ਕੜਾਕੇ ਦੀ ਠੰਢ ਧੁੰਦ ਕਾਰਨ ਜਨਜੀਵਨ ਪ੍ਰਭਾਵਿਤ

ਨਵੀਂ ਦਿੱਲੀ,18 ਜਨਵਰੀ (ਸ.ਬ.) ਅੱਜ ਸਵੇਰੇ ਕੋਰੇ ਕਰਕੇ ਕੌਮੀ ਰਾਜਧਾਨੀ ਦਿੱਲੀ ਤੇ ਉਸ ਦੇ ਆਸ-ਪਾਸ ਦੇ ਇਲਾਕੇ ਵਿੱਚ ਵਿਜ਼ੀਬਿਲਟੀ ਬੇਹੱਦ ਘਟ ਗਈ| ਪਹਾੜੀ ਸੂਬਿਆਂ ਵਿੱਚ ਲਗਾਤਾਰ ਬਰਫਬਾਰੀ ਹੋ ਰਹੀ ਹੈ| ਇਸ ਕਰਕੇ ਉੱਤਰ ਭਾਰਤ ਵਿੱਚ ਕੰਬਾਉਣ ਵਾਲੀ ਠੰਢ ਦਾ ਕਹਿਰ ਜਾਰੀ ਹੈ|
ਧੁੰਦ ਦੀ ਵਜ੍ਹਾ ਕਰਕੇ ਹਵਾਈ ਸੇਵਾ ਵਿੱਚ ਕਾਫੀ ਵਿਘਨ ਪਿਆ| ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸਵੇਰੇ 5:30 ਤੋਂ 7:30 ਵਿਚਾਲੇ ਸਾਰੀਆਂ ਉਡਾਣਾਂ ਰੋਕ ਦਿੱਤੀਆਂ ਗਈਆਂ| ਆਈਜੀਆਈ ਆਉਣ ਵਾਲੀਆਂ ਉਡਾਣਾਂ ਵੀ ਘੱਟ ਵਿਜ਼ੀਬਿਲਟੀ ਕਰਕੇ ਸਮੇਂ ਸਿਰ ਲੈਂਡ ਨਹੀਂ ਹੋ ਸਕੀਆਂ|
ਦਿੱਲੀ ਦੇ ਲਗਪਗ ਹਰ ਇਲਾਕੇ ਵਿੱਚ ਕੋਰਾ ਇੰਨਾ ਪਿਆ ਕਿ ਥੋੜ੍ਹੀ ਦੂਰ ਤਕ ਵੀ ਵੇਖਿਆ ਨਹੀਂ ਜਾ ਰਿਹਾ| ਇਸੇ ਕਰਕੇ ਦਿੱਲੀ ਟ੍ਰੈਫਿਕ ਪੁਲੀਸ ਨੇ ਅਲਰਟ ਜਾਰੀ ਕਰ ਦਿੱਤਾ ਹੈ| ਸੜਕ ਤੇ ਚੱਲਦੇ ਸਮੇਂ ਸਾਵਧਾਨ ਰਹਿਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ|
ਪੁਲੀਸ ਨੇ ਸਾਵਧਾਨੀ ਨਾਲ ਵਾਹਨ ਚਲਾਉਣ ਦੀ ਸਲਾਹ ਦਿੱਤੀ ਹੈ| ਇਸ ਤੋਂ ਇਲਾਵਾ ਗੱਡੀ ਹੌਲ਼ੀ ਚਲਾਉਣ ਤੇ ਹੈਂਡਲੈਂਪ ਚਲਾਈ ਰੱਖਣ ਲਈ ਕਿਹਾ ਗਿਆ ਹੈ|
ਕੋਰੇ ਦੀ ਵਜ੍ਹਾ ਕਰਕੇ ਪ੍ਰਦੂਸ਼ਣ ਦੀ ਸਮੱਸਿਆ ਵੀ ਵਧ ਗਈ ਹੈ| ਲੋਕਾਂ ਨੂੰ ਸਾਹ ਲੈਣ ਵਿਚ ਵੀ ਪ੍ਰੇਸ਼ਾਨੀ ਆ ਰਹੀ ਹੈ| ਮੌਸਮ ਵਿਭਾਗ ਮੁਤਾਬਕ ਅਗਲੇ ਦੋ ਦਿਨਾਂ ਤਕ ਦਿੱਲੀ ਤੇ ਉੱਤਰ ਪ੍ਰਦੇਸ਼, ਹਰਿਆਣਾ, ਰਾਜਸਥਾਨ ਤੇ ਉੱਤਰਾਖੰਡ ਵਿੱਚ ਇਸੇ ਤਰ੍ਹਾਂ ਸੰਘਣੇ ਕੋਰਾ ਜਾਰੀ ਰਹੇਗਾ|
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਜਿੱਥੇ ਕੁੰਭ ਮੇਲਾ ਚੱਲ ਰਿਹਾ ਹੈ, ਉੱਥੇ ਵੀ ਕੋਰੇ ਦਾ ਕਹਿਰ ਜਾਰੀ ਹੈ| ਕੁੰਭ ਲਈ ਸਰਕਾਰ ਨੇ ਵਿਸ਼ਿਸ਼ਟ ਰੀਅਲ ਟਾਈਮ ਵੈਦਰ ਸਟੇਸ਼ਨ ਬਣਾਇਆ ਹੈ ਜਿਸ ਨਾਲ ਸਮੇਂ ਸਿਰ ਮੌਸਮ ਸਬੰਧੀ ਸਾਰੀ ਜਾਣਕਾਰੀ ਮਿਲਦੀ ਰਹੇਗੀ|
ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ ਤੇ ਉੜੀਸਾ ਵਿੱਚ ਸ਼ੀਤ ਲਹਿਰ ਦੀ ਸੰਭਾਵਨਾ ਜਤਾਈ ਹੈ| ਜੰਮੂ-ਕਸ਼ਮੀਰ ਵਿੱਚ ਤਾਜ਼ਾ ਬਰਫ਼ਬਾਰੀ ਹੋਈ ਹੈ| ਅੱਜ ਸ਼ਾਮ ਤੋਂ ਬਾਅਦ ਕਸ਼ਮੀਰ ਤੇ ਹਿਮਾਚਲ ਵਿੱਚ ਬਰਫ਼ਬਾਰੀ ਹੋਣ ਦਾ ਅਨੁਮਾਨ ਹੈ| ਮੌਸਮ ਵਿਭਾਗ ਨੇ 19 ਜਨਵਰੀ ਬਾਅਦ ਲਗਾਤਾਰ ਪੰਜ ਦਿਨਾਂ ਤਕ ਭਾਰੀ ਬਰਫ਼ਬਾਰੀ ਹੋਣ ਦਾ ਖਦਸ਼ਾ ਜਤਾਇਆ ਹੈ| ਇਸ ਵਾਰ ਪਹਾੜੀ ਖੇਤਰਾਂ ਵਿੱਚ ਲਗਾਤਾਰ ਬਰਫ਼ਬਾਰੀ ਹੋ ਰਹੀ ਹੈ|

Leave a Reply

Your email address will not be published. Required fields are marked *