ਕੋਰੋਨਾ ਵਾਇਰਸ ਦੇ ਟੀਕੇ ਨੂੰ ਲੈ ਆਪਣਾ ਰੁਖ ਸਪਸ਼ਟ ਕਰਨ ਪ੍ਰਧਾਨ ਮੰਤਰੀ : ਰਾਹੁਲ ਗਾਂਧੀ
ਨਵੀਂ ਦਿੱਲੀ, 3 ਦਸੰਬਰ (ਸ.ਬ.) ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਦੇਸ਼ ਵਿੱਚ ਸਾਰੇ ਲੋਕਾਂ ਨੂੰ ਕੋਰੋਨਾ ਵਾਇਰਸ ਦੇ ਟੀਕੇ ਦੀ ਜ਼ਰੂਰਤ ਨਾ ਪੈਣ ਨਾਲ ਸੰਬੰਧਤ ਕੇਂਦਰ ਦੇ ਬਿਆਨ ਨੂੰ ਲੈ ਕੇ ਉਸ ਤੇ ਨਿਸ਼ਾਨਾ ਸਾਧਿਆ ਹੈ| ਰਾਹੁਲ ਗਾਂਧੀ ਨੇ ਸਵਾਲ ਕੀਤਾ ਕਿ ਆਖਿਰ ਇਸ ਮਾਮਲੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਰੁਖ ਕੀ ਹੈ| ਉਨ੍ਹਾਂ ਨੇ ਟਵੀਟ ਕੀਤਾ ਕਿ ਪ੍ਰਧਾਨ ਮੰਤਰੀ ਕਹਿੰਦੇ ਹਨ ਕਿ ਸਾਰਿਆਂ ਲਈ ਟੀਕਾ ਉਪਲੱਬਧ ਹੋਵੇਗਾ| ਬਿਹਾਰ ਚੋਣਾਂ ਵਿੱਚ ਭਾਜਪਾ ਕਹਿੰਦੀ ਹੈ ਕਿ ਪ੍ਰਦੇਸ਼ ਵਿੱਚ ਸਾਰਿਆਂ ਲਈ ਕੋਰੋਨਾ ਦਾ ਟੀਕਾ ਮੁਫਤ ਵਿੱਚ ਉਪਲੱਬਧ ਹੋਵੇਗਾ| ਹੁਣ ਭਾਰਤ ਸਰਕਾਰ ਦਾ ਕਹਿਣਾ ਹੈ ਕਿ ਉਸ ਨੇ ਕਦੇ ਅਜਿਹਾ ਨਹੀਂ ਕਿਹਾ ਕਿ ਸਾਰਿਆਂ ਨੂੰ ਟੀਕਾ ਮਿਲੇਗਾ| ਉਹਨਾਂ ਸਵਾਲ ਕੀਤਾ ਕਿ ਆਖਿਰ ਪ੍ਰਧਾਨ ਮੰਤਰੀ ਦਾ ਰੁਖ ਕੀ ਹੈ?