ਝੋਨੇ ਦੀ ਕਟਾਈ ਵਿੱਚ ਕੋਈ ਖਾਸ ਮੁਸ਼ਕਿਲ ਨਹੀਂ ਆਈ| 
ਬਿਹਾਰ ਵਿੱਚ ਪਿਛਲੇ ਦਿਨਾਂ ਦੌਰਾਨ ਜਿਵੇਂ ਜਿਵੇਂ ਤਿੰਨ ਪੜਾਵਾਂ ਵਿੱਚ ਵਿਧਾਨ ਸਭਾ ਲਈ ਵੋਟਾਂ ਪਂੈਦੀਆਂ ਗਈਆਂ, ਉਵੇਂ ਹੀ ਬਿਹਾਰੀ ਮਜਦੂਰ ਮੁੜ ਆਪੋ ਆਪਣੀਆਂ ਕੰਮ ਵਾਲੀਆਂ ਥਾਵਾਂ ਉਪਰ ਪਰਤਦੇ ਰਹੇ, ਜਿਸਦਾ ਸਬੂਤ ਵੱਖ ਵੱਖ  ਸ਼ਹਿਰਾਂ ਅਤੇ ਕਸਬਿਆਂ ਵਿੱਚ ਵੱਧ ਰਹੀ ਬਿਹਾਰੀ ਮਜਦੂਰਾਂ ਦੀ ਗਿਣਤੀ ਤੋਂ ਮਿਲ ਜਾਂਦਾ ਹੈ| 
ਕੋਰੋਨਾ ਮਹਾਂਮਾਰੀ ਦੇ ਮਾਰੂ ਪ੍ਰਭਾਵਾਂ ਦੇ ਬਾਵਜੂਦ  ਕੰਮ ਕਾਰ ਮੁੜ ਰੁੜ ਪਏ ਹਨ, ਭਾਵੇਂਕਿ ਅਜੇ ਵੀ ਦੁਕਾਨਦਾਰ ਅਤੇ ਵਪਾਰੀ ਮੰਦੀ ਦੀ ਮਾਰ ਹੇਠ ਹਨ ਪਰੰਤੂ ਫਿਰ ਵੀ ਕਾਰੋਬਾਰਾਂ ਵਿੱਚ ਲਾਕਡਾਉਨ ਦੌਰਾਨ ਆਈ ਖੜੌਤ ਟੁੱਟਣੀ ਸ਼ੁਰੂਹੋ ਗਈ ਹੈ ਅਤੇ ਦਿਵਾਲੀ ਵਾਲੇ ਦਿਨ ਤਕ ਕਾਰੋਬਾਰਾਂ ਵਿੱਚ ਹੋਰ ਵਾਧਾ ਹੋਣ ਦੇ ਆਸਾਰ ਹਨ| ਦੁਕਾਨਦਾਰਾਂ ਨੂੰ ਵੀ ਇਹ ਗਲ ਚੰਗੀ ਤਰਾਂ ਪਤਾ ਹੈ ਕਿ ਭਾਰਤੀ ਲੋਕਾਂ ਦੀ ਮਾਨਸਿਕਤਾ ਹੈ ਕਿ ਉਹ ਤਿਉਹਾਰੀ ਸੀਜਣ ਵਿੱਚ ਖਰੀਦਦਾਰੀ ਜਰੂਰ ਕਰਦੇ ਹਨ ਅਤੇ ਉਹਨਾਂ ਵਲੋਂ ਵੀ ਆਪਣੀਆਂ ਦੁਕਾਨਾਂ ਸਜਾ ਦਿੱਤੀਆਂ ਗਈਆਂ ਹਨ| ਹਾਲਾਕਿ ਇਸ ਵਾਰ ਤਿਉਹਾਰੀ ਸੀਜਨ ਦੇ ਸ਼ੁਰੂ ਹੋਣ ਮੌਕੇ ਖਰੀਦਦਾਰੀ ਕਰਨ ਵਾਲੇ ਲੋਕਾਂ ਦੀ ਆਮਦ ਘੱਟ ਰਹੀ ਹੈ ਪਰ ਹੁਣ ਵੱਖ ਵੱਖ ਮਾਰਕੀਟਾਂ ਵਿੱਚ ਦੁਕਾਨਾਂ ਤੇ ਖਰੀਦਦਾਰੀ ਕਰਨ ਵਾਲਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ, ਜੋ ਕਿ ਦਿਵਾਲੀ ਵਾਲੇ ਦਿਨ ਤਕ ਹੋਰ ਵੀ ਵਧ ਜਾਣ ਦੇ ਆਸਾਰ ਹਨ| 

Leave a Reply

Your email address will not be published. Required fields are marked *