ਕੌਮੀ ਪੋਸ਼ਣ ਮਹੀਨਾ ਐਵਾਰਡ ਸਮਾਰੋਹ ਦੌਰਾਨ ਪੰਜਾਬ ਨੇ ਜਿੱਤੇ ਚਾਰ ਐਵਾਰਡ

ਚੰਡੀਗੜ੍ਹ, 10 ਅਕਤੂਬਰ (ਸ.ਬ.) ਪੰਜਾਬ ਦੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਭਲਾਈ ਵਿਭਾਗ ਵੱਲੋਂ ਸਤੰਬਰ ਮਹੀਨੇ ਦੌਰਾਨ ਮਨਾਏ ਗਏ ‘ਰਾਸ਼ਟਰੀ ਪੋਸ਼ਣ ਮਹੀਨੇ’ ਦੇ ਨਤੀਜਿਆਂ ਸਦਕਾ ਪੰਜਾਬ ਨੂੰ ਕੌਮੀ ਪੱਧਰ ਦੇ ਚਾਰ ਐਵਾਰਡ ਮਿਲੇ ਹਨ| ਇਸ ਸੰਬੰਧੀ ਨਵੀਂ ਦਿੱਲੀ ਵਿਖੇ ਹੋਏ ਕੌਮੀ ਪੋਸ਼ਣ ਐਵਾਰਡ ਸਮਾਰੋਹ ਦੌਰਾਨ ਮਾਨਸਾ ਦੀ ਡਿਪਟੀ ਕਮਿਸ਼ਨਰ ਮਿਸ ਅਪਨੀਤ ਰਿਆਤ ਨੂੰ ਜ਼ਿਲਾ ਪੱਧਰੀ ਲੀਡਰਸ਼ਿਪ ਐਵਾਰਡ, ਸੁਧਾਰ (ਜ਼ਿਲਾ ਲੁਧਿਆਣਾ) ਦੀ ਬਾਲ ਵਿਕਾਸ ਪ੍ਰਾਜੈਕਟ ਅਧਿਕਾਰੀ ਰਵਿੰਦਰ ਪਾਲ ਕੌਰ ਨੂੰ ਬਲਾਕ ਪੱਧਰੀ ਲੀਡਰਸ਼ਿਪ ਐਵਾਰਡ ਅਤੇ ਫਰੀਦਕੋਟ ਜ਼ਿਲੇ ਦੀ ਸੁਪਰਵਾਈਜ਼ਰ ਦਲਬੀਰ ਕੌਰ ਤੇ ਫਿਰੋਜ਼ਪੁਰ ਜ਼ਿਲੇ ਦੀ ਆਂਗਣਵਾੜੀ ਵਰਕਰ ਭਰਪੂਰ ਕੌਰ ਨੂੰ ਫੀਲਡ ਵਿੱਚ ਬਿਹਤਰੀਨ ਕੰਮ ਬਦਲੇ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ| ਪੰਜਾਬ ਦੀ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਭਲਾਈ ਮੰਤਰੀ ਸ੍ਰੀਮਤੀ ਅਰੁਨਾ ਚੌਧਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜ਼ਮੀਨੀ ਪੱਧਰ ਤੇ ਪੋਸ਼ਣ ਅਭਿਆਨ ਨੂੰ ਸਫਲਤਾਪੂਰਵਕ ਲਾਗੂ ਕਰਨ ਦੇ ਸਿੱਟੇ ਵਜੋਂ ਪੰਜਾਬ ਨੂੰ ਚਾਰ ਕੌਮੀ ਐਵਾਰਡ ਮਿਲੇ ਹਨ|
ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਦੀ ਡਾਇਰੈਕਟਰ ਸ੍ਰੀਮਤੀ ਕਵਿਤਾ ਸਿੰਘ ਨੇ ਕਿਹਾ ਕਿ ਭਾਰਤ ਸਰਕਾਰ ਵੱਲੋਂ ਸ਼ੁਰੂ ਕੀਤੇ ਪੋਸ਼ਣ ਅਭਿਆਨ ਦਾ ਮੁੱਖ ਮੰਤਵ ਕੁਪੋਸ਼ਣ ਦਾ ਖਾਤਮਾ ਕਰਨਾ ਹੈ| ਉਨ੍ਹਾਂ ਕਿਹਾ ਕਿ ਸਤੰਬਰ ਮਹੀਨਾ ‘ਪੋਸ਼ਣ ਅਭਿਆਨ ਰਾਸ਼ਟਰੀ ਪੋਸ਼ਣ ਮਹੀਨੇ’ ਵਜੋਂ ਮਨਾਇਆ ਗਿਆ| ਇਸ ਅਭਿਆਨ ਦਾ ਮੁੱਖ ਮਨਰੋਥ ਛੇ ਸਾਲ ਤੱਕ ਦੇ ਬੱਚਿਆਂ ਵਿੱਚ ਸਰੀਰਿਕ ਵਿਕਾਸ ਦੀ ਕਮੀ, ਜਨਮ ਸਮੇਂ ਬੱਚਿਆ ਦਾ ਘੱਟ ਵਜ਼ਨ, ਬੌਨੇਪਣ ਦੀ ਸਮੱਸਿਆ, ਪੋਸ਼ਕ ਅਹਾਰ ਦੀ ਕਮੀ ਅਤੇ ਅਨੀਮਿਆ ਨੂੰ ਦੂਰ ਕਰਨਾ ਹੈ| ਇਸ ਅਭਿਆਨ ਤਹਿਤ ਔਰਤਾਂ ਅਤੇ ਬੱਚਿਆਂ ਨੂੰ ਮੁੱਖ ਤੌਕ ਤੇ ਸ਼ਾਮਲ ਕੀਤਾ ਗਿਆ| ਉਨ੍ਹਾਂ ਦੱਸਿਆ ਕਿ ਰਾਸ਼ਟਰੀ ਪੋਸ਼ਣ ਅਭਿਆਨ ਲਈ ਭਾਵੇਂ ਪੰਜਾਬ ਦੇ 7 ਜ਼ਿਲਿਖ਼ਆਂ ਫਰੀਦਕੋਟ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਲੁਧਿਆਣਾ, ਫਿਰੋਜਪੁਰ, ਤਰਨਤਾਰਨ ਅਤੇ ਮੋਗਾ ਨੂੰ ਚੁਣਿਆ ਗਿਆ ਸੀ ਪਰ ਵਿਭਾਗ ਵੱਲੋਂ ਪੋਸ਼ਣ ਅਭਿਆਨ ਨੂੰ ਲੋਕ ਲਹਿਰ ਬਣਾਉਂਦਿਆਂ ਪੋਸ਼ਣ ਮਹੀਨੇ ਦੌਰਾਨ ਸਾਰੇ 22 ਜ਼ਿਲ੍ਹਿਆਂ ਵਿੱਚ ਜਾਗਰੂਕਤਾ ਮੁਹਿੰਮ ਵਿੱਢੀ ਗਈ|
ਇਹ ਐਵਾਰਡ ਨੀਤੀ ਆਯੋਗ ਦੇ ਵਾਈਸ ਚੇਅਰਪਰਸਨ ਡਾ.ਰਾਜੀਵ ਕੁਮਾਰ ਨੇ ਸੌਂਪੇ| ਇਸ ਸਮਾਗਮ ਵਿੱਚ ਨੀਤੀ ਆਯੋਗ ਦੇ ਡਾ.ਵਿਨੋਦ ਕੁਮਾਰ ਪਾਲ, ਭਾਰਤ ਸਰਕਾਰ ਦੇ ਇਸਤਰੀ ਤੇ ਬਾਲ ਵਿਕਾਸ ਮੰਤਰਾਲੇ ਦੇ ਸਕੱਤਰ ਸ੍ਰੀ ਰਾਕੇਸ਼ ਸ੍ਰੀਵਾਸਤਵਾ ਤੇ ਸੰਯੁਕਤ ਸਕੱਤਰ ਡਾ. ਰਾਜੇਸ਼ ਕੁਮਾਰ ਨੇ ਵੀ ਸ਼ਿਰਕਤ ਕੀਤੀ

Leave a Reply

Your email address will not be published. Required fields are marked *