ਕੋਰੋਨਾ: ਸੋਮਵਾਰ ਤਕ ਬੰਦ ਰਹੇਗਾ ਨਗਰ ਨਿਗਮ ਐਸ ਏ ਐਸ ਨਗਰ ਦਾ ਦਫਤਰ

ਕੋਰੋਨਾ: ਸੋਮਵਾਰ ਤਕ ਬੰਦ ਰਹੇਗਾ ਨਗਰ ਨਿਗਮ ਐਸ ਏ ਐਸ ਨਗਰ ਦਾ ਦਫਤਰ 
ਦੋ ਕਰਮਚਾਰੀਆਂ ਦੇ ਪਾਜਿਟਿਵ ਆਉਣ ਤੋਂ ਬਾਅਦ ਕੀਤਾ ਦਫਤਰ ਬੰਦ ਕਰਨ ਦਾ ਫੈਸਲਾ
ਐਸ ਏ ਐਸ ਨਗਰ, 20 ਅਗਸਤ (ਸ.ਬ.) ਨਗਰ ਨਿਗਮ ਐਸ ਏ ਐਸ ਨਗਰ ਦਾ ਦਫਤਰ ਵੀਰਵਾਰ ਦੁਪਹਿਰ ਦੋ ਵਜੇ ਤੋਂ ਬੰਦ ਕਰ ਦਿੱਤਾ ਗਿਆ ਅਤੇ ਹੁਣ ਇਹ ਸੋਮਵਾਰ ਨੂੰ ਖੋਲ੍ਹਿਆ ਜਾਵੇਗਾ| ਪ੍ਰਾਪਤ ਜਾਣਕਾਰੀ ਅਨੁਸਾਰ ਦਫਤਰ ਦੇ ਦੋ ਕਰਮਚਾਰੀਆਂ ਦੀ ਕੋਰੋਨਾ ਦੀ ਰਿਪੋਰਟ ਪਾਜਿਟਿਵ ਆਉਣ ਤੋਂ ਬਾਅਦ ਨਿਗਮ ਦੇ ਕਮਿਸ਼ਨਰ ਵਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ ਦਫਤਰ ਨੂੰ ਬੰਦ ਕਰਕੇ ਉਸਨੂੰ ਮੁਕੰਮਲ ਤੌਰ ਤੇ ਸੈਨੀਟਾਈਜ਼ ਕੀਤਾ ਜਾਵੇ ਅਤੇ ਦਫਤਰ  ਦਾ ਕੰਮ ਕਾਜ ਸੋਮਵਾਰ ਤੋਂ ਆਰੰਭ ਕੀਤਾ ਜਾਵੇਗਾ| 
ਪ੍ਰਾਪਤ ਜਾਣਕਾਰੀ ਅਨੁਸਾਰ ਪਹਿਲਾਂ ਤਹਿ ਬਾਜ਼ਾਰੀ ਸ਼ਾਖਾ ਦੇ ਇੱਕ ਕਰਮਚਾਰੀ ਦੀ ਰਿਪੋਰਟ ਪਾਜਿਟਿਵ ਆਈ ਸੀ ਅਤੇ ਹੁਣ ਇੱਕ ਜੇ ਈ ਦੀ ਰਿਪੋਰਟ ਵੀ ਪਾਜਿਟਿਵ ਆ ਗਈ ਹੈ ਜਿਸ ਕਾਰਨ ਨਿਗਮ ਦੇ ਕਰਮਚਾਰੀਆਂ ਵਿੱਚ ਵੀ ਡਰ ਦਾ ਮਾਹੌਲ ਬਣ ਗਿਆ ਹੈ|
ਸੰਪਰਕ ਕਰਨ ਤੇ ਨਗਰ ਨਿਗਮ ਦੇ ਕਮਿਸ਼ਨਰ ਸ੍ਰੀ ਕਮਲ ਕੁਮਾਰ ਗਰਗ ਨੇ ਕਿਹਾ ਕਿ ਦਫਤਰ ਦੇ ਦੋ ਕਰਮਚਾਰੀਆਂ ਦੇ ਪਾਜਿਟਿਵ ਆਉਣ ਤੋਂ ਬਾਅਦ ਇਸ ਸੰਬੰਧੀ ਫੈਸਲਾ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਸ਼ਨੀਵਾਰ, ਐਤਵਾਰ ਦੀ ਛੁੱਟੀ ਹੈ ਅਤੇ ਦਫਤਰ ਨੂੰ                    ਸੈਨੇਟਾਈਜ਼ ਕਰਨ ਲਈ ਸ਼ੁੱਕਰਵਾਰ ਨੂੰ ਵੀ ਦਫਤਰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਫੀਲਡ ਸਟਾਫ ਪਹਿਲਾਂ ਵਾਂਗ ਹੀ ਕੰਮ ਕਰਦਾ ਰਹੇਗਾ ਜਦੋਂਕਿ ਦਫਤਰੀ ਸਟਾਫ ਦੀ ਛੁੱਟੀ ਕਰ ਦਿੱਤੀ ਗਈ ਹੈ| 
ਇਸ ਦੌਰਾਨ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਨਗਰ ਨਿਗਮ ਦੇ ਪਾਜਿਟਿਵ ਆਏ ਕਰਮਚਾਰੀਆਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਕਰਮਚਾਰੀਆਂ ਦੇ ਨਮੂਨੇ ਲਏ ਜਾਣਗੇ ਤਾਂ ਜੋ ਜੇਕਰ ਕੋਈ ਹੋਰ ਕਰਮਚਾਰੀ ਵੀ ਇਸਦੀ ਲਾਗ ਤੋਂ ਪੀੜਿਤ ਹੈ ਤਾਂ ਉਸਦਾ ਸਮਾਂ ਰਹਿੰਦਿਆਂ ਇਲਾਜ ਕੀਤਾ ਜਾ ਸਕੇ|

Leave a Reply

Your email address will not be published. Required fields are marked *