ਖਪਤਕਾਰਾਂ ਨੂੰ ਬਿਜਲੀ ਦੇ ਬਿਲ ਮੀਟਰ ਦੀ ਅਸਲ ਰੀਡਿੰਗ ਮੁਤਾਬਕ ਭੇਜਣ ਦੀ ਮੰਗ

ਐਸ.ਏ.ਐਸ.ਨਗਰ, 29 ਜੂਨ (ਆਰ.ਪੀ.ਵਾਲੀਆ) ਕੰਜ਼ਿਊਮਰ  ਪ੍ਰੋਟੈਕਸ਼ਨ ਫੈਡਰੇਸ਼ਨ (ਰਜਿ.)Úਦੇ ਪ੍ਰਧਾਨ ਇੰਜ. ਪੀ.ਐਸ. ਵਿਰਦੀ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਪਟਿਆਲਾ ਦੇ ਚੇਅਰਮੈਨ ਨੂੰ ਚਿੱਠੀ ਲਿਖ ਕੇ ਖਪਤਕਾਰਾਂ ਨੂੰ ਬਿਜਲੀ ਦੇ ਬਿਲ ਮੀਟਰ ਦੀ ਅਸਲ ਰੀਡਿੰਗ ਮੁਤਾਬਕ ਭੇਜਣ ਦੀ ਮੰਗ ਕੀਤੀ ਹੈ|
ਆਪਣੇ ਪੱਤਰ ਵਿੱਚ ਉਹਨਾਂ ਲਿਖਿਆ ਹੈ ਕਿ ਲਾਕ ਡਾਊਨ ਦੌਰਾਨ ਅਤੇ ਇਸਦੇ ਖੁੱਲ੍ਹਣ ਤੋਂ ਬਾਅਦ  ਖਪਤਕਾਰਾਂ ਨੂੰ ਬਿਜਲੀ ਦੇ ਬਿੱਲ ਅਸਲ ਮੀਟਰ ਰੀਡਿੰਗ ਮੁਤਾਬਕ ਭੇਜਣ ਦੀ ਬਜਾਏ ਪਾਵਰ ਕਾਰਪੋਰੇਸ਼ਨ ਵਲੋਂ ਅੰਦਾਜ਼ੇ ਨਾਲ ਬਣਾ ਕੇ ਭੇਜੇ ਗਏ ਹਨ ਜੋ ਕਿ ਜਿਆਦਾਤਰ ਤਾਂ ਮੈਸੇਜ ਰਾਹੀਂ, ਜੀ-ਮੇਲ ਰਾਹੀਂ ਜਾਂ ਮੋਬਾਈਲ ਤੇ ਭੇਜੇ ਗਏ ਹਨ| ਇਸ ਸੰਬਧੀ ਜਦੋਂ ਖਪਤਕਾਰਾਂ ਵਲੋਂ ਦਫਤਰ ਵਿੱਚ ਜਾ ਕੇ ਇਨ੍ਹਾਂ ਬਿੱਲਾਂ ਬਾਰੇ ਪਤਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਆਪਣੇ ਮੀਟਰ  ਦੀ ਰੀਡਿੰਗ ਦੀ ਫੋਟੋ ਖਿੱਚ ਕੇ ਪੇਸ਼ ਕਰਨ ਅਤੇ ਉਸਦੇ ਆਧਾਰ ਤੇ ਹੀ ਬਿੱਲ ਦਾ ਭੁਗਤਾਨ ਕਰਨ ਲਈ ਕਿਹਾ ਗਿਆ ਹੈ| ਉਹਨਾਂ ਕਿਹਾ ਕਿ ਇਸ ਮੀਟਰ ਰੀਡਿੰਗ ਦੀ ਜਾਂਚ ਕਰਵਾਉਣ ਲਈ ਵੀ ਖਪਤਕਾਰਾਂ ਨੂੰ ਘੰਟੇ ਬੱਧੀ ਲਾਈਨਾਂ ਵਿੱਚ ਖੜ੍ਹੇ ਹੋਣਾ ਪੈਂਦਾ ਹੈ|
ਉਹਨਾਂ ਕਿਹਾ ਕਿ ਜੇਕਰ ਖਪਤਕਾਰ ਵੱਲੋਂ ਮੀਟਰ ਰੀਡਿੰਗ ਦੀ ਗਲਤ  ਫੋਟੋ ਖਿੱਚ ਕੇ ਦਿਖਾਈ ਜਾਵੇ ਤਾਂ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ ਜਿਸ ਨਾਲ ਬਿੱਲ ਵਿੱਚ ਹਜ਼ਾਰਾਂ ਰੁਪਏ ਵੱਧ ਜਾਂ ਘੱਟ ਬਣ ਜਾਂਦੇ ਹਨ| ਜਿਹਨਾਂ ਖਪਤਕਾਰਾਂ ਕੋਲ ਮੋਬਾਈਲ ਨਹੀਂ ਹਨ ਜਾਂ ਇਸਦੀ ਜਿਆਦਾ ਜਾਣਕਾਰੀ ਨਹੀਂ ਹੈ ਉਨ੍ਹਾਂ ਲਈ ਇਹ ਸਮੱਸਿਆ ਹੋਰ ਵੀ ਗੰਭੀਰ ਹੈ|
ਉਹਨਾਂ ਦੱਸਿਆ ਕਿ ਇਸ ਸੰਬਧੀ ਪਹਿਲਾਂ ਵੀ ਪਾਵਰ ਕਾਰਪੋਰੇਸ਼ਨ ਨੂੰ ਪੱਤਰ ਲਿਖ ਕੇ ਬਿੱਲ ਮੀਟਰ ਦੀ ਅਸਲ ਰੀਡਿੰਗ ਮੁਤਾਬਿਕ ਭੇਜਣ ਦੀ ਮੰਗ ਕੀਤੀ ਗਈ ਸੀ ਪਰੰਤੂ ਕੋਈ ਕਾਰਵਾਈ ਨਹੀਂ ਹੋਈ| ਉਹਨਾ ਲਿਖਿਆ ਕਿ ਫੈਡਰੇਸ਼ਨ ਵੱਲੋਂ ਇੱਕ ਵਾਰ ਫਿਰ ਉਨ੍ਹਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਚੰਡੀਗੜ੍ਹ ਦੀ ਤਰਜ ਤੇ ਬਿਜਲੀ ਦੇ ਬਿੱਲਾਂ ਦੀ ਮੁਆਫੀ ਕੀਤੀ ਜਾਵੇ ਅਤੇ ਭਵਿੱਖ ਵਿੱਚ ਅਸਲ ਰੀਡਿੰਗ ਮੁਤਾਬਕ ਬਿਜਲੀ ਦੇ ਬਿੱਲ ਖਪਤਕਾਰਾਂ ਨੂੰ ਭੇਜੇ ਜਾਣ| 

Leave a Reply

Your email address will not be published. Required fields are marked *