ਕੋਲਕਾਤਾ ਵਿੱਚ ਤੇਜ਼ ਹਵਾਵਾਂ ਦੀ ਲਪੇਟ ਵਿੱਚ ਆਉਣ ਨਾਲ 8 ਵਿਅਕਤੀਆਂ ਦੀ ਮੌਤ, ਕਈ ਜ਼ਖਮੀ

ਕੋਲਕਾਤਾ, 18 ਅਪ੍ਰੈਲ (ਸ.ਬ.) ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਅਤੇ ਇਸ ਨਾਲ ਲੱਗਦੇ ਇਲਾਕਿਆਂ ਵਿੱਚ ਬੀਤੀ ਸ਼ਾਮ 98 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲੀਆਂ ਤੇਜ਼ ਹਵਾਵਾਂ ਦੀ ਲਪੇਟ ਵਿੱਚ ਆਉਣ ਨਾਲ 8 ਵਿਅਕਤੀਆਂ ਦੀ ਮੌਤ ਹੋ ਗਈ, ਜਦੋਂ ਕਿ ਕਈ ਹੋਰ ਜ਼ਖਮੀ ਹੋ ਗਏ| ਤੇਜ਼ ਹਵਾਵਾਂ ਕਾਰਨ ਸ਼ਹਿਰ ਦਾ ਜਨਤਕ ਆਵਾਜਾਈ ਵੀ ਪ੍ਰਭਾਵਿਤ ਹੋਇਆ| ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ| ਪੁਲੀਸ ਨੇ ਦੱਸਿਆ ਕਿ ਚਾਰ ਮੌਤਾਂ ਇੱਥੇ ਹੋਈਆਂ, ਜਦੋਂ ਕਿ 2 ਦੀ ਮੌਤ ਬਾਂਕੁੜਾ ਅਤੇ 2 ਦੀ ਮੌਤ ਹਾਵੜਾ ਜ਼ਿਲੇ ਵਿੱਚ ਹੋਈ| ਮੌਸਮ ਵਿਭਾਗ ਦੇ ਖੇਤਰੀ ਨਿਰਦੇਸ਼ਕ ਜੀ.ਕੇ. ਦਾਸ ਨੇ ਦੱਸਿਆ ਕਿ ਉਤਰ-ਪੱਛਮੀ ਦਿਸ਼ਾ ਤੋਂ 98 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲਣ ਵਾਲੀ ਹਵਾ ਨੇ ਸ਼ਾਮ ਕਰੀਬ 7.42 ਵਜੇ ਸ਼ਹਿਰ ਨੂੰ ਆਪਣੀ ਲਪੇਟ ਵਿੱਚ ਲਿਆ| ਪੁਲੀਸ ਨੇ ਦੱਸਿਆ ਕਿ ਸ਼ਹਿਰ ਵਿੱਚ ਘੱਟੋ-ਘੱਟ 26 ਥਾਂਵਾਂ ਤੇ ਦਰੱਖਤ ਡਿੱਗੇ, ਜਿਸ ਨਾਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ| ਕੋਲਕਾਤਾ ਨਗਰ ਨਿਗਮ ਨੇ ਮਲਬੇ ਦੀ ਸਫਾਈ ਲਈ ਇਕ ਆਪਦਾ ਪ੍ਰਬੰਧਨ ਟੀਮ ਨੂੰ ਸਰਗਰਮ ਕਰ ਦਿੱਤਾ ਹੈ|
ਫਾਇਰ ਬ੍ਰਿਗੇਡ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਸ਼ਹਿਰ ਦੇ ਕਈ ਹਿੱਸਿਆਂ ਤੋਂ ਬਿਜਲੀ ਕਾਰਨ ਅੱਗ ਲੱਗਣ ਦੀਆਂ ਸੂਚਨਾਵਾਂ ਮਿਲੀਆਂ ਹਨ| ਉਨ੍ਹਾਂ ਨੇ ਕਿਹਾ ਕਿ ਹਨ੍ਹੇਰੀ ਦੌਰਾਨ ਸ਼ਾਰਟ ਸਰਕਿਟ ਕਾਰਨ ਨਿਊ ਮਾਰਕੀਟ ਪੁਲੀਸ ਥਾਣੇ ਵਿੱਚ ਹਨ੍ਹੇਰਾ ਛਾ ਗਿਆ| ਦਫ਼ਤਰ ਤੋਂ ਘਰ ਆ ਰਹੇ ਲੋਕਾਂ ਨੂੰ ਭਾਰੀ ਟ੍ਰੈਫਿਕ ਜਾਮ ਦਾ ਸਾਹਮਣਾ ਕਰਨਾ ਪਿਆ| ਮੈਟਰੋ ਅਤੇ ਟ੍ਰੇਨ ਸੇਵਾਵਾਂ ਵੀ ਪ੍ਰਭਾਵਿਤ ਹੋਈਆਂ| ਕੋਲਕਾਤਾ ਮੈਟਰੋ ਰੇਲ ਦੇ ਬੁਲਾਰੇ ਨੇ ਦੱਸਿਆ ਕਿ ਸ਼ਾਮ 7.50 ਵਜੇ ਤੋਂ ਲੈ ਕੇ ਅਗਲੇ 2 ਘੰਟਿਆਂ ਲਈ ਮੈਟਰੋ ਸੇਵਾਵਾਂ ਰੁਕੀਆਂ ਰਹੀਆਂ| ਪੂਰਬੀ-ਦੱਖਣੀ ਰੇਲਵੇ ਸੂਤਰਾਂ ਨੇ ਦੱਸਿਆ ਕਿ ਸਿਆਲਦਾ ਅਤੇ ਹਾਵੜਾ ਡਿਵੀਜ਼ਨਾਂ ਵਿੱਚ ਉਪ ਨਗਰੀ ਟ੍ਰੇਨ ਸੇਵਾਵਾਂ ਪ੍ਰਭਾਵਿਤ ਹੋਈਆਂ, ਕਿਉਂਕਿ ਹਨ੍ਹੇਰੀ ਦੌਰਾਨ ਟ੍ਰੇਨ ਨਾਲ ਜੁੜੇ ਬਿਜਲੀ ਦੇ ਤਾਰ ਟੁੱਟ ਗਏ| ਇਕ ਰੇਲਿੰਗ ਦਾ ਇਕ ਹਿੱਸਾ ਹਾਵੜਾ ਸਟੇਸ਼ਨ ਤੇ ਇਕ ਖਾਲੀ ਟ੍ਰੇਨ ਵਿੱਚ ਜਾ ਡਿੱਗਿਆ| ਹਾਲਾਂਕਿ ਇਸ ਵਿੱਚ ਕੋਈ ਹਤਾਹਤ ਨਹੀਂ ਹੋਇਆ| ਹਵਾਈ ਅੱਡੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕੁਝ ਜਹਾਜ਼ਾਂ ਦੀ ਆਵਾਜਾਈ ਅਤੇ ਵਿਦਾਇਗੀ ਵਿੱਚ ਦੇਰੀ ਹੋਈ|

Leave a Reply

Your email address will not be published. Required fields are marked *