ਖਪਤਕਾਰ ਨੇ ਬੈਂਕ ਵਾਲਿਆਂ ਤੇ ਗੁੰਮਰਾਹ ਕਰਕੇ ਗਲਤ ਕਰਜਾ ਦੇਣ ਦਾ ਇਲਜਾਮ ਲਗਾਇਆ, ਐਸ ਐਸ ਪੀ ਨੂੰ ਸ਼ਿਕਾਇਤ ਦਿੱਤੀ

ਖਪਤਕਾਰ ਨੇ ਬੈਂਕ ਵਾਲਿਆਂ ਤੇ ਗੁੰਮਰਾਹ ਕਰਕੇ ਗਲਤ ਕਰਜਾ          ਦੇਣ ਦਾ ਇਲਜਾਮ ਲਗਾਇਆ, ਐਸ ਐਸ ਪੀ ਨੂੰ ਸ਼ਿਕਾਇਤ ਦਿੱਤੀ
ਬੈਂਕ ਨੇ ਇਲਜਾਮਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ ਦੱਸਿਆ
ਐਸ.ਏ.ਐਸ.ਨਗਰ, 5 ਸਤੰਬਰ (ਸ.ਬ.) ਨਿੱਜੀ ਫਾਈਨੈਂਸ ਕੰਪਨੀਆਂ ਵਲੋਂ ਲੋਕਾਂ ਨੂੰ ਲਾਲਚ ਦੇ ਕੇ ਕਰਜੇ ਦੇ ਜਾਲ ਵਿੱਚ ਫਸਾਉਣ ਅਤੇ ਬਾਅਦ ਵਿੱਚ ਤੰਗ ਕਰਨ ਦੇ ਮਾਮਲੇ ਅਕਸਰ ਸਾਮ੍ਹਣੇ ਆਉਂਦੇ ਹਨ ਅਤੇ ਇਸੇ ਕਰਕੇ ਆਮ ਲੋਕ ਨਿੱਜੀ ਫਾਈਨਾਂਸ ਕੰਪਨੀਆਂ ਦੀ ਥਾਂ ਬੈਂਕਾਂ ਤੋਂ ਕਰਜਾ ਲੈਣ ਨੂੰ ਪਹਿਲ ਦਿੰਦੇ ਹਨ ਪਰੰਤੂ ਜੇਕਰ ਕੋਈ ਕਰਜਾਧਾਰਕ ਬੈਂਕ ਕਰਮਚਾਰੀਆਂ ਤੇ ਉਸਨੂੰ ਗੁੰਮਰਾਹ ਕਰਨ ਅਤੇ ਕਰਜਾ ਦੇਣ ਦੇ ਅਮਲ ਵਿੱਚ ਧੋਖਾਧੜੀ ਦਾ ਇਲਜਾਮ ਲਗਾਏ ਤਾਂ ਇਸ ਨਾਲ ਬੈਂਕਾਂ ਦੀ ਭਰੋਸੇਯੋਗਤਾ ਤੇ ਵੀ ਸਵਾਲ ਉਠਦੇ ਹਨ| 
ਮੁੰਡੀ ਖਰੜ ਦੇ ਵਸਨੀਕ ਸ਼ੁਸ਼ੀਲ ਵਰਮਾ ਦਾ ਮਾਮਲਾ ਵੀ ਅਜਿਹਾ ਹੀ ਹੈ ਜਿਹਨਾਂ ਵਲੋਂ ਜਿਲ੍ਹੇ ਦੇ ਐਸ.ਐਸ.ਪੀ. ਨੂੰ ਸ਼ਿਕਾਇਤ ਦੇ ਕੇ ਏ.ਯੂ. ਸਮਾਲ ਫਾਇਨੈਂਸ ਬੈਂਕ ਦੇ ਕਰਮਚਾਰੀਆਂ ਵਲੋਂ ਉਸ ਨਾਲ ਕਰਜਾ ਦੇਣ ਦੇ ਅਮਲ ਦੌਰਾਨ ਠੱਗੀ ਕਰਨ ਦਾ ਇਲਜਾਮ ਲਗਾਇਆ ਗਿਆ ਹੈ| ਸ਼ੁਸ਼ੀਲ ਵਰਮਾ ਵਲੋਂ ਏ.ਯੂ. ਸਮਾਲ ਫਾਇਨੈਂਸ ਬੈਂਕ             ਫੇਜ਼ 7 ਮੁਹਾਲੀ ਦੇ ਰਣਜੀਤ ਸਿੰਘ, ਜੈਅੰਤ ਮਹਾਜਨ, ਸੁਖਵਿੰਦਰ ਸਿੰਘ ਮਾਨ, ਅਵਿਨੀਸ਼ ਅਤੇ ਏ.ਯੂ. ਸਮਾਲ ਫਾਇਨੈਂਸ ਬੈਂਕ ਬਲੌਂਗੀ ਦੇ ਅਮਿਤ ਅਤੇ ਸਾਗਰ ਖਿਲਾਫ ਸ਼ਿਕਾਇਤ ਦਿੱਤੀ ਗਈ ਹੈ|
ਸ਼ੁਸ਼ੀਲ ਵਰਮਾ ਦਾ ਇਲਜਾਮ ਹੈ ਕਿ ਅਪ੍ਰੈਲ 2018 ਵਿੱਚ ਏ.ਯੂ. ਸਮਾਲ ਫਾਇਨੈਂਸ ਬੈਂਕ ਦੇ ਕਰਮਚਾਰੀ ਰਣਜੀਤ ਸਿੰਘ (ਜੋ ਕਿ ਉਸਨੂੰ ਪਿਛਲੇ ਲਗਭਗ 8-9 ਸਾਲਾਂ ਤੋਂ ਜਾਣਦਾ ਹੈ) ਦੇ ਕਹਿਣ ਤੇ ਉਹਨਾਂ ਨੇ ਉੱਥੇ ਆਪਣਾ ਖਾਤਾ ਖੁਲਵਾਇਆ ਸੀ| ਇਸਤੋਂ ਬਾਅਦ ਮਈ ਵਿੱਚ ਰਣਜੀਤ ਸਿੰਘ ਨੇ ਉਨ੍ਹਾਂ ਨੂੰ 11 ਫੀਸਦੀ ਵਿਆਜ ਤੇ ਪ੍ਰਾਪਰਟੀ ਲੋਨ ਦਵਾਉਣ ਦੀ ਗੱਲ ਕਹੀ ਅਤੇ ਉਨ੍ਹਾਂ ਨੂੰ ਜੇਅੰਤ ਮਹਾਜਨ, ਸੁਖਵਿੰਦਰ ਸਿੰਘ ਮਾਨ ਅਤੇ ਅਵਿਨੀਸ਼ ਨਾਲ ਮਿਲਵਾਇਆ ਜੋ ਕਿ ਉਕਤ ਬੈਂਕ ਵਿੱਚ ਹੀ ਕੰਮ ਕਰਦੇ ਸਨ| ਸ਼ਿਕਾਇਤਕਰਤਾ ਅਨੁਸਾਰ ਉਨ੍ਹਾਂ ਚਾਰਾਂ ਨੇ ਉਨ੍ਹਾਂ ਨੂੰ ਕਿਹਾ ਕਿ ਉਨ੍ਹਾਂ ਨੂੰ 8-9 ਲੱਖ ਦਾ ਕਰਜਾ ਮਿਲ ਸਕਦਾ ਹੈ ਜਿਸਦੇ ਲਈ ਉਨ੍ਹਾਂ ਨੂੰ ਆਪਣੀ ਜਾਂ ਆਪਣੇ ਕਿਸੇ ਰਿਸ਼ਤੇਦਾਰ ਦੀ ਜਾਇਦਾਦ ਗਿਰਵੀ ਰੱਖਣੀ ਪਵੇਗੀ ਅਤੇ ਇਹ ਕਰਜਾ 10 ਸਾਲਾਂ ਲਈ ਦਿੱਤਾ ਜਾਵੇਗਾ|  
ਸ਼ਿਕਾਇਤਕਰਤਾ ਅਨੁਸਾਰ ਬਾਅਦ ਵਿੱਚ ਉਹ ਆਪਣੀ ਪਤਨੀ ਅਤੇ ਸੱਸ ਨੂੰ ਨਾਲ ਲੈ ਕੇ ਬੈਂਕ ਗਏ ਕਿਉਂਕਿ ਜਿਹੜੀ ਪ੍ਰਾਪਰਟੀ ਗਿਰਵੀ ਰਖਣੀ ਸੀ ਉਹ ਉਨ੍ਹਾਂ ਦੀ ਸੱਸ ਦੇ ਨਾਮ ਤੇ ਹੈ| ਇਸ ਦੌਰਾਨ ਬੈਂਕ ਵਾਲਿਆਂ ਨੇ ਉਨਾਂ ਤੋਂ ਬੈਂਕ ਦੇ ਕਾਗਜਾਂ ਦੇ ਨਾਲ ਹੀ ਕੁਝ ਹੋਰ ਖਾਲੀ ਕਾਗਜਾਂ ਤੇ ਵੀ ਦਸਤਖਤ ਕਰਵਾ ਲਏ ਸਨ| 
ਸ਼ਿਕਾਇਤਕਰਤਾ ਅਨੁਸਾਰ ਬੈਂਕ ਵਾਲਿਆਂ ਨੇ ਉਸਨੂੰ ਕਿਹਾ ਕਿ ਉਸਦਾ 5,40,000 ਰੁਪਏ ਦਾ ਲੋਨ ਪਾਸ ਹੋਇਆ ਹੈ ਜਿਸ ਦੀਆਂ ਉਸਨੂੰ 10 ਸਾਲਾਂ ਤੱਕ ਕੁੱਲ 120 ਕਿਸ਼ਤਾਂ (7931/- ਮਹੀਨਾ) ਭਰਨੀਆਂ ਪੈਣਗੀਆਂ ਅਤੇ ਉਸਨੂੰ 5,11,179/- ਰੁਪਏ ਦਾ ਚੈਕ ਦੇ ਦਿੱਤਾ ਗਿਆ| ਸ਼ਿਕਾਇਤਕਰਤਾ ਅਨੁਸਾਰ ਉਸਨੇ ਉਕਤ ਵਿਅਕਤੀਆਂ ਨੂੰ ਕਿਹਾ ਕਿ ਉਨ੍ਹਾਂ ਵਲੋਂ 1 ਫੀਸਦੀ ਖਰਚੇ ਦੀ ਗੱਲ ਕੀਤੀ ਗਈ ਸੀ ਪਰੰਤੂ ਉਸਦੇ 28,821 ਰੁਪਏ ਕੱਟੇ ਗਏ ਹਨ ਜੋ ਕਿ ਸਾਢੇ ਪੰਜ ਫੀਸਦੀ ਦੇ ਕਰੀਬ ਬਣਦਾ ਹੈ| ਇਸਤੇ ਉਕਤ ਵਿਅਕਤੀਆਂ ਨੇ ਉਸਨੂੰ ਕਿਹਾ ਕਿ ਉਹ ਉਸਨੂੰ 6 ਮਹੀਨਿਆਂ ਬਾਅਦ 3,60,000 ਰੁਪਏ ਦਾ ਟਾਪਅਪ ਕਰਜਾ ਦੇ ਦੇਣਗੇ ਅਤੇ ਇਸਦੇ ਨਾਲ ਹੀ 23421 ਰੁਪਏ ਜੋ ਵੱਧ ਕੱਟੇ ਗਏ ਹਨ, ਉਹ ਉਨ੍ਹਾਂ ਦੇ ਖਾਤੇ ਵਿੱਚ ਪਾ ਦਿੱਤੇ ਜਾਣਗੇ ਪਰੰਤੂ ਕਈ ਮਹੀਨਿਆਂ ਬਾਅਦ ਵੀ ਉਹ ਪੈਸੇ ਨਹੀਂ ਮੋੜੇ             ਗਏ| 
ਉਹਨਾਂ ਦੱਸਿਆ ਕਿ ਅਗਸਤ 2018 ਵਿੱਚ ਉਨ੍ਹਾਂ ਇੱਕ ਸਵਿਫਟ ਗੱਡੀ ਜਿਸਦਾ ਰਜਿਸਟ੍ਰੇਸ਼ਨ ਨੰ. ਪੀ.ਬੀ.65-ਏ ਐਸ-2411 ਖਰੀਦੀ ਸੀ ਜਿਸਦਾ 5,40,000 ਰੁਪਏ ਦਾ ਲੋਨ ਲਿਆ ਜਿਸਦੀ ਈ.ਐਮ.ਆਈ. 14486/ ਰੁਪਏ ਪ੍ਰਤੀ ਮਹੀਨਾ ਚਾਰ ਸਾਲ ਲਈ ਸੀ| ਰਣਜੀਤ ਸਿੰਘ ਅਤੇ ਹੋਰਨਾਂ ਬੈਂਕ ਕਰਮਚਾਰੀਆਂ ਨੇ ਇਹ ਲੋਨ ਬਲੌਂਗੀ ਬਰਾਂਚ ਤੋਂ ਦਿਵਾਇਆ ਸੀ ਅਤੇ ਇਸ ਦੌਰਾਨ ਵੀ ਉਨ੍ਹਾਂ ਨੇ ਉਹਨਾਂ ਤੋਂ ਕੁਝ ਲਿਖਤੀ ਅਤੇ ਖਾਲੀ ਕਾਗਜਾਂ ਤੇ ਦਸਤਖਤ ਕਰਵਾਏ ਸਨ|
ਸ਼ਿਕਾਇਤਕਰਤਾ ਅਨੁਸਾਰ ਉਹ ਮਾਰਚ 2020 ਤੱਕ ਆਪਣੇ ਲੋਨ ਦੀਆਂ ਕਿਸ਼ਤਾਂ ਭਰਦਾ ਰਿਹਾ ਪਰੰਤੂ ਇਸਤੋਂ ਬਾਅਦ ਲੱਗੇ ਲਾਕਡਾਊਨ ਕਾਰਨ ਉਸਨੇ ਬੈਂਕ ਦੀਆਂ ਕਿਸ਼ਤਾਂ ਭਰਨੀਆਂ ਬੰਦ ਕਰ ਦਿੱਤੀਆਂ| ਸੁਸ਼ੀਲ ਅਨੁਸਾਰ ਜੁਲਾਈ 2020 ਵਿੱਚ ਇੱਕ ਵਿਅਕਤੀ ਉਨ੍ਹਾਂ ਦੀ ਦੁਕਾਨ ਤੇ ਕ੍ਰੈਡਿਟ ਕਾਰਡ ਬਣਾਉਣ ਲਈ ਆਇਆ  ਅਤੇ ਇਸ ਦੌਰਾਨ ਉਸ ਵਿਅਕਤੀ ਨੇ ਉਨ੍ਹਾਂ ਦਾ ਸਿਬਲ ਸਕੋਰ ਚੈੱਕ ਕੀਤਾ ਜਿਸ ਰਾਹੀਂ ਪਤਾ ਲੱਗਿਆ ਕਿ ਉਨ੍ਹਾਂ ਦਾ ਪ੍ਰਾਪਰਟੀ ਲੋਨ 15 ਸਾਲਾਂ ਦਾ ਹੈ ਅਤੇ ਕਾਰ ਲੋਨ 2023 ਤੱਕ ਦਾ ਹੈ| ਉਹਨਾਂ ਦੱਸਿਆ ਕਿ ਇਸ ਬਾਰੇ ਜਦੋਂ ਉਨ੍ਹਾਂ ਨੇ ਮੁਹਾਲੀ ਅਤੇ ਬਲੌਂਗੀ ਬੈਂਕ ਦੀ ਬਰਾਂਚ ਵਿੱਚ ਜਾ ਕੇ ਦੋਵੇਂ ਲੋਨਾਂ ਬਾਰੇ ਜਾਣਕਾਰੀ ਮੰਗੀ ਤਾਂ ਉਨ੍ਹਾਂ ਨੂੰ ਕਿਹਾ ਗਿਆ ਕਿ ਬੈਂਕ ਵਲੋਂ ਪਹਿਲਾਂ ਹੀ ਉਹਨਾਂ ਕੋਲੋਂ ਇਸ ਸੰਬੰਧੀ ਸਾਰੇ ਕਾਗਜਾਂ ਤੇ ਹਸਤਾਖਰ ਕਰਵਾਏ ਜਾ ਚੁੱਕੇ ਹਨ| ਉਹਨਾਂ ਕਿਹਾ ਕਿ ਇਸ ਦੌਰਾਨ ਜਦੋਂ ਉਹ ਮੁਹਾਲੀ ਬਰਾਂਚ ਗਏ ਤਾਂ ਉਹਨਾਂ ਨੂੰ ਪਤਾ ਲੱਗਿਆ ਕਿ ਉਸਨੂੰ 11 ਫੀਸਦੀ ਸਾਲਾਨਾ ਦੀ ਥਾਂ ਤੇ 16 ਫੀਸਦੀ ਵਿਆਜ ਦਰ ਨਾਲ ਕਰਜਾ ਦਿੱਤਾ ਗਿਆ ਸੀ ਅਤੇ ਜਿਸਦੀਆਂ ਕਿਸ਼ਤਾਂ 15 ਸਾਲ ਦੀਆਂ ਹਨ| 
ਉਹਨਾਂ ਇਲਜਾਮ ਲਗਾਇਆ ਹੈ ਕਿ ਬੈਂਕ ਕਰਮਚਾਰੀਆਂ ਵਲੋਂ ਉਹਨਾਂ ਨੂੰ ਝੂਠ ਬੋਲ ਕੇ ਫਸਾਇਆ ਗਿਆ ਅਤੇ ਉਹਨਾਂ ਨੂੰ ਵੱਧ ਵਿਆਜ ਤੇ ਕਰਜਾ ਦਿੱਤਾ ਗਿਆ| ਇਸ ਦੌਰਾਨ ਉਹਨਾਂ ਦੇ ਕਰਜੇ ਦੀ ਰਕਮ ਵਿਚੋਂ ਉਹਨਾਂ ਨੂੰ ਬਿਨਾ ਦੱਸੇ ਉਹਨਾਂ ਦਾ ਬੀਮਾ ਵੀ ਕਰ ਦਿੱਤਾ ਗਿਆ ਅਤੇ ਉਹਨਾਂ ਨਾਲ ਧੋਖਾ ਕੀਤਾ ਗਿਆ ਹੈ ਜਿਸ ਸੰਬੰਧੀ ਬੈਂਕ ਕਰਮਚਾਰੀਆਂ ਅਤੇ ਅਧਿਕਾਰੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ ਜਾਵੇ| 
ਇਸ ਸਬੰਧੀ ਸੰਪਰਕ ਕਰਨ ਤੇ               ਏ ਯੂ ਸਮਾਲ ਡਾਈਨਾਂਸ ਬੈਥ ਦੇ ਬ੍ਰਾਂਚ ਮੈਨੇਜਰ ਸ੍ਰੀ ਉਪ ਪਾਲ ਨੇ ਕਿਹਾ ਕਿ ਇਸ ਵਿਅਕਤੀ ਵਲੋਂ ਬੈਂਕ ਕਰਮਚਾਰੀਆਂ ਖਿਲਾਫ ਜਿਹੜੇ ਇਲਜਾਮ ਲਗਾਏ ਗਏ ਹਨ ਉਹ ਪੂਰੀ ਤਰ੍ਹਾਂ ਬੇਬੁਨਿਆਦ ਹਨ| ਉਹਨਾਂ ਕਿਹਾ ਕਿ ਕਰਜੇ ਦੇ ਵੇਲੇ ਬੈਂਕ ਵਲੋਂ ਸੁਸ਼ੀਲ ਨਾਲ ਜਿਹੜਾ ਐਗਰੀਮੈਂਟ ਕੀਤਾ ਗਿਆ ਸੀ ਉਸ ਵਿੱਚ ਇਹ ਸਾਰਾ ਕੁੱਝ ਸਾਫ ਲਿਖਿਆ ਹੈ ਅਤੇ ਹੁਣ ਉਹ ਬੈਂਕ ਤੇ ਝੂਠੇ ਇਲਜਾਮ ਲਗਾ ਰਿਹਾ ਹੈ| ਉਹਨਾਂ ਕਿਹਾ ਕਿ ਅਸਲ ਗੱਲ ਇਹ ਹੈ ਲਾਕਡਾਊਨ ਤੋਂ ਬਾਅਦ ਸੁਸ਼ੀਲ ਨੇ ਬੈਂਕ ਤੋਂ ਹੋਰ ਕਰਜੇ ਦੀ ਮੰਗ ਕੀਤੀ ਸੀ ਪਰੰਤੂ ਮੌਜੂਦਾ ਆਰਥਿਕ ਹਾਲਾਤ ਦੌਰਾਨ ਉਹ ਬੈਂਕ ਦੀਆਂ ਸ਼ਰਤਾਂ ਤੇ ਖਰਾ ਨਹੀਂ ਉਤਰਦਾ ਸੀ ਇਸ ਲਈ ਬੈਂਕ ਵਲੋਂ ਕਰਜਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਕਾਰਨ ਉਹ ਬੈਂਕ ਤੇ ਝੂਠੇ ਇਲਜਾਮ ਲਗਾ ਰਿਹਾ ਹੈ|

Leave a Reply

Your email address will not be published. Required fields are marked *