ਕੋਵਿਡ -19 ਵੈਕਸੀਨ ਲਗਾਉਣ ਲਈ ਮੁਹਾਲੀ ਪੂਰੀ ਤਰ੍ਹਾਂ ਤਿਆਰ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਨੇ ਜ਼ਿਲ੍ਹਾ ਟਾਸਕ ਫੋਰਸ ਵਲੋਂ ਕੋਵਿਡ ਵੈਕਸੀਨ ਦੇ ਭੰਡਾਰਣ, ਵੰਡ ਅਤੇ ਪ੍ਰਸ਼ਾਸਨ ਦੀ ਯੋਜਨਾ ਬਾਰੇ ਕੀਤੀ ਮੀਟਿੰਗ


ਐਸ.ਏ.ਐਸ.ਨਗਰ, 11 ਦਸੰਬਰ (ਸ.ਬ.) ਜ਼ਿਲ੍ਹਾ ਮੁਹਾਲੀ, ਕੋਵਿਡ-19 ਦੀ ਵੈਕਸੀਨ ਨੂੰ ਨਿਰਵਿਘਨ ਲਗਾਉਣ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਇਸ ਸੰਬੰਧੀ ਪ੍ਰਸ਼ਾਸ਼ਨ ਵਲੋਂ ਪੂਰੀ ਤਰ੍ਹਾਂ ਤਿਆਰੀ ਕਰ ਲਈ ਗਈ ਹੈ| ਡਿਪਟੀ ਕਮਿਸ਼ਨਰ ਐਸ.ਏ.ਐਸ. ਨਗਰ ਗਿਰੀਸ਼ ਦਿਆਲਨ ਨੇ ਅੱਜ ਇੱਥੇ ਜ਼ਿਲ੍ਹਾ ਟਾਸਕ ਫੋਰਸ ਵਲੋਂ ਕੋਵਿਡ ਵੈਕਸੀਨ ਦੇ ਭੰਡਾਰਣ, ਵੰਡ ਅਤੇ ਪ੍ਰਸ਼ਾਸਨ ਦੀ ਯੋਜਨਾ ਤੇ  ਵਿਚਾਰ-ਵਟਾਂਦਰਾ ਕਰਨ ਉਪਰੰਤ ਜਾਰੀ ਇੱਕ ਬਿਆਨ ਵਿੱਚ ਦੱਸਿਆ ਕਿ ਮੁੱਢਲੀ ਜਾਣਕਾਰੀ ਅਨੁਸਾਰ, ਜਿਲ੍ਹੇ ਵਿੱਚ ਦਸੰਬਰ ਦੇ ਅੰਤ ਜਾਂ ਜਨਵਰੀ 2021 ਦੇ ਸ਼ੁਰੂ ਵਿੱਚ ਇਸ ਵੈਕਸੀਨ ਦੇ ਜ਼ਿਲ੍ਹੇ ਵਿੱਚ ਆਉਣ ਦੀ ਸੰਭਾਵਨਾ ਹੈ ਅਤੇ ਇਸ ਗੱਲ ਨੂੰ ਧਿਆਨ ਵਿੱਚ ਰੱਖਦਿਆਂ ਵੈਕਸੀਨ ਦੇ ਪ੍ਰਬੰਧਨ ਦੀ ਪ੍ਰਕਿਰਿਆ  ਵਿੱਚ ਸ਼ਾਮਲ ਕੀਤੇ ਸਟਾਫ ਦੀ ਸਿਖਲਾਈ ਅਤੇ ਵੈਕਸੀਨ ਲਗਾਉਣ ਵਾਲੀਆਂ ਥਾਵਾਂ ਨੂੰ ਨਿਸ਼ਚਤ ਕੀਤਾ ਗਿਆ ਹੈ|
ਉਹਨਾਂ ਕਿਹਾ ਕਿ ਪਹਿਲੇ ਗੇੜ ਵਿੱਚ ਸਰਕਾਰੀ ਅਤੇ ਪ੍ਰਾਈਵੇਟ ਅਦਾਰਿਆਂ ਦੇ ਮੋਹਰੀ ਕਤਾਰ ਵਿੱਚ ਕੰਮ ਕਰਨ ਵਾਲੇ 9515 ਰਜਿਸਟਰਡ ਕੋਰੋਨਾ ਯੋਧਿਆਂ ਨੂੰ ਵੈਕਸੀਨ ਲਗਾਈ ਜਾਵੇਗੀ| ਇਹ ਵੈਕਸੀਨ ਵਿਸ਼ੇਸ਼ ਤੌਰ ਤੇ ਸਿਹਤ ਸੰਸਥਾਵਾਂ ਵਿੱਚ ਲਗਾਈ ਜਾਵੇਗੀ ਤਾਂ ਜੋ ਉਹਨਾਂ ਨੂੰ ਟੀਕਾਕਰਣ ਤੋਂ ਬਾਅਦ ਲਗਭਗ ਅੱਧੇ ਘੰਟੇ ਲਈ ਨਿਗਰਾਨੀ ਹੇਠ ਰੱਖਿਆ ਜਾ ਸਕੇ ਅਤੇ ਕਿਸੇ ਅਣਚਾਹੇ ਰੀਐਕਸ਼ਨ ਤੋਂ ਬਚਾਅ ਕੀਤਾ ਜਾ ਸਕੇ| ਉਹਨਾਂ ਕਿਹਾ ਕਿ ਜੇ ਜ਼ਰੂਰੀ ਹੋਇਆਂ ਤਾਂ                ਵੈਕਸੀਨੇਸ਼ਨ ਟੀਮਾਂ ਵਲੋਂ ਸਕੂਲਾਂ, ਕਮਿਊਨਿਟੀ ਹਾਲਾਂ, ਗ੍ਰਾਮ ਪੰਚਾਇਤ, ਮਿਊਂਸਿਪਲ ਇਮਾਰਤਾਂ ਨੂੰ ਵੀ ਵਰਤੋਂ ਵਿੱਚ ਲਿਆਂਦਾ ਜਾ ਸਕਦਾ ਹੈ|
ਉਹਨਾਂ ਦੱਸਿਆ ਕਿ ਵੈਕਸੀਨ ਲਗਾਉਣ ਵਾਲੀਆਂ ਥਾਵਾਂ ਨੂੰ ਤਿੰਨ ਹਵਾਦਾਰ ਕਮਰਿਆਂ/ ਖੇਤਰਾਂ  ਵਜੋਂ ਤਿਆਰ ਕੀਤਾ ਗਿਆ ਹੈ| ਸਭ ਤੋਂ ਪਹਿਲਾਂ ਵੇਟਿੰਗ ਰੂਮ ਜਿੱਥੇ ਲਾਭਪਾਰੀਆਂ ਨੂੰ ਵੈਕਸੀਨ ਲਈ ਲਾਈਨ ਅਪ ਕੀਤਾ ਜਾਵੇਗਾ, ਦੂਜਾ ਵੈਕਸੀਨ ਲਗਾਉਣ ਲਈ                ਵੈਕਸੀਨੇਸ਼ਨ ਰੂਮ ਅਤੇ ਤੀਜਾ ਨਿਗਰਾਨੀ ਲਈ ਆਬਜ਼ਰਵੇਸ਼ਨ ਰੂਮ ਬਣਾਇਆ ਜਾਵੇਗਾ|  
ਉਹਨਾਂ ਕਿਹਾ ਕਿ ਇਸ ਪ੍ਰੋਗਰਾਮ ਲਈ ਸੂਚਨਾ ਪ੍ਰਸਾਰ ਪ੍ਰਬੰਧਾਂ ਤੇ ਵੀ ਕੰਮ ਕੀਤਾ ਗਿਆ ਹੈ ਕਿਉਂਕਿ ਪ੍ਰਾਈਮਰੀ ਟੀਕਾ ਲਗਾਉਣ ਤੋਂ ਬਾਅਦ ਫਾਲੋ-ਅਪ ਸ਼ਾਟਸ ਜਾਂ ਬੂਸਟਰ ਟੀਕੇ ਦੀ ਲੋੜ ਵੀ ਹੋ ਸਕਦੀ ਹੈ| ਸ੍ਰੀ ਦਿਆਲਨ ਨੇ ਕਿਹਾ ਕਿ ਅਸੀਂ ਇਕ ਵਿਸ਼ੇਸ਼ ਪ੍ਰਣਾਲੀ ਤਿਆਰ ਕਰ ਰਹੇ ਹਾਂ ਤਾਂ ਜੋ ਸਿਹਤ ਅਧਿਕਾਰੀਆਂ ਦੇ ਨਿਰਦੇਸ਼ਾਂ ਅਨੁਸਾਰ ਹਰੇਕ ਲਾਭਪਾਤਰੀ ਨੂੰ ਲੋੜੀਂਦੇ ਟੀਕੇ ਸਮੇਂ ਸਿਰ ਮਿਲ ਸਕਣ|
ਮੀਟਿੰਗ ਵਿੱਚ ਹੋਰਨਾਂ ਤੋਂ ਇਾਂਲਾਵਾ ਏ. ਡੀ. ਸੀ. (ਜੀ) ਆਸ਼ਿਕਾ ਜੈਨ, ਸਿਵਲ ਸਰਜਨ ਡਾ. ਜੀ. ਬੀ. ਸਿੰਘ, ਆਈ. ਐਮ. ਏ ਦੇ ਪ੍ਰਤੀਨਿਧੀ, ਸਿਹਤ, ਸਿੱਖਿਆ, ਸਥਾਨਕ ਸਰਕਾਰਾਂ, ਸਮਾਜ ਭਲਾਈ, ਯੁਵਕ ਮਾਮਲੇ, ਲੋਕ ਸੰਪਰਕ ਤੇ ਜ਼ਿਲ੍ਹੇ ਦੇ ਹੋਰ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ|

Leave a Reply

Your email address will not be published. Required fields are marked *