ਕੋਲੰਬੀਆ ਪੁਲੀਸ ਅਕੈਡਮੀ ਤੇ ਕਾਰ ਬੰਬ ਹਮਲਾ, 10 ਵਿਅਕਤੀਆਂ ਦੀ ਮੌਤ

ਬੋਗੋਟਾ, 18 ਜਨਵਰੀ(ਸ.ਬ.) ਕੋਲੰਬੀਆ ਦੀ ਰਾਜਧਾਨੀ ਬੋਗੋਟਾ ਵਿਚ ਇਕ ਪੁਲੀਸ ਕੈਡੇਟ ਸਿਖਲਾਈ ਅਕੈਡਮੀ ਵਿਚ ਇਕ ਕਾਰ ਬੰਬ ਹਮਲਾ ਕੀਤਾ ਗਿਆ| ਇਸ ਕਾਰ ਬੰਬ ਹਮਲੇ ਵਿਚ 10 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 65 ਹੋਰ ਜ਼ਖਮੀ ਹੋ ਗਏ| ਕੋਲੰਬੀਆ ਦੀ ਰਾਜਧਾਨੀ ਵਿਚ ਬੀਤੇ 16 ਸਾਲਾਂ ਵਿਚ ਹੋਇਆ ਇਹ ਸਭ ਤੋਂ ਭਿਆਨਕ ਹਮਲਾ ਹੈ| ਰੱਖਿਆ ਮੰਤਰਾਲੇ ਨੇ ਦੱਸਿਆ ਕਿ ਵਿਸਫੋਟਕਾਂ ਨਾਲ ਭਰੀ ਇਕ ਕਾਰ ਦੀ ਵਰਤੋਂ ਕਰ ਕੇ ਅੱਤਵਾਦੀ ਹਮਲਾ ਕੀਤਾ ਗਿਆ| ਕਾਰ ਵਿਚ 80 ਕਿਲੋਗ੍ਰਾਮ ਵਿਸਫੋਟਕ ਸੀ|
ਕੋਲੰਬੀਆ ਦੇ ਰਾਸ਼ਟਰਪਤੀ ਇਵਾਨ ਡੁਕ ਨੇ ਟਵੀਟ ਕੀਤਾ,”ਸਾਰੇ ਕੋਲੰਬੀਆਈ ਅੱਤਵਾਦ ਵਿਰੁੱਧ ਹਨ ਅਤੇ ਇਸ ਵਿਰੁੱਧ ਲੜਾਈ ਵਿਚ ਇਕਜੁੱਟ ਹਨ|” ਹਮਲੇ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਦਾਇਰੇ ਵਿਚ ਲਿਆਉਣ ਦਾ ਸੰਕਲਪ ਲੈਂਦੇ ਹੋਏ ਡੁੱਕ ਨੇ ਕਿਹਾ,”ਕੋਲੰਬੀਆ ਦੁਖੀ ਹੈ ਪਰ ਹਿੰਸਾ ਅੱਗੇ ਸਿਰ ਨਹੀਂ ਝੁਕਾਏਗਾ|” ਅਧਿਕਾਰੀਆਂ ਨੇ ਹਮਲਾਵਾਰ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਹੈ| ਹਮਲਾਵਰ ਨੇ ਜਨਰਲ ਫ੍ਰਾਂਸਿਸਕੋ ਡੀ ਪਾਊਲਾ ਸੇਂਟੇਂਡਰ ਅਫਸਰ ਸਕੂਲ ਵਿਚ ਕੈਡੇਟ ਦੇ ਪ੍ਰਮੋਸ਼ਨ ਸਮਾਰੋਹ ਦੌਰਾਨ ਹਮਲਾ ਕੀਤਾ|
ਹੁਣ ਤੱਕ ਕਿਸੇ ਸਮੂਹ ਨੇ ਹਮਲੇ ਦੀ ਜ਼ਿੰਮੇਵਾਰੀ ਨਹੀਂ ਲਈ ਹੈ ਪਰ ਸਰਕਾਰੀ ਵਕੀਲ ਨੇਸਟਰ ਹਮਬਰਟੋ ਮਾਰਟੀਨੇਜ਼ ਨੇ ਸ਼ੱਕੀ ਦੇ ਤੌਰ ਤੇ ਜੋਸ ਐਲਡੈਮਰ ਰੋਜਿਜ਼ ਰੋਡਰੀਗੇਜ਼ ਦਾ ਨਾਮ ਲਿਆ ਹੈ| ਮਾਰਟੀਨੇਜ਼ ਨੇ ਕਿਹਾ ਕਿ ਰੋਜਿਜ਼ ਰੋਡਰੀਗੇਜ਼ ਸਵੇਰੇ 9:30 ਵਜੇ ਸਕੂਲ ਕੰਪਲੈਕਸ ਵਿਚ ਕਾਰ ਲੈ ਕੇ ਦਾਖਲ ਹੋਇਆ| ਰੱਖਿਆ ਮਤਰਾਲੇ ਨੇ ਕਿਹਾ,”ਇਸ ਹਮਲੇ ਲਈ ਜ਼ਿੰਮੇਵਾਰ ਲੋਕਾਂ ਦਾ ਪਤਾ ਲਗਾਉਣ ਲਈ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ|” ਇਕਵਾਡੋਰ ਦੇ ਰਾਸ਼ਟਰਪਤੀ ਲੇਨਿਨ ਮੋਰੇਨੋ ਨੇ ਦੱਸਿਆ ਕਿ ਮ੍ਰਿਤਕਾਂ ਵਿਚ ਉਨ੍ਹਾਂ ਦੇ ਦੇਸ਼ ਦਾ ਇਕ ਕੈਡੇਟ ਹੈ ਅਤੇ ਇਕ ਹੋਰ ਕੈਡੇਟ ਮਾਮੂਲੀ ਰੂਪ ਵਿਚ ਜ਼ਖਮੀ ਹੋਇਆ ਹੈ| ਲਾਤਿਨ ਅਮਰੀਕੀ ਮਾਮਲਿਆਂ ਲਈ ਅਮਰੀਕਾ ਦੇ ਸਹਾਇਕ ਵਿਦੇਸ਼ ਮੰਤਰੀ ਕਿਮਬਰਲੀ ਬ੍ਰੀਏਰ ਨੇ ਹਮਲੇ ਦੀ ਨਿੰਦਾ ਕੀਤੀ ਅਤੇ ਪੀੜਤਾਂ ਪ੍ਰਤੀ ਹਮਦਰਦੀ ਪ੍ਰਗਟ ਕੀਤੀ| ਬੋਗੋਟਾ ਵਿਚ ਅਮਰੀਕੀ ਦੂਤਘਰ ਨੇ ਹਮਲੇ ਦੀ ਜਾਂਚ ਵਿਚ ਮਦਦ ਦੀ ਪੇਸ਼ਕਸ਼ ਕੀਤੀ ਹੈ|

Leave a Reply

Your email address will not be published. Required fields are marked *