ਕੌਮੀ ਪੇਂਡੂ ਸਿਹਤ ਮਿਸ਼ਨ ਦੇ ਵਰਕਰਾਂ ਵਲੋਂ ਪੱਕਾ ਕਰਨ ਦੀ ਮੰਗ

ਐਸ.ਏ.ਐਸ ਨਗਰ, 24 ਜੁਲਾਈ (ਸ.ਬ.) ਐਨ.ਆਰ.ਐਚ.ਐਮ. ਇੰਪਲਾਈਜ਼ ਐਸੋਸੀਏਸ਼ਨ, ਪੰਜਾਬ ਅਤੇ ਐਨ.ਆਰ.ਐਚ.ਐਮ. ਇੰਪਲਾਈਜ਼ ਯੂਨੀਅਨ, ਪੰਜਾਬ ਦੇ ਆਗੂਆਂ ਡਾ. ਇੰਦਰਜੀਤ ਸਿੰਘ ਰਾਣਾ ਅਤੇ ਅਮਰਜੀਤ ਸਿੰਘ ਨੇ ਕਿਹਾ ਹੈ ਕਿ ਸਿਹਤ ਵਿਭਾਗ ਅਧੀਨ ਕੰਮ ਕਰ ਰਹੇ ਰਾਸ਼ਟਰੀ ਸਿਹਤ ਮਿਸ਼ਨ ਪੰਜਾਬ ਦੇ ਮੁਲਾਜ਼ਮਾਂ ਦੀ ਇੱਕ ਰੋਜ਼ਾ ਹੜਤਾਲ ਨੇ ਸਿਹਤ ਵਿਭਾਗ ਦੀ ਕੋਰੋਨਾ ਮਹਾਮਾਰੀ ਦੀ ਜੰਗ ਨੂੰ ਪ੍ਰਭਾਵਿਤ ਕੀਤਾ ਹੈ, ਪਰ ਇਸ ਦੇ ਨਾਲ ਹੀ ਸੂਬਾ ਸਰਕਾਰ ਦੀ ਆਮ ਜਨਤਾ ਵਿੱਚ ਛਵੀ ਨੂੰ ਵੀ ਗਹਿਰਾ ਧੱਕਾ ਲੱਗਿਆ ਹੈ ਕਿ ਕੈਪਟਨ ਸਰਕਾਰ ਦੇ ਰਾਜ ਵਿੱਚ ਪੜੀ-ਲਿਖੀ ਨੌਜਵਾਨ ਪੀੜੀ ਜੋ ਕਿ ਸਿਹਤ ਵਰਗੀਆਂ ਮੁਢਲੀਆਂ ਸੇਵਾਵਾਂ ਨਾਲ ਸਬੰਧਿਤ ਹੈ, ਉਹ ਆਪਣੇ ਹੱਕਾਂ ਲਈ ਅੱਜ ਸੜਕਾਂ ਤੇ ਰੁਲਣ ਨੂੰ ਮਜਬੂਰ ਹੋ ਗਈ ਹੈ|
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਇਸ ਸਮੇਂ ਮੁਲਾਜ਼ਮ ਕੋਵਿਡ ਦੀ ਜੰਗ ਲੜ ਰਹੇ ਹਨ ਅਤੇ ਮੁਲਾਜ਼ਮ ਆਗੂਆਂ ਨੇ ਹੜਤਾਲ ਤੇ ਜਾਣ ਤੋਂ ਪਹਿਲਾਂ ਹੀ ਸਰਕਾਰ ਨਾਲ ਗੱਲਬਾਤ ਕਰ ਕੇ ਮੁੱਦੇ ਦਾ ਹੱਲ ਕਰਨ ਦੀ ਅਪੀਲ ਵੀ ਕੀਤੀ ਸੀ| ਉਹਨਾਂ ਕਿਹਾ ਕਿ ਇਸ ਤੋਂ ਪਹਿਲਾਂ ਵੀ ਮੁਲਾਜ਼ਮਾਂ ਨੇ ਸਿਹਤ ਮੰਤਰੀ ਦੇ ਸਿਰਫ਼ ਇੱਕ ਵਾਰ ਇਹ ਵਿਸ਼ਵਾਸ ਦਿਵਾਉਂਣ ਤੇ ਹੀ ਕਿ ਉਹ ਮੁਲਾਜ਼ਮਾਂ ਨੂੰ ਜਲਦੀ ਹੀ ਪੱਕਾ ਕਰਨਗੇ, ਮੁਲਾਜ਼ਮਾਂ ਨੇ ਅਪ੍ਰੈਲ ਮਹੀਨੇ ਵਿੱਚ ਕੀਤੀ ਜਾਣ ਵਾਲੀ ਆਪਣੀ ਹੜਤਾਲ ਵਾਪਸ ਲੈ ਲਈ ਸੀ ਪਰੰਤੂ ਹੁਣ ਤਿੰਨ ਮਹੀਨੇ ਦਾ ਸਮਾਂ ਬੀਤ ਜਾਣ ਤੇ ਸਰਕਾਰ ਮੁਲਾਜ਼ਮਾਂ ਨਾਲ ਧੋਖਾ ਕਰਕੇ ਉਹਨਾਂ ਦੀਆਂ                   ਸੇਵਾਵਾਂ ਰੈਗੁਲਰ ਨਾ ਕਰਕੇ ਬਾਹਰੋਂ ਭਰਤੀ ਕਰ ਰਹੀ ਹੈ|
ਮੁਲਾਜ਼ਮ ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਨਵੀਂਆਂ ਕੱਢੀਆਂ ਪੋਸਟਾਂ ਤੇ ਪਹਿਲ ਦੇ ਆਧਾਰ ਤੇ ਉਹਨਾਂ ਨੂੰ ਪੱਕਾ ਕਰੇ ਅਤੇ ਉਹਨਾਂ ਦੀ ਥਾਂ ਤੇ ਨਵੀਆਂ ਭਰਤੀਆਂ ਕਰੇ ਕਿਉਂ ਕਿ ਉਹਨਾਂ ਨੂੰ ਕੰਮ ਦਾ 10-12 ਸਾਲ ਦਾ ਤਜ਼ੁਰਬਾ ਹੈ ਅਤੇ ਉਹਨਾਂ ਦੀ ਭਰਤੀ ਪੂਰੇ ਪਾਰਦਰਸ਼ੀ ਤਰੀਕੇ ਨਾਲ ਹੋਈ ਹੈ|

Leave a Reply

Your email address will not be published. Required fields are marked *