ਖਰੜ ਦਾ ਬੱਸ ਸਟੈਂਡ ਬਣਾਉਣ ਲਈ ਬੀਬੀ ਗਰਚਾ ਨੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

ਖਰੜ, 7 ਮਾਰਚ (ਸ.ਬ.) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਖਰੜ ਵਿਖੇ ਬੱਸ ਸਟੈਂਡ ਦੀ ਇਮਾਰਤ ਬਣਾਉਣ ਸਬੰਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਇੱਕ ਪੱਤਰ ਲਿਖਿਆ ਹੈ|
ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਸ੍ਰੀਮਤੀ ਗਰਚਾ ਨੇ ਯਾਦ ਕਰਵਾਇਆ ਹੈ ਕਿ ਸਾਲ 2006 ਵਿੱਚ ਉਨ੍ਹਾਂ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੇ ਕਾਰਜਕਾਲ ਵਿੱਚ ਖਰੜ ਬੱਸ ਸਟੈਂਡ ਦਾ ਨੀਂਹ ਪੱਥਰ ਰੱਖਿਆ ਗਿਆ ਸੀ| ਬਾਅਦ ਵਿੱਚ ਸਰਕਾਰ ਬਦਲਣ ਤੋਂ ਬਾਅਦ ਉਹ ਨੀਂਹ ਪੱਥਰ ਹੀ ਰੱਖਿਆ ਰਹਿ ਗਿਆ ਅਤੇ ਅਕਾਲੀ ਸਰਕਾਰ ਨੇ ਬੱਸ ਸਟੈਂਡ ਬਣਾਉਣ ਲਈ ਕੋਈ ਕਾਰਵਾਈ ਨਹੀਂ ਕੀਤੀ|
ਉਨ੍ਹਾਂ ਲਿਖਿਆ ਹੈ ਕਿ ਪਿਛਲੇ ਕਰੀਬ ਦਸ ਸਾਲਾਂ ਦੇ ਸਮੇਂ ਵਿੱਚ ਖਰੜ ਸ਼ਹਿਰ ਦੀ ਭੂਗੋਲਿਕ ਸਥਿਤੀ ਅਤੇ ਜਨ ਸੰਖਿਆ ਵਿੱਚ ਕਾਫ਼ੀ ਵਾਧਾ ਹੋਇਆ ਹੈ ਅਤੇ ਆਸ ਪਾਸ ਵੱਡੀ ਗਿਣਤੀ ਵਿੱਚ ਰਿਹਾਇਸ਼ੀ ਕਾਲੋਨੀਆਂ ਵਸ ਚੁੱਕੀਆਂ ਹਨ| ਹੁਣ ਖਰੜ ਸ਼ਹਿਰ ਦੇ ਵਿਚਕਾਰੋਂ ਫਲਾਈਓਵਰ ਬਣ ਰਿਹਾ ਹੈ ਜਿਸ ਦਾ ਕੰਮ ਵੀ ਲਗਭਗ ਇੱਕ ਸਾਲ ਦੇ ਅੰਦਰ ਖ਼ਤਮ ਹੋਣ ਵਾਲਾ ਹੈ| ਫਲਾਈਓਵਰ ਬਣਨ ਨਾਲ ਭਾਵੇਂ ਟ੍ਰੈਫ਼ਿਕ ਸਮੱਸਿਆ ਵਿੱਚ ਸੁਧਾਰ ਆਵੇਗਾ ਪ੍ਰੰਤੂ ਖਰੜ ਸ਼ਹਿਰ ਦੇ ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਉਤੇ ਜਾਣ ਲਈ ਬੱਸ ਲੈਣ ਲਈ ਇੱਧਰ ਉੱਧਰ ਧੱਕੇ ਖਾਣੇ ਪੈਣਗੇ|
ਉਹਨਾਂ ਮੁੱਖ ਮੰਤਰੀ ਨੂੰ ਅਪੀਲ ਕੀਤੀ ਹੈ ਕਿ ਖਰੜ ਸ਼ਹਿਰ ਦਾ ਬੱਸ ਸਟੈਂਡ ਬਣਾਉਣ ਲਈ ਇਸ ਨੂੰ ਨਵੇਂ ਬਜਟ ਵਿੱਚ ਰੱਖਿਆ ਜਾਵੇ ਅਤੇ ਕਰੀਬ ਇੱਕ ਲੱਖ ਦੀ ਅਬਾਦੀ ਵਾਲੇ ਖਰੜ ਸ਼ਹਿਰ ਦੇ ਲੋਕਾਂ ਲਈ ਬੱਸ ਸਟੈਂਡ ਬਣਾਇਆ ਜਾਵੇ|

Leave a Reply

Your email address will not be published. Required fields are marked *