ਖਤਮ ਹੋਣ ਕੰਢੇ ਹੈ ਆਮ ਆਦਮੀ ਪਾਰਟੀ ਦੀ ਹੋਂਦ

ਖਤਮ ਹੋਣ ਕੰਢੇ ਹੈ ਆਮ ਆਦਮੀ ਪਾਰਟੀ ਦੀ ਹੋਂਦ
ਆਗੂਆਂ ਦੀ ਆਪਸੀ ਖਿੱਚੋਤਾਣ ਨੇ ਆਮ ਆਦਮੀ ਪਾਰਟੀ ਦੇ ਸਮਰਥਕਾਂ ਨੂੰ ਨਿਰਾਸ਼ ਕੀਤਾ
ਸਕਾਈ ਹਾਕ ਟਾਈਮਜ਼ ਬਿਊਰੋ
ਐਸ.ਏ.ਐਸ. ਨਗਰ, 10 ਅਗਸਤ

2014 ਵਿੱਚ ਹੋਈਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਪੰਜਾਬ ਵਿੱਚ ਦਿੱਤੀ ਗਈ ਸਿਆਸੀ ਦਸਤਕ ਨੇ ਪੰਜਾਬੀਆਂ ਦੇ ਦਿਲਾਂ ਵਿੱਚ ਕਾਫੀ ਜਿਆਦਾ ਥਾਂ ਬਣਾਈ ਸੀ ਅਤੇ ਪੰਜਾਬ ਵਾਸੀਆਂ ਵਲੋਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੀ ਕੀਤੀ ਗਈ ਹਿਮਾਇਤ ਸਦਕਾ ਪਾਰਟੀ ਨੇ ਵਧੀਆ ਕਾਰਗੁਜਾਰੀ ਵਿਖਾਉਂਦਿਆਂ ਚਾਰ ਸੀਟਾਂ ਜਿੱਤੀਆਂ ਸਨ| ਪਰੰਤੂ ਇਸਤੋਂ ਬਾਅਦ ਤੋਂ ਪਾਰਟੀ ਦੇ ਸੀਨੀਅਰ ਆਗੂਆਂ ਦੀ ਆਪਸੀ ਖਿੱਚੋਤਾਣ ਅਤੇ ਸਾਰੀ ਤਾਕਤ ਆਪਣੇ ਹੱਥਾਂ ਵਿੱਚ ਰੱਖਣ ਦੀ ਖਾਹਿਸ਼ ਨੇ ਪਾਰਟੀ ਦਾ ਵੱਡਾ ਨੁਕਸਾਨ ਕਰਨਾ ਸ਼ੁਰੂ ਕੀਤਾ ਜੋ ਹੁਣ ਤਕ ਜਾਰੀ ਹੈ ਅਤੇ ਹਾਲਾਤ ਇਹ ਹੋ ਗਏ ਹਨ ਕਿ 2018 ਆਉਂਦੇ ਆਉਂਦੇ ਪਾਰਟੀ ਦੀ ਚਮਕ ਕਾਫੀ ਧੁੰਦਲੀ ਹੋ ਗਈ ਹੈ ਅਤੇ ਜੇਕਰ ਹਾਲਾਤ ਇਹੀ ਰਹੇ ਤਾਂ ਪਾਰਟੀ ਦੀ ਹੋਂਦ ਲਈ ਹੀ ਖਤਰਾ ਪੈਦਾ ਹੁੰਦਾ ਦਿਸ ਰਿਹਾ ਹੈ|
ਲੋਕਸਭਾ ਚੋਣਾਂ ਤੋਂ ਬਾਅਦ ਪਾਰਟੀ ਦੀ ਕੇਂਦਰੀ ਅਗਵਾਈ ਵਲੋਂ ਜਿਸ ਤਰੀਕੇ ਨਾਲ ਕਿਸੇ ਨਾ ਕਿਸੇ ਬਹਾਨੇ ਪਾਰਟੀ ਦੇ ਸੀਨੀਅਰ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਅਤੇ ਪਾਰਟੀ ਆਪਣੇ ਨਵੇਂ ਚੁਣੇ ਗਏ ਸਾਂਸਦਾ ਨੂੰ ਵੀ ਇਕੱਠੇ ਨਾ ਰੱਖ ਸਕੀ ਉਸ ਨਾਲ ਪਾਰਟੀ ਦਾ ਅਕਸ਼ ਕਾਫੀ ਖਰਾਬ ਹੋਇਆ| ਪਾਰਟੀ ਦੇ ਪੰਜਾਬ ਤੋਂ ਜਿੱਤੇ ਚਾਰ ਸਾਂਸਦਾ ਵਿੱਚੋਂ ਡਾ. ਧਰਮਵੀਰ ਗਾਂਧੀ ਪਟਿਆਲਾ ਅਤੇ ਹਰਿੰਦਰ ਸਿੰਘ ਖਾਲਸਾ ਫਤਿਹਗੜ ਸਾਹਿਬ ਨੂੰ ਪਾਰਟੀ ਵਲੋਂ ਮੁਅਤਲ ਕੀਤਾ ਜਾ ਚੁੱਕਿਆ ਹੈ| ਇਸੇ ਤਰ੍ਹਾਂ ਪਾਰਟੀ ਦੀ ਪੰਜਾਬ ਇਕਾਈ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ| ਬਾਅਦ ਵਿੱਚ ਪਾਰਟੀ ਦੇ ਕਨਵੀਨਰ ਬਣਾਏ ਗਏ ਗੁਰਪ੍ਰੀਤ ਘੁੱਗੀ ਵੀ ਨਿਰਾਸ਼ ਹੋ ਕੇ ਪਾਰਟੀ ਛੱਡ ਗਏ| ਪਾਰਟੀ ਨੂੰ ਇਸ ਸਾਰੇ ਕੁੱਝ ਦਾ ਨੁਕਸਾਨ ਵੀ ਹੋਇਆ ਅਤੇ ਪੰਜਾਬ ਦੀ ਸੱਤਾ ਤੇ ਕਾਬਿਜ ਹੋਣ ਦਾ ਸੁਫਨਾ ਵੇਖ ਰਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੀ ਗਿਣਤੀ ਸੱਤਾ ਦੀ ਦਾਅਵੇਦਾਰੀ ਤੋਂ ਬਹੁਤ ਘੱਟ ਰਹਿ ਗਈ ਸੀ|
ਤਾਜਾ ਖਿੱਚੋਤਾਣ ਪੰਜਾਬ ਵਿਧਾਨਸਭਾ ਦੇ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੂੰ ਅਹੁਦੇ ਤੋਂ ਫਾਰਗ ਕਰਨ ਨਾਲ ਸ਼ੁਰੂ ਹੋਈ ਸੀ ਜਿਸਨੇ ਪਾਰਟੀ ਨੂੰ ਪੂਰੀ ਤਰ੍ਹਾਂ ਦੋਫਾੜ ਕਰ ਦਿੱਤਾ ਹੈ ਅਤੇ ਪਾਰਟੀ ਵਿੱਚ ਇਕ ਨਵੀਂ ਜੰਗ ਛਿੜ ਗਈ ਹੈ| ਪਾਰਟੀ ਦੇ ਅੱਧੀ ਦਰਜਨ ਤੋਂ ਵੱਧ ਵਿਧਾਇਕ ਕੇਂਦਰੀ ਲੀਡਰਸ਼ਿਪ ਦੇ ਖਿਲਾਫ ਸ੍ਰੀ ਖਹਿਰਾ ਦੇ ਹੱਕ ਵਿੱਚ ਖੜ੍ਹ ਗਏ ਹਨ ਅਤੇ ਇਸਦੇ ਨਾਲ ਹੀ ਪਾਰਟੀ ਦੇ ਕਈ ਹੋਰ ਆਗੂ ਵੀ ਇਹਨਾਂ ਦੀ ਹਿਮਾਇਤ ਤੇ ਖੜ੍ਹ ਗਏ ਹਨ| ਜਿਲ੍ਹਾ ਮੁਹਾਲੀ ਦੇ ਪ੍ਰਧਾਨ ਦਰਸ਼ਨ ਸਿੰਘ ਧਾਲੀਵਾਲ ਨੇ ਵੀ ਖਹਿਰਾ ਦੇ ਸਮਰਥਨ ਵਿੱਚ ਜਿਲ੍ਹਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਜਿਨ੍ਹਾਂ ਆਗੂਆਂ ਨੇ ਅਜੇ ਅਸਤੀਫੇ ਨਹੀਂ ਦਿੱਤੇ ਉਹ ਫਿਲਹਾਲ ਚੁੱਪ ਕਰ ਗਏ ਹਨ|
ਆਮ ਆਦਮੀ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ, ਡਿਪਟੀ ਸੀ ਐਮ ਸ੍ਰੀ ਮਨੀਸ਼ ਸਿਸੋਦੀਆ ਅਤੇ ਰਾਜ ਸਭਾ ਮੈਂਬਰ ਸ੍ਰੀ ਸੰਜੈ ਸਿੰਘ ਵਰਗੇ ਤਿੰਨ ਚਾਰ ਆਗੂਆਂ ਦੇ ਦੁਆਲੇ ਘੁੰਮ ਰਹੀ ਹੈ| ਪਾਰਟੀ ਦੀ ਕੇਂਦਰੀ ਲੀਡਰਸ਼ਿਪ ਨੂੰ ਪਤਾ ਹੈ ਕਿ ਪਾਰਟੀ ਦਾ ਪੰਜਾਬ ਵਿੱਚ ਹੁਣ ਉਹ ਆਧਾਰ ਨਹੀਂ ਰਿਹਾ ਜੋ 2014 ਦੀਆਂ ਲੋਕ ਸਭਾ ਚੋਣਾਂ ਸਮੇਂ ਸੀ ਪਰੰਤੂ ਇਸ ਦੇ ਬਾਵਜੂਦ ਪਾਰਟੀ ਨੇ ਖਹਿਰਾ ਵਿਰੁੱਧ ਕਾਰਵਾਈ ਕਰਨ ਵਿੱਚ ਦੇਰ ਨਹੀਂ ਲਗਾਈ ਪਰੰਤੂ ਇਸ ਕਾਰਨ ਪਾਰਟੀ ਨੂੰ ਆਉਣ ਵਾਲੇ ਸਮੇਂ ਦੌਰਾਨ ਜਿਹੜਾਂ ਨੁਕਸਾਨ ਝੱਲਣਾ ਪੈ ਸਕਦਾ ਹੈ ਸ਼ਾਇਦ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਉਸਦਾ ਹਿਸਾਬ ਹੀ ਨਹੀਂ ਲਗਾ ਪਾਈ ਹੈ|
ਇਸ ਵੇਲੇ ਜਦੋਂ ਪੰਜਾਬ ਦੀ ਸੱਤਾਧਾਰੀ ਪਾਰਟੀ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋਨੜ ਵਲੋਂ ਬਾਕਾਇਦਾ ਲੋਕ ਸਭਾ ਚੋਣਾਂ ਦੀ ਤਿਆਰੀ ਕੀਤੀ ਜਾ ਰਹੀ ਹੈ ਉੱਥੇ ਆਮ ਆਦਮੀ ਪਾਰਟੀ ਦੀ ਕੇਂਦਰੀ ਅਗਵਾਈ ਪੰਜਾਬ ਦੇ ਜਮੀਨੀ ਹਾਲਾਤ ਨੂੰ ਸਮਝਣ ਤੋਂ ਹੀ ਇਨਕਾਰੀ ਹੈ| ਇਸਦਾ ਨਤੀਜਾ ਇਹ ਹੋਇਆ ਹੈ ਕਿ ਜਿਹੜੇ ਲੋਕ ਪੰਜਾਬ ਵਿੱਚ ਤੀਜੇ ਬਦਲ ਦੀ ਆਸ ਵਿੱਚ ਪਾਰਟੀ ਦੇ ਸਮਰਥਨ ਵਿੱਚ ਖੜ੍ਹੇ ਹੋਏ ਸੀ ਜਾਂ ਇਸਦੇ ਸਰਗਰਮ ਵਲੰਟੀਅਰ ਬਣੇ ਸਨ ਉਹ ਪਾਰਟੀ ਦਾ ਪੱਲਾ ਛੱਡਦੇ ਜਾ ਰਹੇ ਹਨ| ਇਹਨਾਂ ਵਿੱਚੋਂ ਕੁੱਝ ਨੇ ਤਾਂ ਕਾਂਗਰਸ ਜਾਂ ਅਕਾਲੀ ਭਾਜਪਾ ਗਠਜੋੜ ਦਾ ਪੱਲਾ ਫੜ ਲਿਆ ਹੈ ਅਤੇ ਬਾਕੀ ਦੇ ਨਿਰਾਸ਼ ਹੋ ਕੇ ਘਰ ਬੈਠ ਗਏ ਹਨ| ਇਸ ਸਾਰੇ ਕੁੱਝ ਨੇ ਪੰਜਾਬ ਵਿੱਚ ਆਮ ਆਦਮੀ ਦੀ ਹੋਂਦ ਹੀ ਖਤਮ ਕਰਨ ਦੀ ਹਾਲਤ ਪੈਦਾ ਕਰ ਦਿੱਤੀ ਹੈ ਅਤੇ ਮੌਜੂਦਾ ਹਾਲਾਤ ਵਿੱਚ ਤਾਂ ਇਹੀ ਲੱਗ ਰਿਹਾ ਹੈ ਕਿ 2019 ਦੀਆਂ ਲੋਕਸਭਾ ਚੋਣਾਂ ਦੌਰਾਨ ਪਾਰਟੀ ਉਮੀਦਵਾਰਾਂ ਲਈ ਸੀਟ ਜਿੱਤਣਾ ਤਾਂ ਦੂਰ ਸ਼ਾਇਦ ਆਪਣੀ ਜਮਾਨਤ ਬਚਾਉਣਾ ਵੀ ਔਖਾ ਹੋ ਜਾਵੇਗਾ|

Leave a Reply

Your email address will not be published. Required fields are marked *