ਕੋਰੋਨਾ ਦੌਰਾਨ ਮਾਨਸਿਕ ਸਥਿਤੀ ਨੂੰ ਉਸਾਰੂ ਪੱਧਰ ਤੇ ਲਿਆਉਣਾ


ਕੋਰੋਨਾ ਮਹਾਂਮਾਰੀ ਕਾਰਨ ਚੱਲ ਰਹੀ ਘੇਰਾਬੰਦੀ ਨੇ ਸਮਾਜ ਨੂੰ ਲੰਮਾ ਸਮਾਂ ਘਰਾਂ ਵਿਚ ਬੈਠਣ ਲਈ ਮਜਬੂਰ ਕੀਤਾ ਹੈ| ਅਜਿਹੇ ਹਾਲਾਤ ਵਿਚ ਸਾਡਾ ਸਮਾਜ ਵਿਸ਼ੇਸ਼ ਆਰਥਿਕ ਅਤੇ ਮਾਨਸਿਕ ਪ੍ਰਸਥਿਤੀਆਂ ਵੱਲ ਧੱਕਿਆ ਗਿਆ, ਜਿਸ ਨਾਲ ਪਰਿਵਾਰਾਂ ਵਿਚ ਤਣਾਅ, ਚਿੰਤਾ ਅਤੇ ਅਸਹਿਣਸ਼ੀਲਤਾ ਦੇ ਕਈ ਪੱਖ ਉਭਰ ਕੇ ਸਾਹਮਣੇ ਆਏ ਹਨ| ਇਸ ਲਾਕਡਾਊਨ ਤੇ ਕਰਫਿਊ ਦੌਰਾਨ ਮਨੁੱਖ ਦੇ ਸੁਭਾਅ, ਵਿਵਹਾਰ ਆਦਿ ਵਿਚ ਅਹਿਮ ਤਬਦੀਲੀਆਂ ਵੇਖੀਆਂ ਗਈਆਂ ਹਨ| ਇਨ੍ਹਾਂ ਦਿਨਾਂ ਦੌਰਾਨ ਜਿੱਥੇ ਸਮਾਜ ਵਿਚ ਹਰ ਤਰ੍ਹਾਂ ਦੇ ਜੁਰਮ ਦਾ ਗਰਾਫ ਡਿੱਗਿਆ ਹੈ, ਉਥੇ ਵੱਖ ਵੱਖ ਸੂਬਿਆਂ ਵਿਚ ਔਰਤਾਂ ਖਿਲਾਫ ਘਰੇਲੂ ਹਿੰਸਾ ਦੇ ਸਭ ਤੋਂ ਵੱਧ ਮਾਮਲੇ ਆਨ ਲਾਈਨ ਜਾਂ ਟੈਲੀਫੋਨ ਤੇ ਦਰਜ ਹੋਏ ਹਨ| ਇਸ ਤੋਂ ਇਕ ਗੱਲ ਸਾਫ਼ ਹੁੰਦੀ ਹੈ ਕਿ ਮਨੁੱਖ ਜਬਰੀ ਥੋਪੀ ਗਈ ਇਸ ਕੈਦ ਵਿਚ ਮਾਨਸਿਕ ਤੌਰ ਤੇ ਸੰਭਲ ਕੇ ਨਹੀਂ ਰਹਿ ਸਕਿਆ ਕਿਉਂ ਕਿ ਉਸਦੀਆਂ ਘਰੋਂ ਬਾਹਰੀ ਸਰਗਰਮੀ ਸਮੇਤ ਕਮਾਈ ਕਰਨ ਦੀਆਂ                    ਜਿੰਮੇਵਾਰੀਆਂ ਵੱਲ ਉਹ ਜਾ ਨਹੀਂ ਸਕਿਆ| 24 ਘੰਟੇ ਘਰ ਸਮਾਂ ਬਤੀਤ ਕਰਨਾ ਥੋੜੇ ਦਿਨ ਤਾਂ ਉਨਾਂ ਲਈ ਚੰਗਾ ਰਿਹਾ ਪਰ ਜਿਉਂ ਜਿਉਂ ਸਮਾਂ ਲੰਘਦਾ ਗਿਆ, ਘਰ ਵਿਚ ਮਾਨਸਿਕ ਗੁੰਝਲਾਂ, ਰੋਜਾਨਾ ਕਾਰ-ਵਿਹਾਰ ਵਿਚ ਕੋਈ ਤਬਦੀਲੀ ਨਾ ਆਉਣ ਕਰਕੇ ਅਤੇ ਖਾਣਾ ਖਾਣ ਤੇ ਟੀਵੀ, ਮੋਬਾਇਲ ਆਦਿ ਨੂੰ ਲੈ ਕੇ ਆਪਣੀਆਂ ਆਪਣੀਆ ਤਰਜੀਹਾਂ ਸਦਕਾ ਸੁਭਾਅ ਵਿਚ ਅਸ਼ਾਂਤੀ ਤੇ ਗੁੱਸਾ ਮੱਲੋ ਮੱਲੀ ਆ ਗਿਆ|
ਸਭ ਤੋਂ ਵੱਧ ਸਮੱਸਿਆ ਜੋ ਸਾਡੇ ਸਮਾਜ ਵਿਚ ਆਈ ਹੈ,  ਉਹ ਮਾਮੂਲੀ ਘਰੇਲੂ ਝਗੜਿਆਂ, ਲੜਾਈਆਂ ਅਤੇ ਮਾਨਸਿਕ ਤਣਾਅ ਵਿਚ ਪ੍ਰੇਸ਼ਾਨ ਹੋ ਰਹੇ ਪਰਿਵਾਰਾਂ ਦੀ ਹੈ| ਇਸ ਘਰੇਲੂ ਤਣਾਅ ਦਾ ਸਭ ਤੋਂ ਵੱਧ ਸ਼ਿਕਾਰ ਪਰਿਵਾਰ ਦੇ ਔਰਤਾਂ ਅਤੇ ਬੱਚੇ ਹੋ ਰਹੇ ਹਨ| ਇਸ ਸਮੱਸਿਆ ਨੂੰ ਨਿੱਜੀ ਤੌਰ ਤੇ ਕਿਸੇ ਦੇ ਧਰਮ, ਜਾਤ ਅਤੇ ਰੰਗ ਨਸਲ ਨਾਲ ਜੋੜ ਕੇ ਲੋੜੀਂਦੀ ਸ਼ਹਿਣਸੀਲਤਾ ਨੂੰ ਖਤਮ ਕੀਤਾ ਜਾ ਰਿਹਾ ਹੈ| ਚੀਨ ਦੇ ਵੂਹਾਨ ਸ਼ਹਿਰ ਤੋਂ ਫੈਲੇ ਇਸ ਵਾਇਰਸ ਕਰਕੇ ਸਾਡੇ ਦੇਸ਼ ਵਿਚ ਇਕ ਖਾਸ ਵਰਗ ਨੂੰ ਇਸਦੇ ਫੈਲਾਉਣ ਲਈ ਜਿੰਮੇਵਾਰ ਦੱਸਿਆ ਗਿਆ ਜਿਸ ਨਾਲ ਇਸ ਸਮਾਜ ਵਿਚ ਵੀ ਤਣਾਅ ਵਧਿਆ ਹੈ ਅਤੇ  ਆਪਸੀ ਭਾਈਚਾਰਕ ਸਾਂਝ ਨੂੰ ਸੱਟ ਵੱਜੀ ਹੈ| ਜਿੱਥੇ ਪੂਰਾ ਸੰਸਾਰ ਇਸ ਮਹਾਂਮਾਰੀ ਤੋਂ ਛੁਟਕਾਰਾ ਪਾਉਣ ਲਈ ਹਰ ਹੀਲਾ ਵਸੀਲਾ ਵਰਤ ਰਿਹਾ ਹੈ, ਉਥੇ ਸਾਡੇ ਦੇਸ਼ ਵਿਚ ਜਿਸਦੀ ਅਬਾਦੀ ਦੂਨੀਆ ਵਿਚ ਚੀਨ ਤੋਂ ਬਾਅਦ ਸਭ ਤੋਂ ਵੱਧ ਹੈ, ਨੂੰ ਇਲਾਜ ਨਾਲੋਂ ਇਸ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਅਪਣਾਉਣ ਤੇ ਜੋਰ ਦਿੱਤਾ ਜਾਣਾ ਚਾਹੀਦਾ ਹੈ|  ਦੂਜੇ ਦੇਸ਼ਾਂ ਦੇ ਮੁਕਾਬਲੇ ਭਾਵੇਂ ਭਾਰਤ ਵਿਚ ਪ੍ਰਤੀ ਵਿਅਕਤੀ ਡਾਕਟਰਾਂ ਤੇ ਹੋਰ ਮੈਡੀਕਲ ਸਹੂਲਤਾਂ ਦੀ ਕਮੀ ਹੈ ਪਰ ਦੇਸ਼ ਵਿਚ ਹੁਣ ਤੱਕ ਹੋਈਆਂ ਮੌਤਾਂ ਦਾ ਅੰਕੜਾ ਦੱਸਦਾ ਹੈ ਕਿ ਅਸੀਂ ਕੋਰੋਨਾ ਨੂੰ ਵੱਡਾ ਜਾਨੀ ਨੁਕਸਾਨ ਕਰਨ ਤੋਂ ਰੋਕਣ ਵਿਚ ਤਾਂ ਕਾਫੀ ਹੱਦ ਤੱਕ ਸਫਲ ਰਹੇ ਹਾਂ | ਪਰ ਇਸ ਮਹਾਂਮਾਰੀ ਦੇ ਡਰ ਦਾ ਪ੍ਰਭਾਵ, ਮਜਦੂਰਾਂ ਦਾ ਉਜਾੜਾ, ਆਰਥਿਕ ਖੇਤਰ ਤੇ ਵਪਾਰ ਪ੍ਰਤੀ ਫਿਕਰਮੰਦੀ ਅਤੇ ਲਗਾਤਾਰ ਡਿਉੂਟੀ ਨਿਭਾ ਰਹੇ ਸਾਡੇ ਸੁਰੱਖਿਆ ਅਤੇ ਮੈਡੀਕਲ ਖੇਤਰ ਦਾ ਅਮਲਾ ਵੀ ਵੱਡੇ ਮਾਨਸਿਕ ਦਬਾਅ ਵਿਚੋਂ ਲੰਘ ਰਿਹਾ ਹੈ| ਜਿਸਨੂੰ ਪਛਾਨਣਾ ਅਤੇ ਸਮੇਂ ਸਿਰ ਇਸਦਾ ਇਲਾਜ ਤੇ ਨਿਵਾਰਨ ਕਰਨਾ ਦੇਸ਼ ਦੀ ਮਾਨਸਿਕ ਸ਼ਕਤੀ ਬਣਾਈ ਰੱਖਣ ਲਈ ਬਹੁਤ ਜਰੂਰੀ ਹੈ|
ਕੋਵਿਡ ਮਹਾਮਾਰੀ ਕਾਰਨ ਦੇਸ਼ ਦੇ ਲੋਕਾਂ ਤੇ ਮਾਨਸਿਕ ਪ੍ਰਭਾਵ ਪੈਣ ਦੇ ਨਾਲ ਨਾਲ ਇਸ ਸੰਕਟ ਦੀ ਘੜੀ ਵਿਚ ਸਮਾਜ ਵਿਚ ਆਪਸੀ ਰਿਸ਼ਤਿਆਂ ਵਿਚ ਵੀ ਫਰਕ ਆਇਆ ਹੈ| ਸਮਾਜ ਵਿਚ ਲੋਕਾਂ ਨੇ ਦੇਸ਼ ਦੀ ਜਨਤਾ ਦੀਆਂ ਜਾਨਾਂ ਬਚਾਉਣ ਵਿਚ ਦਿਨਰਾਤ ਲੱਗੇ ਰਹੇ ਡਾਕਟਰਾਂ ਅਤੇ ਨਰਸਾਂ ਨੂੰ ਆਪਣੇ ਮੁਹੱਲਿਆਂ ਵਿਚ ਰਹਿਣ ਤੇ ਇਤਰਾਜ ਕੀਤਾ ਤੇ ਰੋਕਿਆ, ਇਹ ਬੜੀ ਸ਼ਰਮ ਅਤੇ ਰੂੜ੍ਹੀਵਾਦੀ ਵਿਚਾਰਾਂ ਦੀ ਗੱਲ ਹੈ| ਦੁੱਖ ਇਹ ਹੈ ਡਾਕਟਰਾਂ ਪ੍ਰਤੀ ਇਹ ਰਵੱਈਆ ਪੜ੍ਹੇ ਲਿਖੇ ਸਮਾਜ ਨੇ ਵੀ ਕੀਤਾ ਜੋ ਬਹੁਤ ਦੁਖਦਾਈ ਹੈ ਅਤੇ ਸਾਡੀ ਲਈ ਜਾਨ ਤੇ ਖੇਡ ਕੇ ਲੋਕਾਂ ਦੀਆਂ ਜਾਨਾਂ ਬਚਾ ਰਹੇ ਡਾਕਟਰਾਂ ਲਈ ਵੀ ਮਾਨਸਿਕ ਠੇਸ ਤੋਂ ਘੱਟ ਨਹੀਂ| ਬਾਕੀ ਲਾਕਡਾਊਨ ਅਤੇ ਕਰਫਿਊ ਤੋੜਨ ਵਾਲਿਆਂ ਨੇ ਵੀ ਸੁਰੱਖਿਆ ਅਮਲੇ ਦੀ ਚਿੰਤਾ ਵਧਾ ਕੇ ਉਨਾਂ ਨੂੰ ਮਾਨਸਿਕ ਪੱਖੋਂ ਦੁੱਖ ਦਿੱਤਾ ਹੈ| ਸੋ ਜਿੱਥੇ ਸਾਨੂੰ ਇਸ ਮਹਾਮਾਰੀ ਕਰਕੇ ਪੈਦਾ ਹੋਏ ਆਰਥਿਕ ਸੰਕਟਾਂ ਨਾਲ ਨਜਿੱਠਣਾ ਹੋਵੇਗਾ, ਉਥੇ ਸਮਾਜ ਦੀ ਮਾਨਸਿਕ ਸਿਹਤ ਵੀ ਉਸਾਰੂ ਪੱਧਰ ਤੇ ਲਿਆਉਣੀ ਹੋਵੇਗੀ|
ਵਿਜੈ ਗਰਗ

Leave a Reply

Your email address will not be published. Required fields are marked *