ਕੌਮੀ ਮਾਰਗ ਉੱਤੇ ਦੇਸੂਮਾਜਰਾ ਕਲੋਨੀ ਨੇੜੇ ਸੜਕ ਦੇ ਵਿਚਕਾਰ ਖੜਾ ਟਰਾਂਸਫਾਰਮਰ ਅਤੇ ਖੰਭਾ ਹਟਾਉਣ ਦੀ ਮੰਗ
ਖਰੜ, 20 ਜਨਵਰੀ (ਸ਼ਮਿੰਦਰ ਸਿੰਘ) ਹਿੰਦ ਸੰਗਰਾਮ ਪ੍ਰੀਸ਼ਦ ਪੰਜਾਬ ਇਕਾਈ ਦੇ ਸੂਬਾ ਪ੍ਰਧਾਨ ਪਵਨ ਮਨੋਚਾ ਨੇ ਨਗਰ ਕੌਂਸਲ ਅਤੇ ਸਥਾਨਕ ਪ੍ਰਸ਼ਾਸਨ ਤੋਂ ਕੌਮੀ ਮਾਰਗ-21 ਉੱਤੇ ਵਸੀ ਦੇਸੂਮਾਜਰਾ ਕਲੋਨੀ ਦੇ ਐਂਟਰੀ ਪੁਆਇੰਟ ਉੱਤੇ ਨੈਸ਼ਨਲ ਹਾਈਵੇ ਕਿਨਾਰੇ ਸੜਕ ਵਿਚਕਾਰ ਖੜੇ ਬਿਜਲੀ ਦੇ ਟਰਾਂਸਫਾਰਮਰ ਨੂੰ ਇੱਥੋਂ ਬਦਲ ਕੇ ਕਿਸੇ ਹੋਰ ਥਾਂ ਲਗਾਉਣ ਦੀ ਮੰਗ ਕੀਤੀ ਹੈ।
ਇੱਥੇ ਜਾਰੀ ਬਿਆਨ ਵਿੱਚ ਉਹਨਾਂ ਕਿਹਾ ਕਿ ਨੈਸ਼ਨਲ ਹਾਈਵੇ ਨੂੰ ਚੌੜਾ ਕਰਨ ਅਤੇ ਪੁੱਲ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ। ਭਾਵੇਂ ਕਿ ਪੁੱਲ ਅਤੇ ਸੜਕ ਨੂੰ ਆਵਾਜਾਈ ਲਈ ਖੋਲ ਦਿੱਤਾ ਗਿਆ ਹੈ ਪਰ ਹਾਲੇ ਵੀ ਕਾਫੀ ਕੰਮ ਬਾਕੀ ਹੈ। ਇਸ ਦੌਰਾਨ ਦੇਸੂਮਾਜਰਾ ਕਲੋਨੀ ਦੀ ਐਂਟਰੀ ਉੱਤੇ ਬਿਜਲੀ ਦੇ ਟਰਾਂਸਫਾਰਮਰ ਤੇ ਖੰਭੇ ਸੜਕ ਵਿਚਕਾਰ ਹੀ ਖੜੇ ਹਨ ਉਨਾਂ ਨੂੰ ਬਦਲਿਆ ਨਹੀਂ ਗਿਆ, ਜਿਸ ਕਾਰਨ ਹਰ ਵੇਲੇ ਸੜਕ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ।
ਉਹਨਾਂ ਕਿਹਾ ਕਿ ਇਸ ਟ੍ਰਾਂਸਫਾਰਮਰ ਕਾਰਨ ਕਲੋਨੀ ਦੇ ਵਸਨੀਕ ਮੇਨ ਹਾਈਵੇ ਉੱਤੇ ਗੱਡੀ ਸਕੂਟਰ ਚੜਾਉਣ ਵੇਲੇ ਵੀ ਡਰਦੇ ਹਨ ਅਤੇ ਉਥੇ ਹੁਣ ਤਕ ਰੈਂਪ ਵੀ ਨਹੀਂ ਬਣਾਇਆ ਗਿਆ ਜਦਕਿ ਮੁੰਡੀ ਖਰੜ ਵਿੱਚ ਦੋ ਥਾਵਾਂ ਉੱਤੇ ਰੈਂਪ ਬਣਾਏ ਗਏ ਹਨ। ਉਨ੍ਹਾਂ ਐਸ. ਡੀ. ਐੱਮ ਅਤੇ ਹੋਰਨਾਂ ਸਬੰਧਿਤ ਅਧਿਕਾਰੀਆਂ ਤੋਂ ਇਸ ਟਰਾਂਸਫਾਰਮਰ ਅਤੇ ਖੰਬਿਆਂ ਨੂੰ ਇੱਥੋਂ ਜਲਦੀ ਹਟਾਉਣ ਦੀ ਮੰਗ ਕੀਤੀ ਹੈ ਤਾਂ ਜੋ ਇਥੇ ਕੋਈ ਹਾਦਸਾ ਨਾ ਹੋ ਵਾਪਰੇ।