ਕ੍ਰਿਸਮਿਸ ਅਤੇ ਨਵੇਂ ਸਾਲ ਦੇ ਸਵਾਗਤ ਲਈ ਸਜ ਰਹੀਆਂ ਹਨ ਦੁਕਾਨਾਂ
ਐਸ ਏ ਐਸ ਨਗਰ, 10 ਦਸੰਬਰ (ਸ.ਬ.) ਤਿਉਹਾਰਾਂ ਦਾ ਸੀਜਨ ਲੰਘ ਗਿਆ ਹੈ ਅਤੇ ਹੁਣ ਦੁਕਾਨਦਾਰਾਂ ਅਤੇ ਵਪਾਰੀਆਂ ਦੀ ਆਸ ਕ੍ਰਿਸਮਿਸ ਦੇ ਤਿਉਹਾਰ ਅਤੇ ਨਵੇਂ ਸਾਲ ਮੌਕੇ ਹੋਣ ਵਾਲੀ ਵਿਕਰੀ ਤੇ ਟਿਕ ਗਈ ਹੈ|
ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿੱਚ ਵੱਖ ਵੱਖ ਦੁਕਾਨਾਂ ਤੇ ਕ੍ਰਿਸਮਿਸ ਟ੍ਰੀ ਅਤੇ ਕ੍ਰਿਸਮਿਸ ਨਾਲ ਸਬੰਧਿਤ ਹੋਰ ਸਮਾਨ ਵੇਚਣ ਲਈ ਸਜਾ ਕੇ ਰੱਖਿਆ ਹੋਇਆ ਹੈ ਅਤੇ ਇਸਦੇ ਨਾਲ ਨਵੇਂ ਸਾਲ ਸਬੰਧੀ ਵੀ ਕਈ ਕਿਸਮ ਦੀਆਂ ਪੇਟਿੰਗਾਂ ਅਤੇ ਹੋਰ ਦਿਲਕਸ਼ ਆਈਟਮਾਂ ਦੁਕਾਨਦਾਰਾਂ ਵਲੋਂ ਸਜਾ ਕੇ ਰਖੀਆਂ ਹੋਈਆਂ ਹਨ ਤਾਂ ਕਿ ਲੋਕ ਇਹਨਾਂ ਨੂੰ ਵੇਖ ਕੇ ਪ੍ਰਭਾਵਿਤ ਹੋਣ ਅਤੇ ਖਰੀਦਦਾਰੀ ਕਰਨ|
ਭਾਵੇਂ ਕ੍ਰਿਸਮਿਸ ਅਤੇ ਨਵਾਂ ਸਾਲ ਆਉਣ ਵਿੱਚ ਕਈ ਦਿਨ ਪਏ ਹਨ, ਪਰ ਦੁਕਾਨਾਂ ਵਿੱਚ ਇਹਨਾਂ ਸਬੰਧੀ ਹੁਣੇ ਤੋਂ ਸਜਾਵਟ ਕੀਤੀ ਜਾਣ ਲੱਗ ਪਈ ਹੈ| ਰਾਤ ਵੇਲੇ ਮਾਰਕੀਟਾਂ ਦੀਆਂ ਦੁਕਾਨਾਂ ਤੇ ਦਿਵਾਲੀ ਦੇ ਤਿਉਹਾਰ ਮੌਕੇ ਲਗਾਈਆਂ ਗਈਆਂ ਬਿਜਲਈ ਲੜੀਆਂ ਹੁਣੇ ਵੀ ਚਲ ਰਹੀਆਂ ਹਨ ਜੋ ਕਿ ਕ੍ਰਿਸਮਿਸ ਅਤੇ ਨਵਾਂ ਸਾਲ ਆਉਣ ਤਕ ਜਾਰੀ ਰਹਿਣੀਆਂ ਹਨ|
ਇਸ ਤੋਂ ਇਲਾਵਾ ਮਾਰਕੀਟਾਂ ਵਿੱਚ ਲੋਕਾਂ ਦੀ ਆਮਦ ਕਾਫੀ ਹੋਣ ਲੱਗੀ ਹੈ ਅਤੇ ਲੋਕ ਹੁਣ ਖਰੀਦਦਾਰੀ ਕਰਨ ਲਈ ਆਉਣ ਲੱਗੇ ਹਨ| ਸ਼ਾਮ ਵੇਲੇ ਵੱਖ ਵੱਖ ਮਾਰਕੀਟਾਂ ਵਿੱਚ ਵਾਹਨਾਂ ਦੀ ਵਧੇਰੇ ਆਮਦ ਹੋਣ ਕਰਕੇ ਘੜਮੱਸ ਜਿਹਾ ਪੈ ਜਾਂਦਾ ਹੈ ਅਤੇ ਅਕਸਰ ਲੋਕਾਂ ਨੂੰ ਆਪਣੇ ਵਾਹਨ ਖੜੇ ਕਰਨ ਲਈ ਥਾਂ ਲੱਭਣ ਵਿੱਚ ਸਮੱਸਿਆ ਆਉਂਦੀ ਹੈ| ਇਸ ਤੋਂ ਇਲਾਵਾ ਬਿਨਾਂ ਕਾਰਨ ਘੁੰਮਣ ਫਿਰਨ ਵਾਲੇ ਨੌਜਵਾਨ ਵੀ ਵੱਖ ਵੱਖ ਮਾਰਕੀਟਾਂ ਵਿੱਚ ਗੇੜੇ ਮਾਰਦੇ ਦਿਖਾਈ ਦਿੰਦ ੇਹਨ|
ਦੁਕਾਨਦਾਰਾਂ ਨੂੰ ਆਸ ਹੈ ਕਿ ਇਸ ਵਾਰ ਕ੍ਰਿਸਮਸ ਅਤੇ ਨਵੇਂ ਸਾਲ ਮੌਕੇ ਉਹਨਾਂ ਦੀ ਠੀਕ ਠਾਕ ਵਿਕਰੀ ਹੋ ਜਾਵੇਗੀ ਅਤੇ ਇਸਨੂੰ ਮੁੱਖ ਰੱਖਦਿਆਂ ਦੁਕਾਨਾਂ ਹੁਣੇ ਤੋਂ ਸਜਣ ਲੱਗ ਗਈਆਂ ਹਨ|