ਕੋਵਿਡ-19 ਦੌਰਾਨ ਪੇਂਡੂ ਵਿਕਾਸ ਵਿਭਾਗ ਨੇ ਹੁਣ ਤੱਕ ਸੈਲਫ ਹੈਲਪ ਗਰੁੱਪਾਂ ਰਾਹੀਂ 6 ਲੱਖ ਮਾਸਕ ਤਿਆਰ ਕਰਵਾਏ, 10 ਲੱਖ ਹੋਰ ਤਿਆਰ ਕਰਵਾਏ ਜਾਣਗੇ : ਤ੍ਰਿਪਤ ਬਾਜਵਾ

ਚੰਡੀਗੜ੍ਹ, 1 ਅਗਸਤ (ਸ.ਬ.) ਕੋਰੋਨਾ ਵਾਇਰਸ ਦੇ ਵਿਸ਼ਵ ਵਿਆਪੀ ਪਸਾਰੇ ਕਾਰਨ ਜਿੱਥੇ ਦੁਨੀਆਂ ਦੀ ਆਰਥਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ, ਉਥੇ ਪੰਜਾਬ ਸਰਕਾਰ ਸੂਬੇ ਦੇ ਲੋਕਾਂ ਨੂੰ ਇਸ ਦੇ ਅਸਰ ਤੋਂ ਮੁਕਤ ਰੱਖਣ ਲਈ ਲਗਾਤਾਰ ਯਤਨਸੀਲ ਹੈ| ਇਸ ਸੰਬੰਧੀ ਅੱਜ ਇਥੇ ਜਾਰੀ ਬਿਆਨ ਵਿਚ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਸ੍ਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਗਰੀਬ ਪੇਂਡੂ ਲੋਕਾਂ ਨੂੰ ਵੱਧ ਤੋਂ ਵੱਧ ਰੁਜ਼ਗਾਰ ਮੁਹੱਈਆ ਕਰਵਾਉਣ ਦੇ ਤਹਿਤ ਸੈਲਫ ਹੈਲਪ ਗਰੁੱਪਾਂ ਰਾਹੀਂ ਵੱਡੇ ਪੱਧਰ ਤੇ ਮਾਸਕ ਅਤੇ ਐਪਰਨ ਤਿਆਰ ਕਰਵਾ ਕੇ ਸਿਵਲ ਅਤੇ ਪੁਲੀਸ ਪ੍ਰਸਾਸ਼ਨ ਨੂੰ ਦਿੱਤੇ ਜਾ ਰਹੇ ਹਨ| ਉਨ੍ਹਾਂ ਦੱਸਿਆ ਕਿ ਹੁਣ ਤੱਕ ਸੂਬੇ ਦੇ ਸੈਲਫ ਹੈਲਪ ਗਰੁੱਪਾਂ ਵਲੋਂ ਤਕਰੀਬਨ ਛੇ ਲੱਖ ਮਾਸਕ ਤੇ ਐਪਰਨ ਤਿਆਰ ਕੀਤੇ ਗਏ ਹਨ ਜੋ ਕਿ ਇਸ ਸੰਕਟ ਦੀ ਘੜੀ ਦੌਰਾਨ ਵਰਦਾਨ ਸਾਬਤ ਰਹੇ ਹਨ| 
ਉਨ੍ਹਾਂ ਦੱਸਿਆ ਕਿ 10 ਲੱਖ ਹੋਰ ਮਾਸਕ ਸੈਲਫ ਹੈਲਪ ਗਰੁੱਪਾਂ ਵਲੋਂ ਤਿਆਰ ਕਰਕੇ ਦਿੱਤੇ ਜਾਣਗੇ| ਜਿਸ ਦਾ ਅੰਦਾਜਨ ਸੈਲਫ ਹੈਲਪ ਗਰੁੱਪਾਂ ਨੂੰ 50 ਲੱਖ ਰੁਪਏ ਦਾ ਕਾਰੋਬਾਰ ਹੋਰ             ਮਿਲੇਗਾ| ਉਨ੍ਹਾਂ ਦੱਸਿਆ ਕਿ ਮਾਸਕ ਬਣਾਉਣ ਲਈ ਸੈਲਫ ਹੈਲਪ ਗਰੁੱਪਾਂ ਨੂੰ ਸਮਾਨ ਵੱਖ ਵੱਖ ਸੰਸਥਾਵਾਂ ਅਤੇ ਪ੍ਰਸਾਸ਼ਨ ਵਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਮਾਸਕ ਤਿਆਰ ਕਰਨ ਲਈ ਸੈਲਫ ਹੈਲਪ ਗਰੁੱਪ ਨੂੰ ਪ੍ਰਤੀ ਮਾਸਕ 5 ਰੁਪਏ ਮਿਹਨਤਾਨਾ ਮਿਲਦਾ ਹੈ| ਇਸ ਸੰਕਟ ਦੀ ਘੜੀ ਆਜੀਵਕਾ ਮਿਸ਼ਨ ਅਧੀਨ ਪੇਂਡੂ ਗਰੀਬ ਔਰਤਾਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਅਤੇ ਇਸ ਕੰਮ ਤੋਂ ਹੋ ਰਹੀ ਕਮਾਈ ਨਾਲ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾ ਰਹੀਆਂ ਹਨ|
ਇਸ ਦੌਰਾਨ ਵਿਭਾਗ ਵੱਲੋਂ ਕੀਤੇ ਜਾ ਰਹੇ ਕੰਮਾਂ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਸਕੱਤਰ ਪੇਂਡੂ ਵਿਕਾਸ ਵਿਭਾਗ ਸੀਮਤੀ ਸੀਮਾ ਜੈਨ ਨੇ ਦੱਸਿਆ ਕਿ ਮਾਸਕ ਬਣਾਉਣ ਤੋਂ ਇਲਾਵਾ ਵਿਭਾਗ ਵੱਲੋਂ ਪਿੰਡਾਂ ਵਿੱਚ ਵੱਡੇ ਪੱਧਰ ਤੇ ਮਹਾਂਮਾਰੀ ਸਬੰਧੀ ਜਾਗਰੂਕਤਾ ਅਭਿਆਨ ਚਲਾਇਆ ਜਾ ਰਿਹਾ ਹੈ| ਉਨ੍ਹਾਂ ਦੱਸਿਆ ਵਿਭਾਗ ਨੇ ਸਰਪੰਚਾਂ ਦੇ ਵਟਸਐਪ ਗਰੁੱਪ ਬਣਾ ਕੇ ਕੋਵਿਡ ਤੋਂ ਬਚਾਅ ਲਈ ਜਾਣਕਰੀ ਸਾਂਝੀ ਕੀਤੀ ਜਾ ਰਹੀ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਨੂੰ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ| ਇਸਦੇ ਨਾਲ ਨਾਂਲ ਪਿੰਡਾਂ ਵਿਚ ਲਾਏ ਗਏ ਬੂਟਿਆਂ ਦੀ ਸਾਂਭ ਸੰਭਾਲ ਲਈ ਵਣ ਮਿੱਤਰਾਂ ਨੂੰ ਰੁਜ਼ਗਾਰ ਦਿੱਤਾ ਗਿਆ ਹੈ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣ ਲਈ ਚਿੰਨ ਲਾਏ ਗਏ ਹਨ| ਉਹਨਾਂ ਦੱਸਿਆ ਕਿ ਪਿੰਡਾਂ ਵਿਚ ਦਵਾਈ ਦੀ ਸਪਰੇਅ ਕਰਕੇ ਸੈਨੀਟੇਸ਼ਨ ਦੇ ਤਿੰਨ ਰਾਉਂਡ ਪੂਰੇ ਕੀਤੇ ਗਏ ਹਨ ਅਤੇ ਪਿੰਡਾਂ ਦੇ ਟੋਭਿਆਂ ਦੀ ਸਫਾਈ, ਪੰਚਾਇਤੀ ਜਮੀਨਾਂ ਦੀ ਸਫਲ ਬੋਲੀ ਕਰਵਾਈ ਗਈ ਹੈ ਜਦੋਂਕਿ ਵਿਭਾਗ ਦੇ ਅਧੀਨ ਕੰਮ ਕਰ ਰਹੇ ਪੇਂਡੂ ਡਾਕਟਰਾਂ ਅਤੇ ਫਾਰਮਾਸਿਸਟਾਂ ਵਲੋਂ ਫਰੰਟਲਾਈਨ ਤੇ ਕੋਵਿਡ ਵਾਰਡਾਂ ਵਿਚ ਡਿਊਟੀ ਦਿੱਤੀ ਜਾ ਰਹੀ ਹੈ|

Leave a Reply

Your email address will not be published. Required fields are marked *