ਕੌਂਸਲਰ ਬੇਦੀ ਨੇ ਸਫ਼ਾਈ ਠੇਕੇਦਾਰ ਖਿਲਾਫ਼ ਸਖ਼ਤੀ ਵਰਤਣ ਲਈ ਨਿਗਮ ਕਮਿਸ਼ਨਰ ਨੂੰ ਲਿਖਿਆ ਪੱਤਰ

ਐਸ.ਏ.ਐਸ. ਨਗਰ, 8 ਫ਼ਰਵਰੀ (ਸ.ਬ.) ਨਗਰ ਨਿਗਮ ਮੁਹਾਲੀ ਦੇ ਕੌਂਸਲਰ ਕੁਲਜੀਤ ਸਿੰਘ ਬੇਦੀ ਨੇ ਨਗਰ ਨਿਗਮ ਦੇ ਕਮਿਸ਼ਨਰ ਨੂੰ ਇੱਕ ਪੱਤਰ ਲਿਖ ਕੇ ਉਨ੍ਹਾਂ ਦਾ ਧਿਆਨ ਸ਼ਹਿਰ ਦੀ ਸਫ਼ਾਈ ਵੱਲ ਦਿਵਾਉਣ ਦੀ ਕੋਸ਼ਿਸ਼ ਕੀਤੀ ਹੈ| ਕਮਿਸ਼ਨਰ ਨੂੰ ਲਿਖੇ ਪੱਤਰ ਵਿੱਚ ਸ੍ਰ. ਬੇਦੀ ਨੇ ਕਿਹਾ ਕਿ ਦੇਖਣ ਵਿੱਚ ਆਇਆ ਹੈ ਕਿ ਚੋਣਾਂ ਦੌਰਾਨ ਜਦੋਂ ਸਾਰਾ ਪ੍ਰਸ਼ਾਸਨ ਚੋਣਾਂ ਵਾਲੇ ਪਾਸੇ ਵਿਅਸਤ ਸੀ ਤਾਂ ਸਫ਼ਾਈ ਠੇਕੇਦਾਰ ਮੌਜਾਂ ਮਾਣ ਰਿਹਾ ਸੀ| ਠੇਕੇਦਾਰ ਵੱਲੋਂ ਸਫ਼ਾਈ ਕਰਮਚਾਰੀਆਂ ਦੀ ਗਿਣਤੀ ਘਟਾਉਣ ਕਾਰਨ ਸ਼ਹਿਰ ਵਿੱਚ ਥਾਂ ਥਾਂ ਗੰਦਗੀ ਦੇ ਢੇਰ ਲੱਗ ਗਏ ਹਨ| ਫੁੱਟ ਪਾਥਾਂ ਦੀ ਸਫ਼ਾਈ ਨਹੀਂ ਹੋ ਰਹੀ ਹੈ ਅਤੇ ਨਾ ਹੀ ਕੂੜੇ ਕਰਕਟ ਦੀ ਲਿਫ਼ਟਿੰਗ ਹੋ ਰਹੀ ਹੈ| ਇਸ ਦੇ ਨਾਲ ਹੀ ਕਰਵਾਂ ਤੇ ਘਾਹ ਉਗ ਚੁੱਕਾ ਹੈ ਅਤੇ ਸੜਕਾਂ ਕਿਨਾਰੇ ਬਰਮਾਂ ਦੀ ਵੀ ਸਫ਼ਾਈ ਨਹੀਂ ਹੋਈ|
ਸ੍ਰ. ਬੇਦੀ ਨੇ ਕਿਹਾ ਕਿ ਸ਼ਹਿਰ ਵਿੱਚ ਸਫ਼ਾਈ ਦੇ ਨਾਂ ‘ਤੇ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ| ਇਸ ਲਈ ਸਫ਼ਾਈ ਕਰਨ ਵਾਲੀ ਕੰਪਨੀ ਦੀ ਸੈਨੀਟੇਸ਼ਨ ਵਿੰਗ ਵੱਲੋਂ ਮੋਨੀਟਰਿੰਗ ਕਰਵਾਈ ਜਾਵੇ ਅਤੇ ਪਿਛਲੇ ਦੋ ਤਿੰਨ ਮਹੀਨਿਆਂ ਦਾ ਰਿਕਾਰਡ ਚੈਕ ਕੀਤਾ ਜਾਵੇ ਉਸ ਨੇ ਕਿੰਨੇ ਕਰਮਚਾਰੀ ਸਫ਼ਾਈ ਤੇ ਲਗਾਏ ਹਨ| ਉਨ੍ਹਾਂ ਕਿਹਾ ਕਿ ਸਫ਼ਾਈ ਠੇਕੇਦਾਰ ਕੰਪਨੀ ਦੇ ਕੰਮਕਾਜ ਦੀ ਸਹੀ ਢੰਗ ਨਾਲ ਮੋਨੀਟਰਿੰਗ ਕਰਵਾਈ ਜਾਵੇ ਅਤੇ ਕੰਪਨੀ ਨੂੰ ਉਚਿਤ ਸਟਾਫ਼ ਰੱਖ ਕੇ ਸ਼ਹਿਰ ਦੀ ਸਫ਼ਾਈ ਕਰਨ ਦੇ ਪਾਬੰਦ ਬਣਾਇਆ ਜਾਵੇ|

Leave a Reply

Your email address will not be published. Required fields are marked *