ਕੋਰੋਨਾ ਮਹਾਂਮਾਰੀ ਸੰਬਧੀ ਪ੍ਰਧਾਨ ਮੰਤਰੀ ਮੋਦੀ ਵਲੋਂ ਮੁੱਖ ਮੰਤਰੀਆਂ ਨਾਲ ਮੀਟਿੰਗ


ਨਵੀਂ ਦਿੱਲੀ, 24 ਨਵੰਬਰ (ਸ.ਬ.) ਭਾਰਤ ਵਿੱਚ ਕੋਰੋਨਾ ਵਾਇਰਸ ਦੇ           ਕੇਸਾਂ ਵਿੱਚ ਇਕ ਵਾਰ ਫਿਰ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ| ਕੋਰੋਨਾ ਦੀ ਵਧਦੀ ਆਫਤ ਦਰਮਿਆਨ ਹਰ ਕਿਸੇ ਨੂੰ ਕੋਰੋਨਾ ਵੈਕਸੀਨ ਦੀ ਉਡੀਕ ਹੈ| ਇਸ ਦਰਮਿਆਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਅਹਿਮ ਮੀਟਿੰਗਾਂ ਦੀ ਪ੍ਰਧਾਨਗੀ ਕਰ ਰਹੇ ਹਨ| ਉਹਨਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀਡੀਓ ਕੰਨਫਰੈਂਸਿੰਗ ਰਾਹੀਂ ਸਿੱਧੀ ਗੱਲਬਾਤ ਕੀਤੀ| ਇਸ ਮੀਟਿੰਗ ਵਿਚ ਸੂਬਿਆਂ ਵਿੱਚ ਵੱਧਦੇ ਕੋਰੋਨਾ ਕੇਸਾਂ ਤੇ ਗੱਲ ਕੀਤੀ ਗਈ|
ਇਸ ਮੀਟਿੰਗ ਵਿਚ ਅਮਿਤ ਸ਼ਾਹ ਵੀ ਸ਼ਾਮਿਲ ਹਨ| ਇਸ ਮੀਟਿੰਗ ਵਿਚ ਗ੍ਰਹਿ ਮੰਤਰੀ ਨਾਲ 8 ਸੂਬਿਆਂ ਦੇ ਮੁੱਖ ਮੰਤਰੀ ਸ਼ਾਮਿਲ ਹਨ| ਜਿਸ ਵਿੱਚ                ਕੇਰਲ, ਪੱਛਮੀ ਬੰਗਾਲ, ਹਰਿਆਣਾ, ਦਿੱਲੀ, ਰਾਜਸਥਾਨ, ਗੁਜਰਾਤ, ਮਹਾਰਾਸ਼ਟਰ ਅਤੇ ਛੱਤੀਸਗੜ੍ਹ ਸ਼ਾਮਿਲ ਹਨ| 
ਮੁੱਖ ਮੰਤਰੀਆਂ ਦੀ ਇਸ ਮੀਟਿੰਗ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਸ਼ਾਮਿਲ ਹੋਏ ਹਨ| ਉਨ੍ਹਾਂ ਨੇ ਦਿੱਲੀ ਵਿਚ ਕੋਵਿਡ-19 ਦੀ ਤੀਜੀ ਲਹਿਰ ਦੇ ਖਤਮ ਹੋਣ ਤੱਕ ਸ਼ਹਿਰ ਵਿੱਚ ਕੇਂਦਰ ਸਰਕਾਰ ਤੋਂ 1000 ਵਾਧੂ ਆਈ.ਸੀ.ਯੂ. ਬੈਡਾਂ ਦੀ ਮੰਗ ਕੀਤੀ ਹੈ| ਇਸ ਦੇ ਨਾਲ ਹੀ ਕੇਜਰੀਵਾਲ ਨੇ  ਦੱਸਿਆ ਕਿ 10 ਨਵੰਬਰ ਨੂੰ ਸ਼ਹਿਰ ਵਿੱਚ ਕੋਵਿਡ-19 ਦੇ ਸਭ ਤੋਂ ਵਧੇਰੇ 8600 ਨਵੇਂ ਕੇਸ ਸਾਹਮਣੇ ਆਏ ਸਨ ਅਤੇ ਉਸ ਤੋਂ ਬਾਅਦ ਕੇਸ ਤੇਜ਼ੀ ਨਾਲ ਘੱਟ ਹੋ ਰਹੇ ਹਨ| ਉਨ੍ਹਾਂ ਪ੍ਰਧਾਨ ਮੰਤਰੀ ਨੂੰ ਕਿਹਾ ਕਿ ਕੋਵਿਡ-19 ਦੀ ਤੀਜੀ ਲਹਿਰ ਦਾ ਇੰਨਾ ਅਸਰ ਕਈ ਕਾਰਨਾਂ ਕਰਕੇ ਪਿਆ ਹੈ, ਜਿਸ ਵਿਚ ਸਭ ਤੋਂ ਵਧੇਰੇ ਪਰਾਲੀ ਦਾ ਪ੍ਰਦੂਸ਼ਣ ਜ਼ਿੰਮੇਵਾਰ ਹੈ| ਕੇਜਰੀਵਾਲ ਨੇ ਪ੍ਰਧਾਨ ਮੰਤਰੀ ਨੂੰ ਦਖਲ ਦੇਣ ਦੀ ਅਪੀਲ ਕੀਤੀ ਤਾਂ ਕਿ ਗੁਆਂਢੀ ਸੂਬਿਆਂ ਵਿਚ ਪਰਾਲੀ ਨੂੰ ਅੱਗ ਲਗਾਉਣ ਕਾਰਨ ਹੋਣ ਵਾਲੇ ਪ੍ਰਦੂਸ਼ਣ ਤੋਂ ਨਿਜ਼ਾਤ ਪਾਈ ਜਾ ਸਕੇ|
ਮੀਟਿੰਗ ਵਿੱਚ ਮੌਜੂਦ ਅਮਿਤ ਸ਼ਾਹ ਨੇ ਕਿਹਾ ਕਿ ਯੂਰਪ-ਅਮਰੀਕਾ ਵਿਚ ਫਿਰ ਤੋਂ ਕੇਸ ਵਧੇ ਹਨ, ਅਜਿਹੇ ਵਿਚ ਸਾਨੂੰ ਵੀ ਸਾਵਧਾਨ ਰਹਿਣਾ ਪਵੇਗਾ| ਸ਼ਾਹ ਨੇ ਸੂਬਿਆਂ ਨੂੰ ਸਮਾਜਿਕ ਦੂਰੀ ਅਤੇ ਮਾਸਕ ਪਹਿਨਣ ਨੂੰ ਜ਼ਰੂਰੀ ਕਰਨ ਤੇ ਜ਼ੋਰ ਦਿੱਤਾ ਹੈ| ਉਹਨਾਂ ਤੋਂ ਬਾਅਦ ਸਿਹਤ ਸਕੱਤਰ ਨੇ ਆਉਣ ਵਾਲੇ ਦਿਨਾਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਦਿੱਲੀ, ਕੇਰਲ, ਮਹਾਰਾਸ਼ਟਰ ਅਤੇ ਰਾਜਸਥਾਨ ਨੂੰ ਖਾਸ ਸਾਵਧਾਨੀ ਵਰਤਣੀ ਪਵੇਗੀ|
ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਕੋਰੋਨਾ ਆਫਤ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਵੀਡੀਓ ਕੰਨਫਰੈਂਸਿੰਗ ਰਾਹੀਂ ਮੁੱਖ ਮੰਤਰੀਆਂ ਨਾਲ ਚਰਚਾ ਕਰ ਚੁੱਕੇ ਹਨ| ਕੋਰੋਨਾ ਨੂੰ ਵੇਖਦਿਆਂ ਕੁਝ ਸੂਬਿਆਂ ਵਿਚ ਕੇਸ ਤੇਜ਼ੀ ਨਾਲ ਵੱਧ ਰਹੇ ਹਨ| ਕੁਝ ਸ਼ਹਿਰਾਂ ਵਿਚ ਤਾਂ ਰਾਤ ਦਾ ਕਰਫਿਊ ਵੀ ਲਗਾਇਆ ਗਿਆ ਹੈ| ਪ੍ਰਧਾਨ ਮੰਤਰੀ ਮੋਦੀ ਮੁੱਖ ਮੰਤਰੀਆਂ ਨਾਲ ਕੋਰੋਨਾ ਵੈਕਸੀਨ ਦੀ ਵੰਡ ਦੀ ਰਣਨੀਤੀ ਨੂੰ ਲੈ ਕੇ ਚਰਚਾ ਕਰ ਰਹੇ ਹਨ| ਦੇਸ਼ ਵਿੱਚ ਕੋਰੋਨਾ ਦੇ ਅੰਕੜੇ 91.77 ਲੱਖ ਤੋਂ ਪਾਰ ਹੋ ਗਏ ਹਨ|

Leave a Reply

Your email address will not be published. Required fields are marked *