ਖਰਾਬ ਆਬੋ-ਹਵਾ ਕਾਰਨ ਦਿੱਲੀ ਵਾਸੀਆਂ ਨੂੰ ‘ਕੋਰੋਨਾ’ ਦਾ ਖਤਰਾ ਵਧਿਆ


ਨਵੀਂ ਦਿੱਲੀ, 28 ਅਕਤੂਬਰ (ਸ.ਬ.) ਦਿੱਲੀ ਦੀ ਆਬੋ-ਹਵਾ ਖਰਾਬ ਸ਼੍ਰੇਣੀ ਵਿੱਚ ਬਣੀ ਹੋਈ ਹੈ| ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਸੀ. ਪੀ. ਸੀ. ਬੀ.) ਵਲੋਂ ਜਾਰੀ ਡਾਟਾ ਮੁਤਾਬਕ ਦਿੱਲੀ ਵਿੱਚ ਹਵਾ ਗੁਣਵੱਤਾ ਦਾ ਪੱਧਰ 274 ਦਰਜ ਕੀਤਾ ਗਿਆ ਜੋ ਕਿ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ| ਦਿੱਲੀ ਵਿੱਚ ਸੰਘਣੀ ਧੁੰਦ ਛਾਈ ਹੋਈ ਨਜ਼ਰ ਆਈ| ਹਵਾ ਗੁਣਵੱਤਾ ਤੇ ਨਿਗਰਾਨੀ ਰੱਖਣ ਵਾਲੀ ਕੇਂਦਰ ਸਰਕਾਰ ਦੀ ਏਜੰਸੀ ‘ਸਫਰ’ ਨੇ ਕਿਹਾ ਕਿ ਦਿੱਲੀ-ਐਨ. ਸੀ. ਆਰ. ਵਿੱਚ ਹਵਾ ਗੁਣਵੱਤਾ ਵਿੱਚ ਹਲਕਾ ਸੁਧਾਰ ਰਹੇਗਾ ਪਰ ਇਕ ਵਾਰ ਫਿਰ ਤੋਂ ਪ੍ਰਦੂਸ਼ਣ ਦਾ ਪੱਧਰ ਵੱਧ ਸਕਦਾ ਹੈ| 
ਪਰਾਲੀ ਸਾੜੇ ਜਾਣ ਕਾਰਨ ਦਿੱਲੀ ਵਿੱਚ ਹਵਾ ਪ੍ਰਦੂਸ਼ਣ ਜ਼ਿਆਦਾ ਹੋ ਗਿਆ ਹੈ| ‘ਸਫਰ’ ਨੇ ਕਿਹਾ ਕਿ ਗੁਆਂਢੀ ਸੂਬਿਆਂ ਵਿੱਚ ਪਰਾਲੀ ਸਾੜੇ ਜਾਣ ਦੇ ਮਾਮਲਿਆਂ ਦੀ ਗਿਣਤੀ ਸੋਮਵਾਰ ਨੂੰ 1943 ਰਹੀ, ਜੋ ਕਿ ਇਸ ਸੀਜ਼ਨ ਵਿਚ ਸਭ ਤੋਂ ਵਧੇਰੇ ਹੈ| ਮੌਸਮ ਮਹਿਕਮੇ ਮੁਤਾਬਕ ਹਵਾ ਦੀ ਦਿਸ਼ਾ ਉਤਰ-ਪੱਛਮ ਵੱਲ ਹੈ ਅਤੇ ਇਸ ਦੀ ਵੱਧ ਤੋਂ ਵੱਧ ਰਫ਼ਤਾਰ 15 ਕਿਲੋਮੀਟਰ ਪ੍ਰਤੀ ਘੰਟਾ ਹੈ| ਦੂਜੇ ਪਾਸੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ (ਆਈ.ਸੀ.ਐਮ.ਆਰ.) ਨੇ ਕਿਹਾ ਕਿ ਯੂਰੋਪ ਅਤੇ ਅਮਰੀਕਾ ਵਿਚ ਕੀਤੇ ਗਏ ਸ਼ੋਧ ਵਿਚ ਪਤਾ ਲੱਗਿਆ ਹੈ ਕਿ ਵਧੇਰੇ ਸਮੇਂ ਤੱਕ ਹਵਾ ਪ੍ਰਦੂਸ਼ਣ ਦਾ ਸਾਹਮਣਾ ਕਰਨ ਨਾਲ ਕੋਵਿਡ-19 ਕਾਰਨ ਮੌਤਾਂ ਦੇ ਕੇਸ ਵਧ ਸਕਦੇ ਹਨ| ਮਾਹਿਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਹਵਾ ਪ੍ਰਦੂਸ਼ਣ ਦੇ ਉੱਚ ਪੱਧਰ ਨਾਲ ਕੋਵਿਡ-19 ਮਹਾਮਾਰੀ ਦੀ ਸਥਿਤੀ ਹੋਰ ਖਰਾਬ ਹੋ ਸਕਦੀ ਹੈ|
ਜਿਕਰਯੋਗ ਹੈ ਕਿ 0 ਤੋਂ 50 ਦਰਮਿਆਨ ਹਵਾ ਗੁਣਵੱਤਾ ਸੂਚਕਾਂਕ ‘ਚੰਗਾ’, 51 ਤੋਂ 100 ਦਰਮਿਆਨ ‘ਤਸੱਲੀਬਖਸ਼’, 101 ਤੋਂ 200 ਦਰਮਿਆਨ ‘ਮੱਧ’, 201 ਤੋਂ 300 ਦਰਮਿਆਨ ‘ਖਰਾਬ’, 301 ਤੋਂ 400 ਦਰਮਿਆਨ ‘ਬਹੁਤ ਖਰਾਬ’ ਅਤੇ 401 ਤੋਂ 500 ਦਰਮਿਆਨ ‘ਗੰਭੀਰ’ ਮੰਨਿਆ ਜਾਂਦਾ ਹੈ|

Leave a Reply

Your email address will not be published. Required fields are marked *