ਕੰਪਨੀਆਂ ਦੀ ਇਸ਼ਤਿਹਾਰਬਾਜੀ ਦਾ ਸਾਧਨ ਬਣ ਕੇ ਰਹਿ ਗਏ ਹਨ ਪੁਲੀਸ ਵਲੋਂ ਲਗਾਏ ਜਾਂਦੇ ਬੈਰੀਕੇਡ

ਐਸ ਏ ਐਸ ਨਗਰ, 16 ਅਗਸਤ (ਸ.ਬ.) ਪੰਜਾਬ ਪੁਲੀਸ ਵਲੋਂ ਕੀਤੇ ਜਾਂਦੇ ਸੁਰਖਿਆ ਪ੍ਰਬੰਧਾਂ ਤਹਿਤ ਵੱਖ ਵੱਖ ਥਾਵਾਂ ਤੇ ਲਗਾਏ ਜਾਣ ਵਾਲੇ ਬੈਰੀਕੇਡ ਦੇ ਸਟੈਂਡ ਅਸਲ ਵਿੱਚ ਵੱਖ ਵੱਖ ਕੰਪਨੀਆਂ ਦੀ ਇਸ਼ਤਿਹਾਰਬਾਜੀ ਦਾ ਸਾਧਨ ਬਣ ਕੇ ਰਹਿ ਗਏ ਹਨ| ਇਸਦਾ ਕਾਰਨ ਇਹ ਹੈ ਕਿ ਪੁਲੀਸ ਵਲੋਂ ਇਹ ਬੈਰੀਕੇਡ ਸਟੈਂਡ ਵੱਖ ਵੱਖ ਕੰਪਨੀਆਂ ਤੋਂ ਸਪਾਂਸਰ ਕਰਵਾਏ ਜਾਂਦੇ ਹਨ ਅਤੇ ਪੁਲੀਸ ਨੂੰ ਇਹ ਸਟੈਂਡ ਬਣਾ ਕੇ ਦੇਣ ਵਾਲੀਆਂ ਕੰਪਨੀਆਂ ਇਹਨਾਂ ਸਟੈਂਡਾਂ ਦੇ ਦੋਵੇਂ ਪਾਸੇ ਆਪਣੀ ਇਸ਼ਤਿਹਾਰਬਾਜੀ ਦੇ ਬੋਰਡ ਲਗਵਾ ਦਿੰਦੀਆਂ ਹਨ| ਪੁਲੀਸ ਵਲੋਂ ਕੀਤੀ ਗਈ ਨਾਕੇਬੰਦੀ ਦੇ ਦੌਰਾਨ ਇਹਨਾਂ ਸਟੈਂਡਾਂ ਨੂੰ ਸੜਕਾਂ ਦੇ ਕਿਨਾਰੇ ਖੜ੍ਹਾ ਕਰਕੇ ਬੈਰੀਕੇਡ ਬਣਾਏ ਜਾਂਦੇ ਹਨ ਅਤੇ ਪੁਲੀਸ ਦੀ ਨਾਕੇਬੰਦੀ ਖਤਮ ਹੋਣ ਤੋਂ ਬਾਅਦ ਵੀ ਇਹ ਬੈਰੀਕੇਡ ਲੰਬੇ ਸਮੇਂ ਤਕ ਸੜਕਾਂ ਦੇ ਕਿਨਾਰੇ ਤੇ ਪਏ ਰਹਿੰਦੇ ਹਨ ਅਤੇ ਇਹਨਾਂ ਉੱਪਰ ਲੱਗੇ ਬੋਰਡਾਂ ਰਾਂਹੀ ਸਪਾਂਸਰ ਕੰਪਨੀਆਂ ਦੀ ਇਸ਼ਤਿਹਾਰਬਾਜੀ ਵੀ ਜਾਰੀ ਰਹਿੰਦੀ ਹੈ|
ਇਸ ਸੰਬੰਧੀ ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਸ੍ਰੀ ਵਿਨੀਤ ਵਰਮਾ ਵਲੋਂ ਪਿਛਲੇ ਕਾਫੀ ਸਮੇਂ ਤੋਂ ਪੁਲੀਸ ਅਤੇ ਪ੍ਰਸ਼ਾਸ਼ਨ ਦੇ ਸੀਨੀਅਰ ਅਧਿਕਾਰੀਆਂ ਨੂੰ ਪੱਤਰ ਲਿਖ ਕੇ ਇਸ ਤਰੀਕੇ ਨਾਲ ਕੀਤੀ ਜਾਂਦੀ ਇਸ਼ਤਿਹਾਰਬਾਜੀ ਨੂੰ ਬੰਦ ਕਰਵਾਉਣ ਦੀ ਮੰਗ ਕੀਤੀ ਜਾਂਦੀ ਰਹੀ ਹੈ| ਸ੍ਰੀ ਵਰਮਾ ਦੱਸਦੇ ਹਨ ਕਿ ਕਾਨੂੰਨ ਅਨੁਸਾਰ ਸੁਰਖਿਆ ਪ੍ਰਬੰਧਾਂ ਲਈ ਮੁੱਖ ਸੜਕਾਂ ਤੇ ਬੈਰੀਕੇਡ ਬਣਾਉਣ ਲਈ ਵਰਤੇ ਜਾਂਦੇ ਇਹਨਾਂ ਸਟੈਂਡਾਂ ਤੇ ਇਸ਼ਤਿਹਾਰਬਾਜੀ ਦੇ ਬੋਰਡ ਨਹੀਂ ਲਗਾਏ ਜਾ ਸਕਦੇ ਅਤੇ ਇਸ ਸੰਬੰਧੀ ਮਾਣਯੋਗ ਅਦਾਲਤ ਦੀਆਂ ਸਪਸ਼ਟ ਹਿਦਾਇਤਾਂ ਹੋਣ ਦੇ ਬਾਵਜੂਦ ਇਹ ਕਾਰਵਾਈ ਲਗਾਤਾਰ ਜਾਰੀ ਹੈ| ਉਹਨਾਂ ਦੱਸਿਆ ਕਿ ਪੁਲੀਸ ਅਤੇ ਪ੍ਰਸ਼ਾਸ਼ਨ ਦੇ ਅਧਿਕਾਰੀ ਇਸ ਸੰਬੰਧੀ ਸ਼ਿਕਾਇਤ ਦੇਣ ਤੇ ਤੁਰੰਤ ਕਾਰਵਾਈ ਦਾ ਭਰੋਸਾ ਤਾਂ ਦਿੰਦੇ ਹਨ ਪਰੰਤੂ ਇਸ਼ਤਿਹਾਰਬਾਜੀ ਦੀ ਇਸ ਕਾਰਵਾਈ ਦੇ ਜਾਰੀ ਰਹਿਣ ਕਾਰਨ ਪੁਲੀਸ ਅਤੇ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੇ ਹੀ ਸਵਾਲੀਆ ਨਿਸ਼ਾਨ ਉਠਦੇ ਹਨ| ਉਹਨਾਂ ਮੰਗ ਕੀਤੀ ਹੈ ਕਿ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਹਨਾਂ ਕੰਪਨੀਆਂ ਵਲੋਂ ਕੀਤੀ ਜਾ ਰਹੀ ਇਸ਼ਤਿਹਾਰਬਾਜੀ ਦੀ ਇਸ ਕਾਰਵਾਈ ਤੇ ਰੋਕ ਲਗਾਈ ਜਾਵੇ|

Leave a Reply

Your email address will not be published. Required fields are marked *