ਕੋਵਿਡ ਨਾਲ ਲੜਾਈ ਦੇ ਦੌਰਾਨ ਵੀ ਇਸ ਸਾਲ ਵਿਕਾਸ ਦੇ ਕੰਮਾਂ ਵਿੱਚ ਮੋਹਰੀ ਰਿਹਾ ਪਟਿਆਲਾ


ਪਟਿਆਲਾ, 31 ਦਸੰਬਰ (ਸ.ਬ.) ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਅਮਿਤ ਕੁਮਾਰ ਨੇ ਕਿਹਾ ਹੈ ਕਿ ਕੋਵਿਡ ਨਾਲ ਲੜਾਈ ਦੇ ਦੌਰਾਨ ਵੀ ਇਸ ਸਾਲ ਪਟਿਆਲਾ ਜ਼ਿਲ੍ਹਾ ਵਿਕਾਸ ਕਾਰਜਾਂ ਵਿੱਚ ਮੋਹਰੀ ਰਿਹਾ ਹੈ। ਉਹਨਾਂ ਦੱਸਿਆ ਕਿ ਇਸ ਸਾਲ ਪਟਿਆਲਾ ਦੀ ਰਿਆਸਤੀ ਦਿੱਖ ਨੂੰ ਸੰਭਾਲਣ ਲਈ ਸ਼ੁਰੂ ਕੀਤੇ ਗਏ ਪ੍ਰਾਜੈਕਟਾਂ ਰਾਜਿੰਦਰਾ ਝੀਲ ਦੀ ਪੁਨਰ ਸੁਰਜੀਤੀ ਅਤੇ ਇਤਿਹਾਸਕ ਬਾਰਾਂਦਰੀ ਬਾਗ਼ ਦੀ ਸਾਂਭ-ਸੰਭਾਲ ਦੇ ਪ੍ਰਾਜੈਕਟ ਲਗਭਗ ਮੁਕੰਮਲ ਹੋ ਗਏ ਹਨ। ਇਨ੍ਹਾਂ ਦੋਵਾਂ ਪ੍ਰਾਜੈਕਟਾਂ ਤੇ ਲਗਪਗ 584 ਲੱਖ ਰੁਪਏ ਦਾ ਖਰਚ ਆਇਆ ਹੈ। ਸ਼ਹਿਰ ਦਾ ਇੱਕ ਹੋਰ ਅਹਿਮ ਵਿਰਾਸਤੀ ਪ੍ਰਾਜੈਕਟ ਹੈਰੀਟੇਜ ਸਟ੍ਰੀਟ ਵੀ ਇਸ ਸਾਲ ਅਕਤੂਬਰ ਵਿੱਚ ਸ਼ੁਰੂ ਕੀਤਾ ਜਾ ਚੁੱਕਿਆ ਹੈ ਅਤੇ ਪਟਿਆਲਾ ਸ਼ਹਿਰ ਨੂੰ ਪੀਣ ਵਾਲੇ ਪਾਣੀ ਦੀ ਨਹਿਰੀ ਸਪਲਾਈ ਦਾ 500 ਕਰੋੜ ਰੁਪਏ ਦਾ ਪ੍ਰਾਜੈਕਟ ਵੀ ਆਰੰਭ ਹੋ ਗਿਆ ਹੈ।
ਉਹਨਾਂ ਦੱਸਿਆ ਕਿ ਸਨੌਰ ਰੋਡ ਤੇ ਸਥਿਤ ਡੰਪ ਦੇ ਵੱਡੇ ਢੇਰ ਦੀ ਬਣੀ ਸਮੱਸਿਆ ਨੂੰ ਵੀ ਇਸ ਸਾਲ ਵਿੱਚ ਹੱਲ ਕਰਨ ਦੀ ਯੋਜਨਾ ਨੂੰ ਅਮਲੀ ਰੂਪ ਮਿਲਣ ਤੋਂ ਬਾਅਦ 6 ਕਰੋੜ ਦੀ ਲਾਗਤ ਦਾ ਇਹ ਪ੍ਰਾਜੈਕਟ ਆਰੰਭ ਹੋ ਗਿਆ ਹੈ। ਸ਼ਹਿਰ ਦੇ ਭੀੜ ਭਾੜ ਵਾਲੇ ਖੇਤਰ ਤੋਂ ਡੇਅਰੀਆਂ ਨੂੰ ਬਾਹਰ ਲਿਜਾਣ ਅਤੇ ਰਾਘੋ ਮਾਜਰਾ ਦੀ ਰੇਹੜੀ ਮਾਰਕੀਟ ਨੂੰ ਇੱਕ ਥਾਂ ਲਿਜਾਣ ਦੀ ਯੋਜਨਾ ਵੀ ਲਗਪਗ ਮੁਕੰਮਲ ਹੋ ਚੁੱਕੀ ਹੈ। ਇਸਦੇ ਨਾਲ ਹੀ 6.89 ਕਰੋੜ ਰੁਪਏ ਦੀ ਲਾਗਤ ਨਾਲ ਈਸਰਨ ਡਰੇਨ ਅਤੇ 5 ਕਰੋੜ ਰੁਪਏ ਦੀ ਲਾਗਤ ਨਾਲ ਜੈਕਬ ਡਰੇਨ ਦੇ ਸੁੰਦਰੀਕਰਨ ਤੇ ਇਸ ਨੂੰ ਨਵਿਆਉਣ ਦਾ ਕੰਮ ਵੀ ਵੱਡੇ ਪੱਧਰ ਤੇ ਕਰਵਾਇਆ ਗਿਆ ਹੈ ਜੋ ਕਿ ਮੁਕੰਮਲ ਹੋਣ ਦੇ ਬਿਲਕੁਲ ਕਰੀਬ ਹੈ।
ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਛੋਟੀ ਅਤੇ ਵੱਡੀ ਨਦੀ ਦੇ ਸੁੰਦਰੀਕਰਨ ਦੇ ਪ੍ਰਾਜੈਕਟ ਤੇ 208 ਕਰੋੜ ਰੁਪਏ ਖ਼ਰਚ ਕਰਨ ਦਾ ਕੰਮ ਵੀ ਸ਼ੁਰੂ ਹੋ ਚੁੱਕਾ ਹੈ। ਇਸ ਤਹਿਤ ਘਲੋੜੀ ਗੇਟ ਵਿਖੇ 26 ਐਮ.ਐਲ.ਡੀ. ਦਾ ਐਸ.ਟੀ.ਪੀ. ਲੱਗੇਗਾ ਤੇ ਦੋਹਾਂ ਨਦੀਆਂ ਦਰਮਿਆਨ ਇੱਕ ਚੈਕ ਡੈਮ ਬਣੇਗਾ ਅਤੇ ਨਾਲ ਹੀ 3.45 ਕਿਲੋਮੀਟਰ ਦਾ ਸਾਇਕਲਿੰਗ ਟ੍ਰੈਕ ਵੀ ਬਣਾਇਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਹੀ ਸਮਾਰਟ ਵਿਲੇਜ ਸਕੀਮ ਤਹਿਤ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਪਹਿਲੇ ਪੜਾਅ ਤਹਿਤ 43.51 ਕਰੋੜ ਰੁਪਏ ਖ਼ਰਚ ਕੇ ਵਿਕਾਸ ਕੰਮ ਕਰਵਾਏ ਗਏ ਹਨ ਜਦੋਂਕਿ ਦੂਜੇ ਪੜਾਅ ਤਹਿਤ 121 ਕਰੋੜ ਰੁਪਏ ਦੇ ਵਿਕਾਸ ਕੰਮ ਅਰੰਭ ਕੀਤੇ ਗਏ ਹਨ। ਇਸ ਤੋਂ ਬਿਨ੍ਹਾਂ ਪਿੰਡਾਂ ਵਿੱਚ ਸਵੱਛ ਭਾਰਤ ਮਿਸ਼ਨ, ਜਲ ਸਪਲਾਈ, ਸਕੂਲਾਂ, ਪਾਰਕਾਂ, ਗਲੀਆਂ ਨਾਲੀਆਂ, ਛੱਪੜਾਂ ਅਤੇ ਹੋਰ ਵਿਕਾਸ ਕੰਮ ਲਈ 15ਵੇਂ ਵਿੱਤ ਕਮਿਸ਼ਨ ਦੇ ਵੀ ਕਰੀਬ 45.26 ਕਰੋੜ ਰੁਪਏ ਜਾਰੀ ਕੀਤੇ ਗਏ ਹਨ।

Leave a Reply

Your email address will not be published. Required fields are marked *