ਕੋਰੋਨਾ ਦੇ ਵੱਧ ਰਹੇ ਮਾਮਲਿਆਂ ਕਾਰਨ ਸਰਕਾਰ ਫਿਰ ਹੋਈ ਸਖਤ, ਦੇਸ਼ ਵਿੱਚ ਫਿਰ ਤਾਲਾਬੰਦੀ ਦੇ ਆਸਾਰ


ਨਵੀਂ ਦਿੱਲੀ, 20 ਨਵੰਬਰ (ਸ.ਬ.) ਦੇਸ਼ ਵਿੱਚ ਕੋਵਿਡ-19 ਦੇ ਇਕ ਦਿਨ ਦੇ ਅੰਦਰ 45,882 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਮਰੀਜ਼ਾਂ ਦੀ ਕੁੱਲ ਗਿਣਤੀ 90 ਲੱਖ ਤੋਂ ਵੱਧ ਹੋ ਗਈ ਹੈ| ਸਵੇਰੇ ਅੱਠ ਵਜੇ ਦੇ ਅੰਕੜਿਆਂ ਦੇ ਮੁਤਾਬਕ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਕੁੱਲ 90,04,365 ਮਾਮਲੇ ਹੋ ਗਏ ਹਨ| 24 ਘੰਟਿਆਂ ਦੇ ਅੰਦਰ 584 ਲੋਕਾਂ ਦੀ ਮੌਤ ਹੋਈ, ਜਿਸ ਦੇ ਕਾਰਨ ਮ੍ਰਿਤਕਾਂ ਦੀ ਗਿਣਤੀ ਵਧ ਕੇ 1,32,162 ਹੋ ਗਈ| ਰਾਸ਼ਟਰੀ ਰਾਜਧਾਨੀ ਨਵੀਂ ਦਿੱਲੀ, ਅਹਿਮਦਾਬਾਦ ਅਤੇ ਇੰਦੌਰ ਵਰਗੇ ਸ਼ਹਿਰਾਂ ਵਿੱਚ ਕੋਰੋਨਾ ਲਾਗ ਦੇ ਵੱਧਦੇ ਮਾਮਲਿਆਂ ਤੋਂ ਬਾਅਦ ਸਰਕਾਰ ਇਕ ਵਾਰ ਫਿਰ ਸਖ਼ਤੀ ਕਰਦੀ ਦਿਖਾਈ ਦੇ ਰਹੀ ਹੈ| ਦੇਸ਼ ਵਿੱਚ ਵੱਧਦੇ ਕੋਰੋਨਾ ਸੰਕਟ ਵਿੱਚ ਇਕ ਵਾਰ ਫਿਰ ਤੋਂ ਲਾਕਡਾਊਨ ਦੀ ਚਰਚਾ ਤੇਜ਼ ਹੋ ਗਈ ਹੈ| ਕਈ ਖਬਰਾਂ ਅਜਿਹੀਆਂ ਆ ਰਹੀਆਂ ਹਨ ਕਿ ਦੇਸ਼ ਵਿੱਚ ਇਕ ਵਾਰ ਫ਼ਿਰ ਲਾਕਡਾਊਨ ਲਗਾਉਣ ਦੀ ਤਿਆਰੀ ਚੱਲ ਰਹੀ ਹੈ| ਸੋਸ਼ਲ ਮੀਡੀਆ ਤੇ ਅਜਿਹੀਆਂ ਖ਼ਬਰਾਂ ਚੱਲ ਰਹੀਆਂ ਹਨ ਕਿ ਦੇਸ਼ ਵਿੱਚ 1 ਦਸੰਬਰ ਤੋਂ ਫਿਰ ਤੋਂ ਲਾਕਡਾਊਨ ਲਗਾਇਆ ਜਾ ਸਕਦਾ ਹੈ|
ਗੁਜਰਾਤ ਦੇ ਅਹਿਮਦਾਬਦ ਸ਼ਹਿਰ ਵਿੱਚ ਕੋਰੋਨਾ ਵਾਇਰਸ ਲਾਗ ਦੇ ਪ੍ਰਸਾਰ ਨੂੰ ਰੋਕਣ ਲਈ ਅੱਜ ਤੋਂ ਨਿਗਮ ਸੀਮਾ ਦੇ ਨੇੜੇ 57 ਘੰਟੇ ਦਾ ਕਰਫਿਊ ਲਗਾਉਣ ਦਾ ਫੈਸਲਾ ਲਿਆ ਗਿਆ ਹੈ| ਇਸ ਵਿੱਚ ਇਕ ਮੀਮੋ ਵਿੱਚ ਕਿਹਾ ਗਿਆ ਹੈ ਕਿ ਮੌਜੂਦਾ ਹਾਲਾਤ ਦੇ ਮੱਦੇਨਜ਼ਰ ਗੁਜਰਾਤ ਸਰਕਾਰ ਨੇ ਸੂਬੇ ਵਿੱਚ 23 ਨਵੰਬਰ ਤੋਂ ਮੱਧ ਸਕੂਲ ਅਤੇ ਕਾਲਜ ਖੋਲ੍ਹਣ ਦੇ ਆਪਣੇ ਫ਼ੈਸਲੇ ਤੇ ਰੋਕ ਲਗਾ ਦਿੱਤੀ ਹੈ| ਅਧਿਕਾਰੀਆਂ ਨੇ ਕਿਹਾ ਕਿ ਅਹਿਮਦਾਬਾਦ ਸ਼ਹਿਰ ਵਿੱਚ ਅੱਜ ਰਾਤ 9 ਵਜੇ ਤੋਂ ਕਰਫ਼ਿਊ ਸ਼ੁਰੂ ਹੋਵੇਗਾ, ਜੋ ਸੋਮਵਾਰ (23)              ਸਵੇਰੇ ਛੇ ਵਜੇ ਤੱਕ ਜਾਰੀ ਰਹੇਗਾ| ਵਧੀਕ ਮੁੱਖ ਸਕੱਤਰ ਰਾਜੀਵ ਕੁਮਾਰ ਗੁਪਤਾ ਨੇ ਕਿਹਾ ਕਿ ਇਸ ਪੂਰਨ ਕਰਫ਼ਿਊ ਦੌਰਾਨ ਸਿਰਫ ਦੁੱਧ ਅਤੇ ਦਵਾਈ ਦੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ| ਸ੍ਰੀ ਗੁਪਤਾ ਨੂੰ ਗੁਜਰਾਤ ਸਰਕਾਰ ਨੇ ਵਿਸ਼ੇਸ਼ ਕਾਰਜਕਾਰੀ ਨਿਯੁਕਤ ਕੀਤਾ ਹੈ ਅਤੇ ਉਨ੍ਹਾਂ ਦਾ ਕੰਮ ਅਹਿਮਦਾਬਾਦ ਨਗਰ ਪਾਲਿਕਾ ਦੇ ਕੋਰੋਨਾ ਵਾਇਰਸ ਲਾਗ ਸਬੰਧੀ ਕੰਮਕਾਜ ਦੀ ਨਿਗਰਾਨੀ ਕਰਨਾ ਹੈ| ਉਹਨਾਂ ਨੇ ਸ਼ਾਮ ਨੂੰ ਘੋਸ਼ਣਾ ਕੀਤੀ ਸੀ ਕਿ ਅੱਜ ਤੋਂ ਅਗਲੇ ਹੁਕਮ ਤੱਕ ਰੋਜ਼ਾਨਾ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਰਾਤ ਕਰਫ਼ਿਊ ਲਾਗੂ               ਰਹੇਗਾ| ਹਾਲਾਂਕਿ ਇਸ ਤੋਂ ਕੁੱਝ ਘੰਟਿਆਂ ਬਾਅਦ ਹੀ ਉਹਨਾਂ ਕਿਹਾ ਕਿ ਅੱਜ ਰਾਤ ਤੋਂ ਸੋਮਵਾਰ ਸਵੇਰ ਤੱਕ ਪੂਰਨ ਕਰਫ਼ਿਊ ਲਾਗੂ ਹੋਵੇਗਾ| ਉਨ੍ਹਾਂ ਨੇ ਸਪੱਸ਼ਟ ਕੀਤਾ ਹੈ ਕਿ ਰਾਤ ਕਰਫ਼ਿਊ ਸ਼ਹਿਰ ਵਿੱਚ ਸੋਮਵਾਰ ਰਾਤ ਨੌ ਵਜੇ ਤੋਂ ਸ਼ੁਰੂ ਹੋਵੇਗਾ|
ਉੱਥੇ ਕੋਰੋਨਾ ਕਹਿਰ ਵਿੱਚ ਦੇਸ਼ ਦੇ ਕੁੱਝ ਇਲਾਕੇ ਅਜਿਹੇ ਹਨ ਜਿੱਥੇ ਸਕੂਲ ਖੋਲ੍ਹਣ ਦੀ ਇਜਾਜ਼ਤ ਮਿਲਣ ਦੇ ਬਾਵਜੂਦ ਵੀ ਲਾਗ ਦੇ ਵੱਧਦੇ ਮਾਮਲਿਆਂ ਵਿੱਚ ਸਰਕਾਰ ਨੂੰ ਫ਼ਿਰ ਤੋਂ ਸਕੂਲ ਬੰਦ ਕਰਨ ਦਾ ਫ਼ੈਸਲਾ ਲੈਣਾ ਪਿਆ| ਦਰਅਸਲ ਕੇਂਦਰ ਸਰਕਾਰ ਨੇ ਅਨਲਾਕ ਦੇ ਤਹਿਤ ਮਿਜ਼ੋਰਮ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਅਤੇ ਹਰਿਆਣਾ ਵਰਗੇ ਸੂਬਿਆਂ ਵਿੱਚ ਸਕੂਲ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਸੀ| ਸੂਬਾ ਸਰਕਾਰ ਨੇ ਜਿੱਥੇ 9ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਲਈ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਗਈ ਸੀ| ਨਾਲ ਹੀ ਇੱਥੇ ਕਾਲਜ ਅਤੇ ਯੂਨੀਵਰਸਿਟੀਆਂ ਵੀ ਸ਼ੂਰੂ ਕਰ ਦਿੱਤੀਆਂ ਗਈਆਂ ਸਨ ਪਰ ਸਕੂਲ ਅਤੇ ਕਾਲਜ ਸ਼ੁਰੂ ਹੁੰਦੇ ਹੀ ਇੱਥੇ ਵਿਦਿਆਰਥੀਆਂ ਵਿੱਚ ਲਾਗ ਦੇ ਵੱਧਦੇ ਮਾਮਲਿਆਂ ਨੇ ਸਰਕਾਰ ਨੂੰ ਆਪਣਾ ਫ਼ੈਸਲਾ ਵਾਪਸ ਲੈਣ ਦੇ ਲਈ ਮਜ਼ਬੂਰ ਕਰ ਦਿੱਤਾ ਹੈ| ਹੁਣ ਇਨ੍ਹਾਂ ਸਾਰੇ ਸੂਬਿਆਂ ਵਿੱਚ ਸਕੂਲ ਕਾਲਜ ਫ਼ਿਰ ਤੋਂ ਬੰਦ ਕਰ ਦਿੱਤੇ ਗਏ ਹਨ|

Leave a Reply

Your email address will not be published. Required fields are marked *