ਕੜਾਕੇ ਦੀ ਠੰਡ ਵਿੱਚ ਗਰਮਾਈ ਪੰਜਾਬ ਦੀ ਰਾਜਨੀਤੀ

ਐਸ ਏ ਐਸ ਨਗਰ, 8 ਜਨਵਰੀ (ਸ.ਬ.) ਪੰਜਾਬ ਵਿੱਚ ਇਕ ਪਾਸੇ ਕੜਾਕੇ ਦੀ ਠੰਡ ਪੈ ਰਹੀ ਹੈ, ਦੂਜੇ ਪਾਸੇ ਇਸ ਠੰਡ ਵਿੱਚ ਪੰਜਾਬ ਦੀ ਰਾਜਨੀਤੀ ਵਿੱਚ ਗਰਮੀ ਆ ਗਈ ਹੈ| ਆਉਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਕਿਹਾ ਜਾ ਰਿਹਾ ਹੈ ਕਿ ਚੋਣਾਂ ਦਾ ਰਸਮੀ ਐਲਾਨ ਮਾਰਚ ਦੇ ਮਹੀਨੇ ਵਿੱਚ ਹੋ ਸਕਦਾ ਹੈ ਅਤੇ ਇਹਨਾਂ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਵੀ ਜੋਰ ਫੜਣ ਲੱਗ ਗਈਆਂ ਹਨ | ਇਸੇ ਦਾ ਨਤੀਜਾ ਹੈ ਕਿ ਭਾਰੀ ਠੰਡ ਵਿੱਚ ਸਿਆਸਤ ਗਰਮ ਹੋ ਗਈ ਹੈ|
ਇਸ ਦੌਰਾਨ ਜਿੱਥੇ ਆਮ ਆਦਮੀ ਪਾਰਟੀ ਤੋਂ ਕਿਨਾਰਾ ਕਰ ਚੁਕੇ ਵਿਧਾਇਕ ਸ੍ਰ. ਸੁਖਪਾਲ ਸਿੰਘ ਖਹਿਰਾ ਵਲੋਂ ਆਪਣੀ ਨਵੀਂ ਪਾਰਟੀ ਪੰਜਾਬੀ ਏਕਤਾ ਪਾਰਟੀ ਬਣਾTਣ ਲਈ ਭਾਰਤੀ ਚੋਣ ਕਮਿਸ਼ਨ ਕੋਲ ਪਹੁੰਚ ਕੀਤੀ ਗਈ ਹੈ, ਉਥੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਭਗਵੰਤ ਮਾਨ ਨੇ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਹੋਰਨਾਂ ਆਗੂਆਂ ਨਾਲ ਮੁਲਾਕਾਤ ਕਰਕੇ ਆਉਂਦੀਆਂ ਲੋਕ ਸਭਾ ਚੋਣਾਂ ਲਈ ਸਾਂਝ ਭਿਆਲੀ ਪਾਉਣ ਦਾ ਯਤਨ ਕੀਤਾ ਹੈ|
ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਦੌਰਾਨ ਕਾਂਗਰਸ ਨਾਲ ਆਮ ਆਦਮੀ ਪਾਰਟੀ ਦਾ ਗਠਜੋੜ ਦੀ ਕੋਈ ਲੋੜ ਨਾ ਹੋਣ ਦੀ ਗੱਲ ਆਖੀ ਹੈ| ਹਾਲਾਂਕਿ ਉਹਨਾਂ ਨੇ ਕਿਹਾ ਹੈ ਕਿ ਇਸ ਸੰਬੰਧੀ ਕੋਈ ਫੈਸਲਾ ਪਾਰਟੀ ਦੀ ਹਾਈਕਮਾਨ ਵਲੋਂ ਹੀ ਲਿਆ ਜਾਣਾ ਹੈ| ਦੂਜੇ ਪਾਸੇ ਰਾਹੁਲ ਗਾਂਧੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਲੋਕ ਸਭਾ ਚੋਣਾਂ ਲਈ ਤਿਆਰ ਹੋ ਜਾਣ ਲਈ ਕਹਿ ਦਿਤਾ ਹੈ|
ਲੋਕਸਭਾ ਚੋਣਾ ਨੂੰ ਦੇਖਦਿਆਂ ਅਕਾਲੀ ਦਲ ਮਾਨ ਵੀ ਮੁੜ ਸਰਗਰਮ ਹੋ ਗਿਆ ਹੈ| ਅਕਾਲੀ ਦਲ ਮਾਨ ਵਲੋਂ ਮੇਲਾ ਮਾਘੀ ਮੌਕੇ ਮੁਕਤਸਰ ਵਿਖੇ ਕਾਨਫੰਰਸ ਕਰਨ ਦਾ ਐਲਾਨ ਕਰ ਦਿਤਾ ਗਿਆ ਹੈ| ਅਕਾਲੀ ਦਲ ਬਾਦਲ ਵਲੋਂ ਵੀ ਮਾਘੀ ਮੇਲੇ ਮੌਕੇ ਕਾਨਫੰਰਸ ਕਰਨ ਦਾ ਐਲਾਨ ਕੀਤਾ ਗਿਆ ਹੈ, ਜਦੋਂਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੁਝ ਦਿਨ ਪਹਿਲਾਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਮੇਲਾ ਮਾਘੀ ਮੌਕੇ ਰਾਜਸੀ ਕਾਨਫੰਰਸਾਂ ਨਾ ਕਰਨ| ਪਰੰਤੂ ਮੁੱਖ ਮੰਤਰੀ ਦੀ ਇਸ ਅਪੀਲ ਦਾ ਰਾਜਸੀ ਪਾਰਟੀਆਂ ਉਪਰ ਕੋਈ ਅਸਰ ਨਹੀਂ ਹੋਇਆ ਅਤੇ ਇਹ ਰਾਜਸੀ ਪਾਰਟੀਆਂ ਮਾਘੀ ਮੇਲੇ ਮੌਕੇ ਮੁਕਤਸਰ ਵਿਖੇ ਰਾਜਸੀ ਕਾਨਫੰਰਸਾਂ ਦੀ ਤਿਆਰੀ ਕਰਨ ਲੱਗੀਆਂ ਹੋਈਆਂ ਹਨ|
ਜਿੱਥੇ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਇਹ ਕਹਿੰਦਿਆਂ ਆਮ ਆਦਮੀ ਪਾਰਟੀ ਨਾਲ ਚੋਣ ਗਠਜੋੜ ਦੀ ਲੋੜ ਤੋਂ ਇਨਕਾਰ ਕਰ ਰਹੇ ਹਨ ਕਿ ਆਮ ਆਦਮੀ ਪਾਰਟੀ ਦਾ ਪੰਜਾਬ ਵਿੱਚ ਕੋਈ ਵਜੂਦ ਨਹੀਂ ਹੈ ਅਤੇ ਪੰਜਾਬ ਵਿੱਚ ਇਹ ਪਾਰਟੀ ਲਗਭਗ ਖਤਮ ਹੋ ਚੁੱਕੀ ਹੈ| ਉੱਥੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਵੀ ਕਾਂਗਰਸ ਨਾਲ ਚੋਣ ਗਠਜੋੜ ਕਰਨ ਦੇ ਹੱਕ ਵਿੱਚ ਨਹੀਂ ਹਨ ਅਤੇ ਉਹਨਾਂ ਵਲੋਂ ਵੀ ਆਪ ਦੀ ਕੇਂਦਰੀ ਲੀਡਰਸ਼ਿਪ ਨੂੰ ਕਿਹਾ ਜਾ ਚੁੱਕਿਆ ਹੈ ਕਿ ਪੰਜਾਬ ਵਿੱਚ ਆਪ ਨੂੰ ਕਾਂਗਰਸ ਨਾਲ ਗਠਜੋੜ ਨਹੀਂ ਕਰਨਾ ਚਾਹੀਦਾ| ਸ੍ਰ. ਮਾਨ ਦਾ ਕਹਿਣਾ ਹੈ ਕਿ ਅਜਿਹਾ ਕਰਨ ਤੇ ਆਪ ਦੇ ਸਮਰਥਕ ਤੇ ਕਾਂਗਰਸ ਪਾਰਟੀ ਦੇ ਵਿਰੋਧੀ ਵੱਡੀ ਗਿਣਤੀ ਐਨ ਆਰ ਆਈ ਪੰਜਾਬੀਆਂ ਵਿੱਚ ਰੋਸ ਫੈਲ ਜਾਵੇਗਾ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਹੁਣੇ ਇਹਨਾਂ ਦੀ ਨਾਰਾਜਗੀ ਝੱਲਣ ਦੀ ਸਥਿਤੀ ਵਿੱਚ ਨਹੀਂ ਹੈ| ਇਸਦੇ ਨਾਲ ਹੀ ਆਪ ਆਗੂਆਂ ਵਲੋਂ ਪੰਜਾਬ ਵਿੱਚ ਤੀਲਾ ਤੀਲਾ ਹੋ ਚੁਕਿਆ ਆਪ ਦਾ ਝਾੜੂ ਮੁੜ ਇਕੱਠਾ ਕਰਨ ਦੇ ਯਤਨ ਤੇਜ ਕਰ ਦਿੱਤੇ ਗਏ ਹਨ|
ਪੰਜਾਬ ਦੀ ਰਾਜਨੀਤੀ ਵਿੱਚ ਆਪੋ ਧਾਪੀ ਦਾ ਮਾਹੌਲ ਬਹੁਤ ਜਿਆਦਾ ਵੱਧ ਰਿਹਾ ਹੈ ਅਤੇ ਸੂਬੇ ਵਿੱਚ ਵਿਚਰ ਰਹੀਆਂ ਸਾਰੀਆਂ ਪਾਰਟੀਆਂ ਦੇ ਆਗੂਆਂ ਦੇ ਨਿਜੀ ਮੁਫਾਦ ਭਾਰੂ ਹੋ ਗਏ ਹਨ, ਇਸ ਸਾਰੇ ਮਾਮਲੇ ਵਿੱਚ ਲੋਕ ਮੁਦੇ ਪਿਛੇ ਰਹਿ ਗਏ ਹਨ| ਹਰ ਰਾਜਸੀ ਆਗੂ ਆਊਂਦੀਆਂ ਲੋਕ ਸਭਾ ਚੋਣਾਂ ਵਿੱਚ ਲਾਭ ਪ੍ਰਾਪਤ ਕਰਨ ਲਈ ਹੁਣੇ ਤੋਂ ਯਤਨਸ਼ੀਲ ਦਿਖ ਰਿਹਾ ਹੈ, ਜਿਸ ਕਾਰਨ ਕੜਾਕੇ ਦੀ ਠੰਡ ਵਿੱਚ ਪੰਜਾਬ ਦੀ ਰਾਜਨੀਤੀ ਕਾਫੀ ਗਰਮਾ ਗਈ ਹੈ, ਇਸ ਤਰ੍ਹਾਂ ਪੰਜਾਬ ਵਿੱਚ ਆਉਣ ਵਾਲੀਆਂ ਲੋਕ ਸਭਾ ਚੋਣਾਂ ਸਬੰਧੀ ਚੋਣ ਮਾਹੌਲ ਬਣਦਾ ਜਾ ਰਿਹਾ ਹੈ|

Leave a Reply

Your email address will not be published. Required fields are marked *