ਖਤਮ ਹੁੰਦਾ ਨਹੀਂ ਦਿਖ ਰਿਹਾ ਫੇਜ਼ 4 ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਦਾ ਵਿਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਸੰਬੰਧੀ ਚਾਰ ਮੈਂਬਰੀ ਕਮੇਟੀ ਬਣਾਉਣ ਤੋਂ ਬਾਅਦ ਹੋਰ ਉਲਝਿਆ ਮਾਮਲਾ

ਖਤਮ ਹੁੰਦਾ ਨਹੀਂ ਦਿਖ ਰਿਹਾ ਫੇਜ਼ 4 ਦੇ ਗੁਰਦੁਆਰਾ ਕਲਗੀਧਰ ਸਿੰਘ ਸਭਾ ਦਾ ਵਿਵਾਦ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਸ ਸੰਬੰਧੀ ਚਾਰ ਮੈਂਬਰੀ ਕਮੇਟੀ ਬਣਾਉਣ ਤੋਂ ਬਾਅਦ ਹੋਰ ਉਲਝਿਆ ਮਾਮਲਾ
ਗੁਰਦੁਆਰਾ ਸਾਹਿਬ ਦਾ ਕਬਜਾ ਲੈਣ ਦੀ ਮੰਗ ਨੂੰ ਪ੍ਰਧਾਨ ਨੇ ਦੱਸਿਆ ਅਦਾਲਤੀ ਹੁਕਮਾਂ ਦੀ ਉਲੰਘਣਾ, ਅਦਾਲਤੀ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਪੁਲੀਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਨੂੰ ਭੇਜਿਆ ਪੱਤਰ
ਐਸ.ਏ.ਐਸ. ਨਗਰ, 11 ਜੁਲਾਈ (ਸ.ਬ.)  ਗੁਰਦੁਆਰਾ ਕਲਗੀਧਰ ਸਿੰਘ ਸਭਾ ਫੇਜ਼ 4 ਦਾ ਵਿਵਾਦ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ| ਇਸ ਮਾਮਲੇ ਵਿੱਚ  ਬੀਤੀ 7 ਜੁਲਾਈ ਨੂੰ ਮੁਹਾਲੀ ਦੀ ਅਦਾਲਤ ਵਲੋਂ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ ਜੇ ਪੀ ਦੀ ਅਰਜੀ ਤੇ ਕਾਰਵਾਈ ਕਰਦਿਆਂ ਕਾਂਗਰਸੀ ਆਗੂ ਜਸਪਾਲ ਸਿੰਘ ਅਤੇ ਉਸਦੇ ਸਾਥੀਆਂ ਵਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਕਿਸੇ ਕਿਸਮ ਦੀ ਦਖਲ ਅੰਦਾਜੀ ਕਰਨ ਤੇ ਰੋਕ ਲਗਾ ਦਿੱਤੀ ਗਈ ਸੀ ਅਤੇ ਉਸ ਮਾਮਲੇ ਦੀ ਅਗਲੀ ਸੁਣਵਾਈ 18 ਜੁਲਾਈ ਨੂੰ ਹੋਣੀ ਹੈ ਪਰੰਤੂ ਉਸਤੋਂ ਪਹਿਲਾਂ ਹੀ (ਬੀਤੀ 9 ਜੁਲਾਈ ਨੂੰ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿੰਤਸਰ ਦੇ ਵਧੀਕ ਸੁਪਰਡੈਂਟ ਵਲੋਂ ਇੱਕ ਚਿੱਠੀ ਜਾਰੀ ਕੀਤੇ ਜਾਣ ਨਾਲ ਇਹ ਮਾਮਲਾ ਫੇਰ ਭੱਖ ਗਿਆ ਹੈ| ਚਿੱਠੀ ਵਿੱਚ ਕਿਹਾ ਗਿਆ ਹੈ ਕਿ ਗੁਰਦੁਆਰਾ ਕਲਗੀਧਰ ਫੇਜ਼ 4 ਦੀ ਸੰਗਤ ਵਲੋਂ ਕੀਤੀ ਸ਼ਿਕਾਇਤ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਲਈ ਮੈਂਬਰਾਂ ਦੀ ਚੋਣ ਕਰਕੇ ਕਮੇਟੀ ਬਣਾਉਣ ਅਤੇ ਪ੍ਰਬੰਧ ਮੈਨੇਜਰ ਗੁਰਦੁਆਰਾ ਅੰਬ ਸਾਹਿਬ ਨੂੰ ਦੇਣ ਦੀ ਮੰਗ ਦੇ ਆਧਾਰ ਤੇ ਸ੍ਰੀ ਅਕਾਲ ਤਖਤ ਦੇ ਜੱਥੇਦਾਰ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਕਮੇਟੀ ਦੇ ਚਾਰ ਮੈਂਬਰਾਂ ਦੀ ਇੱਕ ਕਮੇਟੀ ਬਣਾਈ ਗਈ ਹੈ| ਇਸ ਚਿੱਠੀ ਦਾ ਉਤਾਰਾ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੂੰ ਵੀ ਭੇਜਿਆ ਗਿਆ ਹੈ ਜਿਸ ਵਿੱਚ ਉਹਨਾਂ ਨੂੰ ਗੁਰਦੁਆਰਾ ਫੇਜ਼ 4 ਦਾ ਪ੍ਰਬੰਧ ਸੰਭਾਲਣ ਬਾਰੇ ਕਿਹਾ ਗਿਆ ਹੈ| ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਮ੍ਰਿੰਤਸਰ ਵਲੋਂ ਇਸ ਸੰਬੰਧੀ ਕਮੇਟੀ ਦਾ ਗਠਨ ਕਰਨ ਸੰਬੰਧੀ ਬਣਾਈ ਗਈ ਕਮੇਟੀ ਤੋਂ ਬਾਅਦ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰੀ ਜਤਿੰਦਰ ਪਾਲ ਸਿੰਘ ਦੇ ਵਿਰੋਧੀਆਂ ਵਲੋਂ ਇਹ ਮਾਹੌਲ ਬਣਾ ਦਿੱਤਾ ਗਿਆ ਕਿ  ਸ਼੍ਰੋਮਣੀ ਗੁਰਦੁਆਰਾ ਸੰਬੰਧੀ ਗੁਰਦੁਆਰਾ ਅੰਬ ਸਾਹਿਬ ਦੇ ਮੈਨੇਜਰ ਵਲੋਂ ਗੁਰਦੁਆਰਾ ਕਲਗੀਧਰ ਫੇਜ਼ 4 ਦਾ ਕਬਜਾ ਲਿਆ ਜਾ ਰਿਹਾ ਹੈ|
ਇਸ ਸੰਬੰਧੀ ਗੁਰਦੁਆਰਾ ਕਲਗੀਧਰ ਦੇ ਪ੍ਰਧਾਨ ਜਤਿੰਦਰਪਾਲ ਸਿੰਘ ਵਲੋਂ ਆਈ ਜੀ ਰੂਪਨਗਰ, ਜਿਲ੍ਹੇ ਦੇ ਡਿਪਟੀ ਕਮਿਸ਼ਨਰ, ਐਸ ਐਸ ਪੀ, ਐਸ ਡੀ ਐਮ ਅਤੇ ਫੇਜ਼ 1 ਦੇ ਐਸ ਐਚ ਓ ਨੂੰ ਪੱਤਰ ਲਿਖ ਕੇ ਸ਼ਿਕਾਇਤ ਕੀਤੀ ਹੈ ਕਿ ਮਾਣਯੋਗ ਅਦਾਲਤ ਵਲੋਂ ਗੁਰਦੁਆਰਾ ਸਾਹਿਬ ਦੇ ਪ੍ਰਬੰਧ ਵਿੱਚ ਕਿਸੇ ਕਿਸਮ ਦੀ ਦਖਲਅੰਦਾਜੀ ਤੇ ਰੋਕ ਲਗਾਏ ਜਾਣ ਦੇ ਬਾਵਜੂਦ ਗੁਰਦੁਆਰਾ ਸਾਹਿਬ ਵਿੱਚ ਆਏ ਕੁੱਝ ਹਥਿਆਰਬੰਦ ਵਿਅਕਤੀਆਂ ਵਲੋਂ 9 ਜੁਲਾਈ ਦੀ ਰਾਤ ਨੂੰ ਗੁਰਦੁਆਰਾ ਸਾਹਿਬ ਪਹੁੰਚ ਕੇ ਗੁਰਦੁਆਰਾ ਸਾਹਿਬ ਦਾ ਕਬਜਾ ਲੈਣ ਦੀ ਕੋਸ਼ਿਸ਼ ਕੀਤੀ ਗਈ| ਸ਼ਿਕਾਇਤ ਅਨੁਸਾਰ ਗੁਰਦੁਆਰਾ ਸਾਹਿਬ ਪਹੁੰਚੇ ਵਿਅਕਤੀਆਂ ਨੇ ਗੁਰਦੁਆਰਾ ਸਾਹਿਬ ਦੇ ਨੋਟਿਸ ਬੋਰਡ ਤੇ ਲਗਾਈ ਗਈ ਅਦਾਲਤੀ ਹੁਕਮਾਂ ਦੀ ਕਾਪੀ ਵੀ ਪਾੜ ਕੇ ਸੁੱਟ ਦਿੱਤੀ ਅਤੇ ਧਮਕੀਆਂ ਦਿੱਤੀਆਂ ਗਈਆਂ| 
ਗੁਰਦੁਆਰਾ ਫੇਜ਼ 4 ਦੇ ਪ੍ਰਧਾਨ ਸ੍ਰ. ਜਤਿੰਦਰ ਪਾਲ ਸਿੰਘ ਨੇ ਸਪਸ਼ਟ ਕਿਹਾ ਗੁਰਦੁਆਰਾ ਸਾਹਿਬ ਵਿੱਚ ਜਿਹਨਾਂ ਵਿਅਕਤੀਆਂ ਵਲੋਂ ਹੁਲੱੜਬਾਜੀ ਕੀਤੀ ਗਈ ਹੈ ਉਹਨਾਂ ਵਿੱਚ ਗੁਰਦੁਆਰਾ ਅੰਬ ਸਾਹਿਬ ਵਿੱਚ ਤੈਨਾਤ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜਮ ਵੀ ਸ਼ਾਮਿਲ ਸਨ ਜਿਹੜੇ ਛੇਤੀ ਹੀ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਨੂੰ ਨਾਲ ਲੈ ਕੇ ਆਉਣ ਅਤੇ ਗੁਰਦੁਆਰਾ ਸਾਹਿਬ ਦਾ ਕਬਜਾ ਲੈਣ ਦੀ ਗੱਲ ਕਹਿ ਕੇ ਗਏ ਹਨ ਜਿਸਦੀਆਂ ਫੋਟੋਆਂ ਉਹਨਾਂ ਕੋਲ ਹਨ| ਉਹਨਾਂ ਪੁਲੀਸ ਅਤੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਇਸ ਸੰਬੰਧੀ ਬੀਤੀ 7 ਜੁਲਾਈ ਨੂੰ ਮੁਹਾਲੀ ਅਦਾਲਤ ਵਲੋਂ ਜਾਰੀ ਕੀਤੇ ਹੁਕਮਾਂ ਦੀ ਪਾਲਣਾ ਕਰਵਾਉਣ ਲਈ ਲੋੜੀਂਦੇ ਕਦਮ ਚੁੱਕੇ ਜਾਣ ਕਿਉਂਕਿ ਅਦਾਲਤੀ ਹੁਕਮਾਂ ਦੀ ਪਾਲਣਾ ਕਰਵਾਉਣਾ ਪ੍ਰਸ਼ਾਸ਼ਨ ਦੀ ਜਿੰਮੇਵਾਰੀ ਹੈ| 
ਇਸ ਸੰਬੰਧੀ ਸੰਪਰਕ ਕਰਨ ਤੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਦੇ             ਮੈਨੇਜਰ ਸ੍ਰ. ਰਾਜਿੰਦਰ ਸਿੰਘ ਨੇ ਕਿਹਾ ਕਿ ਗੁਰਦੁਆਰਾ ਅੰਬ ਸਾਹਿਬ ਜਾਂ ਸ਼੍ਰੋਮਣੀ ਕਮੇਟੀ ਦਾ ਕੋਈ ਕਰਮਚਾਰੀ ਗੁਰਦੁਆਰਾ ਫੇਜ਼ 4 ਨਹੀਂ ਗਿਆ ਅਤੇ ਜੇਕਰ ਗੁਰਦੁਆਰਾ ਸਾਹਿਬ ਫੇਜ਼ 4 ਵਿੱਚ ਕੁੱਝ ਹੋਇਆ ਹੈ ਤਾਂ ਉਹ ਫੇਜ਼ 4 ਦੀ ਸੰਗਤ ਵਲੋਂ ਹੀ ਕੀਤਾ ਗਿਆ ਹੈ| ਉਹਨਾਂ ਕਿਹਾ ਕਿ ਇਸ ਸੰਬੰਧੀ ਸ਼੍ਰੋਮਣੀ ਗੁਰਜਦੁਆਰਾ ਪ੍ਰਬੰਧਕ ਕਮੇਟੀ ਵਲੋਂ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਜਿਹੜੀ ਕਮੇਟੀ ਬਣਾਈ ਗਈ ਹੈ ਉਸਦੀ ਮੀਟਿੰਗ ਹੁਣੇ ਹੋਣੀ ਹੈ ਅਤੇ ਉਸਤੋਂ ਬਾਅਦ ਹੀ ਇਸ ਸੰਬੰਧੀ ਕੋਈ ਫੈਸਲਾ ਹੋਣਾ ਹੈ|

Leave a Reply

Your email address will not be published. Required fields are marked *