ਕੰਜਿਊਮਰ ਪ੍ਰੋਟੈਕਸ਼ਨ ਐਂਡ ਅਵੇਅਰਨੈਸ ਕੌਂਸਲ ਮੁਹਾਲੀ ਨੇ ਖਪਤਕਾਰ ਜਾਗਰੂਕਤਾ ਕੈਂਪ ਲਗਾਇਆ

ਐਸ ਏ ਐਸ ਨਗਰ, 6 ਨਵੰਬਰ (ਸ.ਬ.) ਕੰਜਿਊਮਰ ਪ੍ਰੋਟੈਕਸ਼ਨ ਐਂਡ ਅਵੇਅਰਨੈਸ ਕੌਂਸਲ ਮੁਹਾਲੀ ਵਲੋਂ ਖਾਲਸਾ ਸੀਨੀਅਰ ਸੈਂਕੇਡਰੀ ਸਕੂਲ ਫੇਜ਼ 8 ਮੁਹਾਲੀ ਵਿਖੇ ਖਪਤਕਾਰ ਜਾਗਰੂਕ ਕੈਂਪ ਲਗਾਇਆ ਗਿਆ| ਇਸ ਮੌਕੇ ਰਿਟਾ. ਬ੍ਰਿਗੇਡੀਅਰ ਸ੍ਰ ਅਵਤਾਰ ਸਿੰਘ ਮੁੱਖ ਮਹਿਮਾਨ ਸਨ| ਆਪਣੇ ਸੰਬੋਧਨ ਵਿੱਚ ਬ੍ਰਿਗੇਡੀਅਰ ਸ੍ਰ ਅਵਤਾਰ ਸਿੰਘ ਨੇ ਕਿਹਾ ਕਿ ਖਪਤਕਾਰ ਐਕਟ ਵਿਦੇਸ਼ਾਂ ਵਿੱਚ ਬਹੁਤ ਸਮਾਂ ਪਹਿਲਾਂ ਹੀ ਲਾਗੂ ਕਰ ਦਿੱਤਾ ਗਿਆ ਸੀ, ਪਰ ਭਾਰਤ ਵਿੱਚ ਇਹ ਐਕਟ 1986 ਵਿੱਚ ਲਾਗੂ ਕੀਤਾ ਗਿਆ ਜਿਸ ਬਾਰੇ ਅਜੇ ਵੀ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ| ਲੋਕਾਂ ਨੂੰ ਇਸ ਐਕਟ ਬਾਰੇ ਜਾਣਕਾਰੀ ਦੇਣਾ ਸਵਾਗਤਯੋਗ ਕੰਮ ਹੈ| ਇਸ ਬਾਰੇ ਸਕੂਲੀ ਬੱਚਿਆਂ ਨੂੰ ਵੀ ਸਹੀ ਤਰੀਕੇ ਨਾਲ ਜਾਣਕਾਰੀ ਦਿੱਤੀ ਜਾਣੀ ਚਾਹੀਦੀ ਹੈ|
ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਜੱਜ ਸ੍ਰੀ ਐਚ ਐਸ ਵਾਲੀਆ ਨੇ ਕਿਹਾ ਕਿ ਲੋਕਾਂ ਨੂੰ ਹਰ ਤਰ੍ਹਾਂ ਦਾ ਸਮਾਨ ਖਰੀਦਣ ਵੇਲੇ ਜਾਗਰੂਕ ਰਹਿਣ ਅਤੇ ਮਿਲਾਵਟ ਕਰਨ ਵਾਲਿਆਂ ਤੋਂ ਸੁਚੇਤ ਰਹਿਣ| ਉਹਨਾਂ ਲੋਕਾਂ ਨੂੰ ਜਾਗਰੂਕ ਕੀਤਾ ਕਿ ਉਹ ਮਿਲਾਵਟੀ ਸਮਾਨ ਵੇਚਣ ਵਾਲਿਆਂ ਖਿਲਾਫ ਮੁਆਵਜਾ ਮੰਗਣ|
ਸੰਸਥਾ ਦੇ ਪ੍ਰਧਾਨ ਸ੍ਰੀ ਐਮ ਡੀ ਸਿੰਘ ਸੋਢੀ ਨੇ ਦੱਸਿਆ ਕਿ ਪ੍ਰੋਗਰਾਮ ਦੌਰਾਨ ਜਿਲ੍ਹਾ ਫੂਡ ਅਤੇ ਸਪਲਾਈ ਇੰਸਪੈਕਟਰ ਸ੍ਰੀ ਹਰਮਨ ਸ਼ਰਮਾ ਨੇ ਖਾਣ ਪੀਣ ਦੀਆਂ ਚੀਜਾਂ ਵਿੱਚ ਪਾਈ ਜਾਂਦੀ ਮਿਲਾਵਟ ਬਾਰੇ ਚੇਤੰਨ ਕਰਦਿਆਂ ਖਪਤਕਾਰਾਂ ਨੂੰ ਚੇਤੰਨ ਕੀਤਾ ਕਿ ਉਹ ਜੋ ਵੀ ਸਮਾਨ ਖਰੀਦਦੇ ਹਨ ਉਹ ਸੋਚ ਸਮਝ ਕੇ ਲੈਣ| ਸੰਸਥਾ ਦੇ ਜਨਰਲ ਸਕੱਤਰ ਕਰਨਲ ਰਿਟਾ. ਅੰਗਦ ਸਿੰਘ ਖਪਤਕਾਰ ਐਕਟ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਖਪਤਕਾਰਾਂ ਦੇ ਵੀ ਅਨੇਕਾਂ ਅਧਿਕਾਰ ਹੁੰਦੇ ਹਨ ਅਤੇ ਖਪਤਕਾਰਾਂ ਦੀਆਂ ਕਈ ਜਿੰਮੇਵਾਰੀਆਂ ਵੀ ਹੁੰਦੀਆਂ ਹਨ| ਖਪਤਕਾਰਾਂ ਨੂੰ ਵੀ ਚਾਹੀਦਾ ਹੈ ਕਿ ਉਹ ਹਰ ਸਮਾਨ ਖਰੀਦਣ ਵੇਲੇ ਉਸਦਾ ਬਿਲ ਜਰੂਰ ਲੈਣ ਤਾਂ ਕਿ ਉਸ ਸਮਾਨ ਵਿਚ ਜੇ ਕੋਈ ਨੁਕਸ ਮਿਲੇ ਤਾਂ ਉਸ ਸਮਾਨ ਨੂੰ ਵਾਪਸ ਕਰਕੇ ਉਸਦਾ ਮੁਆਵਜਾ ਲਿਆ ਜਾ ਸਕੇ| ਸ੍ਰੀ ਐਸ ਐਸ ਗੁਰਾਇਆ ਨੇ ਕਵਿਤਾ ਰਾਹੀਂ ਖਪਤਕਾਰਾਂ ਨੂੰ ਜਾਗਰੂਕ ਕੀਤਾ ਕਿ ਕਿਵੇਂ ਉਹ ਆਪਣੇ ਅਧਿਕਾਰਾਂ ਦੀ ਰੱਖਿਆ ਕਰ ਸਕਦੇ ਹਨ|
ਸਕੂਲ ਦੇ ਪ੍ਰਿੰਸੀਪਲ ਸ੍ਰ. ਕੁਲਦੀਪ ਸਿੰਘ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਕੂਲ ਵਿੱਚ ਸੰਸਥਾ ਵਲੋਂ ਖਪਤਕਾਰ ਐਕਟ ਬਾਰੇ ਜੋ ਜਾਣਕਾਰੀ ਬੱਚਿਆਂ ਨੂੰ ਦਿੱਤੀ ਗਈ ਹੈ, ਉਹ ਸਵਾਗਤ ਯੋਗ ਹੈ| ਉਹਨਾਂ ਆਸ ਪ੍ਰਗਟ ਕੀਤੀ ਕਿ ਇਸ ਸਸੰਥਾ ਵਲੋਂ ਇਸੇ ਤਰ੍ਹਾ ਖਪਤਕਾਰਾਂ ਨੂੰ ਜਾਗਰੂਕ ਕੀਤਾ ਜਾਂਦਾ ਰਹੇਗਾ| ਇਸ ਮੌਕੇ ਪੀ ਐਸ ਭੋਪਾਲ ਰਿਟਾ. ਡੀ ਪੀ ਆਈ ਨੇ ਵੀ ਸੰਬੋਧਨ ਕੀਤਾ| ਇਸ ਮੌਕੇ ਸੰਸਥਾ ਦੇ ਸੀ. ਮੀਤ ਪ੍ਰਧਾਨ ਸ੍ਰੀ ਹਰਭਜਨ ਸਿੰਘ, ਹਾਕਮ ਸਿੰਘ, ਗੁਰਦੀਪ ਸਿੰਘ, ਡਾ. ਓਮਾ ਸ਼ਰਮਾ, ਹਰਗੋਬਿੰਦ ਸਿੰਘ ਅਤੇ ਹੋਰ ਆਗੂ ਮੌਜੂਦ ਸਨ|

Leave a Reply

Your email address will not be published. Required fields are marked *