ਕੋਲੰਬੀਆ ਵਿੱਚ ਸਾਲ 2017 ਵਿੱਚ 100 ਤੋਂ ਜ਼ਿਆਦਾ ਵਰਕਰਾਂ ਦੀ ਕੀਤੀ ਗਈ ਹੱਤਿਆ

ਸੰਯੁਕਤ ਰਾਸ਼ਟਰ, 21 ਦਸੰਬਰ (ਸ.ਬ.) ਸੰਯੁਕਤ ਰਾਸ਼ਟਰ ਦੀ ਜਾਣਕਾਰੀ ਮੁਤਾਬਕ ਕੋਲੰਬੀਆ ਵਿਚ ਸਰਕਾਰ ਅਤੇ ਫਾਰਕ ਬਾਗੀਆਂ ਵਿਚਕਾਰ ਇਤਿਹਾਸਿਕ ਸ਼ਾਂਤੀ ਸਮਝੌਤੇ ਦੇ ਬਾਅਦ ਇਸ ਸਾਲ ਦੇਸ਼ ਵਿਚ 100 ਤੋਂ ਜ਼ਿਆਦਾ ਮਨੁੱਖੀ ਅਤੇ ਲੇਬਰ ਅਧਿਕਾਰ ਵਰਕਰਾਂ ਦੀ ਹੱਤਿਆ ਕੀਤੀ ਗਈ ਹੈ| ਮਨੁੱਖੀ ਅਧਿਕਾਰ ਮਾਮਲਿਆਂ ਤੇ ਸੰਯੁਕਤ ਰਾਸ਼ਟਰ ਦੇ ਹਾਈ ਕਮਿਸ਼ਨਰ ਨੇ ਇਕ ਬਿਆਨ ਵਿਚ ਕਿਹਾ ਕਿ ਵਰਕਰਾਂ ਦੀ ਮੌਤ ਉਨ੍ਹਾਂ ਪੇਂਡੂ ਖੇਤਰਾਂ ਵਿਚ ਹੋਈ, ਜਿੱਥੇ ਫਾਰਕ ਕਿਰਿਆਸ਼ੀਲ ਸਨ ਅਤੇ ਸਰਕਾਰੀ ਅਧਿਕਾਰੀ ਮੌਜੂਦ ਨਹੀਂ ਸਨ| ਬਿਆਨ ਵਿਚ ਕਿਹਾ ਗਿਆ ਹੈ ਕਿ 20 ਦਸੰਬਰ ਤੱਕ ਕੁੱਲ 105 ਵਿਅਕਤੀਆਂ ਦੀ ਹੱਤਿਆ ਦੀ ਪੁਸ਼ਟੀ ਹੋਈ ਹੈ| ਹੋਰ 11 ਦੀ ਪੁਸ਼ਟੀ ਕੀਤੀ ਜਾ ਰਹੀ ਹੈ|
ਕੋਲੰਬੀਆ ਸਰਕਾਰ ਨੇ ਇਸ ਤਰ੍ਹਾਂ ਦੀ ਹੱਤਿਆ ਦੇ ਸੰਬੰਧ ਵਿਚ ਵੱਖ-ਵੱਖ ਅੰਕੜੇ ਦਿੱਤੇ ਹਨ| ਉਸਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਇਨ੍ਹਾਂ ਹੱਤਿਆਵਾਂ ਦੇ ਪਿੱਛੇ ਕੋਈ ਸੰਗਠਿਤ ਵਿਵਸਥਾ ਹੈ| ਨਵੰਬਰ 2016 ਦੇ ਸ਼ਾਂਤੀ ਸਮਝੌਤੇ ਦੇ ਤਹਿਤ ‘ਦਿ ਰੈਵੋਲਿਊਸ਼ਨਰੀ ਆਰਮਡ ਫੋਰਸਿਸ ਆਫ ਕੋਲੰਬੀਆ’ (ਫਾਰਕ) ਨੇ ਹਥਿਆਰ ਤਿਆਗ ਦਿੱਤੇ ਸਨ ਅਤੇ ਖੁਦ ਨੂੰ ਇਕ ਰਾਜਨੀਤਕ ਦਲ ਵਿਚ ਬਦਲਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਸੀ| ਕੋਲੰਬੀਆ ਦੇ ਰਾਸ਼ਟਰਪਤੀ ਜੁਆਨ ਮੈਨੁਅਲ ਸਾਂਤੋਸ ਨੇ ਮਨੁੱਖੀ ਅਧਿਕਾਰ ਕਾਰਜ ਕਰਤਾਵਾਂ ਦੀ ਰੱਖਿਆ ਕਰਨ ਦਾ ਸੰਕਲਪ ਲਿਆ ਹੈ| ਉਨ੍ਹਾਂ ਦੇ ਰੱਖਿਆ ਮੰਤਰੀ ਲੁਇਸ ਕਾਰਲੋਸ ਵਿਲੇਗਾਸ ਨੇ ਬੀਤੇ ਦਿਨੀਂ ਕਿਹਾ ਕਿ ”ਜ਼ਿਆਦਾਤਰ” ਹੱਤਿਆਵਾਂ ਜ਼ਮੀਨ ਸੰਬੰਧੀ ਝਗੜਿਆਂ ਅਤੇ ”ਗੈਰ ਕਾਨੂੰਨੀ ਆਮਦਨ ਨੂੰ ਲੈ ਕੇ ਹੋਏ ਸੰਘਰਸ਼” ਦੇ ਕਾਰਨ ਹੋਈਆਂ ਹਨ ਪਰ ਸੰਯੁਕਤ ਰਾਸ਼ਟਰ ਨੇ ਆਪਣੇ ਬਿਆਨ ਵਿਚ ਇਨ੍ਹਾਂ ਹੱਤਿਆਵਾਂ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਅਤੇ ਕਿਹਾ ਕਿ ਮਨੁੱਖੀ ਅਧਿਕਾਰਾਂ ਲਈ ਅੰਦੋਲਨ ਇਸ ਹਿੰਸਾ ਦਾ ਖਾਸ ਕਾਰਨ ਪ੍ਰਤੀਤ ਹੁੰਦਾ ਹੈ|

Leave a Reply

Your email address will not be published. Required fields are marked *