ਕੰਵਰ ਸੰਧੂ ਨੇ ਦਿੱਤਾ ਕੰਗ ਨੂੰ ਝਟਕਾ, ਸੁਖਦੇਵ ਸਿੰਘ ਬਰੌਲੀ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ

ਐਸ ਏ ਐਸ ਨਗਰ, 2 ਜਨਵਰੀ  (ਸ.ਬ.) ਖਰੜ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੰਵਰ ਸੰਧੂ ਵਲੋਂ ਜਿੱਥੇ ਪਿੰਡਾਂ ਵਿੱਚ ਜੋਰਦਾਰ ਪ੍ਰਚਾਰ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਉਹਨਾਂ ਵਲੋਂ ਆਪਣੇ ਮੁਕਾਬਲੇ ਤੇ ਚੋਣ ਲੜ ਰਹੇ ਕਾਂਗਰਸ ਪਾਰਟੀ ਦੇ ਉਮੀਦਵਾਰ ਜਗਮੋਹਨ ਸਿੰਘ ਕੰਗ ਨੂੰ ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ ਇੱਕ ਤਕੜਾ ਝਟਕਾ ਦਿੱਤਾ ਹੈ| ਸ੍ਰ. ਕੰਗ ਦੇ ਕਰੀਬੀ ਸਮਝੇ ਜਾਂਦੇ ਪ੍ਰੋਗਰੈਸਿਵ  ਡੇਅਰੀ ਫਾਰਮਰ ਐਸੋਸੀਏੇਸ਼ਨ ਦੇ ਪ੍ਰਧਾਨ ਅਤੇ ਕਾਂਗਰਸੀ ਆਗੂ ਸ੍ਰ. ਸੁਖਦੇਵ ਸਿੰਘ ਬਰੌਲੀ ਅੱਜ ਆਪਣੇ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੰਚ ਸ਼ਾਮਿਲ ਹੋ ਗਏ| ਸ੍ਰ. ਬਰੌਲੀ ਪਿਛਲੀ ਵਾਰ ਹੋਈਆਂ ਚੋਣਾ ਮੌਕੇ ਸ੍ਰ. ਕੰਗ ਦੀ ਪ੍ਰਚਾਰ ਮੁਹਿੰਮ ਵਿੱਚ ਪੂਰੀ ਤਰ੍ਹਾਂ ਸਰਗਰਮ ਸੀ|
ਅੱਜ ਇੱਥੇ ਜਿਲ੍ਹਾ ਪ੍ਰੈਸ ਕਲੱਬ ਵਿਖੇ ਇੱਕ ਆਯੋਜਿਕ ਇੱਕ ਪੱਤਰਕਾਰ ਸੰਮੇਲਨ ਦੌਰਾਨ ਸ੍ਰ. ਸੁਖਦੇਵ ਸਿੰਘ ਬਰੌਲੀ,  ਸ੍ਰੀਮਤੀ ਬਲਵਿੰਦਰ ਕੌਰ ਸਰਪੰਚ, ਯੂਥ ਆਗੂ ਨਰਿੰਦਰ ਸਿੰਘ ਨੇ ਆਪਣੇ ਵੱਡੀ ਗਿਣਤੀ ਸਾਥੀਆਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ| ਇਸ ਮੌਕੇ ਸ੍ਰ. ਸੁਖਦੇਵ ਸਿੰਘ ਬਰੌਲੀ ਨੇ ਕਿਹਾ ਕਿ ਮੌਜੂਦਾ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ  ਡੇਅਰੀ ਫਾਰਮਿੰਗ ਦਾ ਧੰਦਾ ਤਬਾਹ ਹੋਣ ਕੰਢੇ ਆ ਗਿਆ ਹੈ| ਦੁਧਾਰੂ ਪਸ਼ੂਆਂ ਦੀ ਆਵਾਜਾਈ ਤੇ ਸਰਕਾਰ ਵਲੋਂ ਲਗਾਈ ਅਣਐਲਾਨੀ ਰੋਕ ਕਾਰਨ ਬਾਹਰਲੇ ਸੂਬਿਆਂ ਤੋਂ ਆਉਣ ਵਾਲੇ ਵਪਾਰੀ ਹੁਣ ਪੰਜਾਬ ਵਿੱਚ ਡੰਗਰ ਖਰੀਦਣ ਨਹੀਂ ਆਉਂਦੇ| ਉਹਨਾਂ ਇਲਜਾਮ ਲਗਾਇਆ ਕਿ ਪਸ਼ੂ ਮੰਡੀਆਂ ਵਿੱਚ ਠੇਕੇਦਾਰਾਂ ਵਲੋਂ ਹਰ ਪਸ਼ੂ ਵਾਸਤੇ 2000 ਰੁਪਏ ਦੀ ਵਸੂਲੀ ਕੀਤੀ ਜਾਂਦੀ ਹੈ ਜਦੋਂਕਿ ਪਰਚੀ ਸਿਰਫ ਤਿੰਨ ਸੌ ਦੀ ਹੀ ਕੱਟੀ ਜਾਂਦੀ ਹੈ ਅਤੇ ਇਸ ਤਰੀਕੇ ਨਾਲ ਡੇਅਰੀ ਫਾਰਮਰਾਂ ਦੀ ਸਿੱਧੀ ਲੁੱਟ ਕੀਤੀ ਜਾਂਦੀ ਹੈ|
ਇਸ ਮੌਕੇ ਸ੍ਰ. ਸੁਖਦੇਵ ਸਿੰਘ ਦਾ ਪਾਰਟੀ ਵਿੱਚ ਆਉਣ ਤੇ ਰਸਮੀ ਸੁਆਗਤ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲ ਕਰਦਿਆਂ ਆਮ ਆਦਮੀ ਪਾਰਟੀ ਦੀ ਮੈਨੀਫੈਸਟੋ ਕਮੇਟੀ ਦੇ ਮੁਖੀ ਅਤੇ ਖਰੜ ਤੋਂ ਉਮੀਦਵਾਰ ਸ੍ਰ. ਕੰਵਰ ਸੰਧੂ ਨੇ ਕਿਹਾ ਕਿ ਪੰਜਾਬ ਇਸ ਵੇਲੇ ਚਿੱਟੇ ਕਾਰਨ ਬਦਨਾਮ ਹੈ ਅਤੇ ਆਮ ਆਦਮੀ ਪਾਰਟੀ ਦੀ ਕੋਸ਼ਿਸ਼ ਹੋਵੇਗੀ ਕਿ ਦੁੱਧ ਉਤਪਾਦਨ ਦੇ ਖੇਤਰ ਵਿੱਚ ਨਵੀਂ ਕ੍ਰਾਂਤੀ ਲਿਆ ਕੇ ਇਸ ਖੇਤਰ ਵਿੱਚ ਪੰਜਾਬ ਨੂੰ ਨਾਮਣਾ ਦਿਵਾਇਆ ਜਾਵੇ| ਉਹਨਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਵਲੋਂ ਨਸ਼ੇ (ਚਿੱਟੇ) ਦੇ ਕਾਲੇ ਕਾਰੋਬਾਰ ਤੇ ਰੋਕ ਲਗਾਉਣ ਦੀ ਥਾਂ ਇਸਦੀ ਅੰਦਰਖਾਤੇ ਪੁਸ਼ਤਪਨਾਹੀ ਕੀਤੀ ਗਈ ਹੈ ਜਦੋਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੇ ਡੇਅਰੀ ਡਾਰਮਾਂ ਲਈ ਵਿਸ਼ੇਸ਼ ਸਹੂਲਤਾਂ ਦਿੱਤੀਆਂ ਜਾਣਗੀਆਂ ਅਤੇ ਸਰਕਾਰ ਵਲੋਂ ਰਾਜ ਵਿੱਚ 25000 ਨਵੇਂ ਡੇਅਰੀ ਫਾਰਮ ਸਥਾਪਿਤ ਕਰਵਾਏ ਜਾਣਗੇ| ਉਹਨਾਂ ਕਿਹਾ ਕਿ ਪਸ਼ੂ ਮੰਡੀਆਂ ਵਿੱਚ ਹੁੰਦੀ ਲੁੱਟ ਵਿੱਚ ਅਕਾਲੀ ਦਲ ਅਤੇ ਕਾਂਗਰਸ ਦੋਵੇਂ ਭਾਈਵਾਲ ਹਨ| ਅਕਾਲੀਆਂ ਵਲੋਂ ਜਿੱਥੇ ਇਸ ਲੁੱਟ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਉੱਥੇ ਕਾਂਗਰਸ ਪਾਰਟੀ ਵਲੋਂ ਇਸਦਾ ਵਿਰੋਧ ਕਰਨ ਦੀ ਥਾਂ ਚੁੱਪ ਧਾਰ ਲਈ ਜਾਂਦੀ ਹੈ|
ਇਹ ਪੁੱਛਣ ਤੇ ਕਿ ਆਮ ਤੌਰ ਤੇ ਸਿਆਸੀ ਪਾਰਟੀਆਂ ਆਪਣੇ ਚੋਣ ਮੈਨੀਫੌਸਟੋ ਤੇ ਅਮਲ ਨਹੀਂ ਕਰਦੀਆਂ ਅਤੇ ਇਸ ਸੰਬਧੀ ਪਾਰਟੀਆਂ ਦੀ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ ਜਾਂ ਨਹੀਂ, ਸ੍ਰ. ਸੰਧੂ ਨੇ ਕਿਹਾ ਕਿ ਹਰ ਹਾਲ ਵਿੱਚ ਜਵਾਬਦੇਹੀ ਤੈਅ ਹੋਣੀ ਚਾਹੀਦੀ ਹੈ| ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਤਾਂ ਇਹ ਮੰਗ ਕਰਦੀ ਹੈ ਕਿ ਚੋਣ ਕਮਿਸ਼ਨ ਵਲੋਂ ਰਾਜਨੀਤਿਕ ਪਾਰਟੀਆਂ ਨੂੰ ਪਾਬੰਦ ਕੀਤਾ ਜਾਣਾ ਚਾਹੀਦਾ ਹੈ ਕਿ ਉਹ ਆਪਣਾ ਮੈਨੀਫੈਸਟੋ ਇੰਨ ਬਿੰਨ ਲਾਗੂ ਕਰਨ ਅਤੇ ਅਜਿਹਾ ਨਾ ਕਰਨ ਵਾਲੀਆਂ ਪਾਰਟੀਆਂ ਦੇ ਖਿਲਾਫ ਕਾਰਵਾਈ ਦਾ ਵੀ ਪ੍ਰਬੰਧ ਹੋਣਾ ਚਾਹੀਦਾ ਹੈ|
ਲੰਬੇ ਸਮੇਂ ਤੋਂ ਪੱਤਰਕਾਰੀ ਦੇ ਖੇਤਰ ਵਿੱਚ ਸਰਗਰਮ ਰਹੇ ਸ੍ਰ. ਸੰਧੂ ਨੂੰ ਜਦੋਂ ਇਹ ਪੁੱਛਿਆ ਗਿਆ ਕਿ ਪਹਿਲਾਂ ਪੱਤਰਕਾਰ ਅਤੇ ਹੁਣ ਇੱਕ ਰਾਜਨੇਤਾ ਬਣਨ ਤੇ ਉਹ ਕੀ ਫਰਕ ਮਹਿਸੂਸ ਕਰਦੇ ਹਨ ਉਹਨਾਂ ਕਿਹਾ ਕਿ ਬਹੁਤ ਵੱਡਾ ਫਰਕ ਹੈ| ਉਹਨਾਂ ਕਿਹਾ ਕਿ ਇਹ ਜਿੰਦਗੀ ਦੀ ਦੂਜੀ ਪਾਰੀ ਹੈ ਅਤੇ ਉਹ ਇਸਤੋਂ ਪੂਰੀ ਤਰ੍ਹਾਂ ਸੰਤੁਸ਼ਟ ਵੀ ਹਨ| ਇਸ ਮੌਕੇ ਪਾਰਟੀ ਦੇ ਆੰਨਦਪੁਰ ਸਾਹਿਬ ਜੋਨ ਦੇ ਇੰਚਾਰਜ ਸ੍ਰ. ਦਰਸ਼ਨ ਸਿੰਘ ਧਾਲੀਵਾਲ, ਸ੍ਰ. ਨਛੱਤਰ ਸਿੰਘ ਬੈਦਵਾਨ, ਸ੍ਰ. ਜਗਦੇਵ ਸਿੰਘ ਮਲੋਆ,  ਸ੍ਰ. ਨਵਦੀਪ ਸਿੰਘ ਬੱਬੂ, ਸ੍ਰ. ਨਰਿੰਦਰ ਸਿੰਘ, ਸ੍ਰ. ਕੁਲਵੰਤ ਸਿੰਘ ਗਿਲ, ਸ੍ਰ. ਸ਼ੇਰ ਸਿੰਘ (ਸਾਬਕਾ ਐਸ ਡੀ ਓ), ਕਰਨਲ ਪੀ ਐਸ ਗਿਲ, ਹਰਜੀਤ ਬੰਟੀ, ਹਰਪ੍ਰੀਤ ਸਿੰਘ ਅਤੇ ਕਮਲਜੀਤ ਸਿੰਘ ਵੀ ਹਾਜਿਰ ਸਨ|

Leave a Reply

Your email address will not be published. Required fields are marked *