ਖਰੜ ਦੀਆਂ ਵੋਟਰ ਸੂਚੀਆਂ ਦੀਆਂ ਖਾਮੀਆਂ ਦੂਰ ਕਰਨ ਲਈ ਵਫਦ ਐਸ ਡੀ ਐਮ ਨੂੰ ਮਿਲਿਆ


ਖਰੜ, 7 ਜਨਵਰੀ (ਸ਼ਮਿੰਦਰ ਸਿੰਘ) ਨਗਰ ਕੌਂਸਲ ਚੋਣਾਂ ਨੂੰ ਲੈ ਕੇ ਖਰੜ ਦੇ ਵੱਖ ਵੱਖ ਵਾਰਡਾਂ ਦੀਆਂ ਤਿਆਰ ਕੀਤੀਆਂ ਗਈਆਂ ਵੋਟਰ ਸੂਚੀਆਂ ਵਿਚ ਵੱਡੀ ਹੇਰਾਫੇਰੀਹੋਣ ਤੇ ਰੋਸ ਵਜੋਂ ਚੋਣ ਲੜਨ ਵਾਲੇ ਸੰਭਾਵੀ ਉਮੀਦਵਾਰਾਂ ਦਾ ਇਕ ਵਫ਼ਦ ਸਾਬਕਾ ਕੌਂਸਲਰ ਕਮਲ ਕਿਸ਼ੋਰ ਸ਼ਰਮਾ ਤੇ ਸਮਾਜ ਸੇਵੀ ਹਰਜੀਤ ਸਿੰਘ ਪੰਨੂੰ ਦੀ ਅਗਵਾਈ ਵਿਚ ਐਸ. ਡੀ. ਐਮ.ਖਰੜ ਹਿਮਾਂਸ਼ੂ ਜੈਨ ਨੂੰ ਮਿਲਿਆ ਅਤੇ ਮੰਗ ਕੀਤੀ ਕਿ ਵੋਟਰ ਸਸੂਚੀਆਂ ਦੀਆਂ ਕਮੀਆਂ ਦੂਰ ਕਰਵਾਈਆਂ ਜਾਣ। ਇਸ ਸੰਬੰਧੀ ਐਸ ਡੀ ਐਮ ਵਲੋਂ ਉਹਨਾਂ ਨੂੰ ਭਲਕੇ (8 ਜਨਵਰੀ ਤਕ ਆਪਣੇ ਇਤਰਾਜ ਦਾਖਿਲ ਕਰਨ ਲਈ ਕਿਹਾ ਗਿਆ ਹੈ।
ਐਸ.ਡੀ.ਐਮ.ਦਫਤਰ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆ ਸਾਬਕਾ ਕੌਂਸਲਰ ਕਮਲ ਕਿਸ਼ੋਰ ਸ਼ਰਮਾ ਅਤੇ ਹਰਜੀਤ ਸਿੰਘ ਪੰਨੂੰ ਨੇ ਕਿਹਾ ਕਿ ਪਹਿਲਾਂ ਜੋ ਵੋਟਰ ਸੂਚੀ ਦੀਆਂ ਲਿਸਟਾਂ ਜਾਰੀ ਕੀਤੀਆਂ ਗਈਆਂ ਉਨ੍ਹਾਂ ਦੀਆਂ ਗਲਤੀਆਂ ਬਾਰੇ ਉਹਨਾਂ ਵਲੋਂ ਇਤਰਾਜ਼ ਵੀ ਦਰਜ਼ ਕਰਵਾਏ ਗਏ ਸਨ ਪਰ ਵੋਟਰ ਸੂਚੀ ਤੇ ਇਤਰਾਜ਼ ਦੂਰ ਨਹੀਂ ਕੀਤੇ ਗਏ ਅਤੇ ਹੁਣ ਫਾਈਨਲ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ।
ਉਨ੍ਹਾਂ ਦੋਸ਼ ਲਾਇਆ ਕਿ ਵੋਟਰ ਸੂਚੀ ਵਿਚ ਵੱਡੇ ਪੱਧਰ ਤੇ ਖਾਮੀਆਂ ਹਨ ਅਤੇ ਕਈ ਵਾਰਡਾਂ ਵਿਚ ਅਜਿਹੇ ਲੋਕਾਂ ਦੀਆਂ ਵੋਟਾਂ ਸ਼ਾਮਲ ਕਰ ਦਿੱਤੀਆਂ ਗਈਆਂ ਹਨ ਜਿਹੜੇ ਵਾਰਡ ਦੇ ਵਸਨੀਕ ਹੀ ਨਹੀ ਹੈ। ਉਨ੍ਹਾਂ ਇਲਜਾਮ ਲਗਾਇਆ ਕਿ ਵੋਟਰ ਸੂਚੀ ਰਾਜਨੀਤਿਕ ਦਬਾਓ ਹੇਠ ਬਣਾਈ ਗਈ ਹੈ। ਉਹਨਾਂ ਕਿਹਾ ਕਿ ਚੋਣ ਲੜਣ ਦੇ ਚਾਹਵਾਨ ਕਈ ਉਮੀਦਵਾਰਾਂ (ਜੋ ਪਹਿਲਾਂ ਚੋਣ ਲੜ ਚੁਕੇ ਹਨ) ਦੀਆਂ ਵੋਟਾਂ ਵੀ ਗਾਇਬ ਹਨ।
ਇਸ ਮੌਕੇ ਸੋਹਨ ਲਾਲ ਧੀਮਾਨ, ਐਸ.ਐਸ. ਬਾਦਲ ਘਵੱਦੀ, ਦੀਪ ਸਿੱਧੂ, ਅਮਨਦੀਪ ਸਿੰਘ, ਅਮਰਜੀਤ ਸਿੰਘ, ਸਤਵੀਰ ਸਿੰਘ, ਰਣਬੀਰ ਕੁਮਾਰ, ਪੰਕਜ ਚੱਢਾ, ਸੁਸ਼ਾਂਤ ਕੌਸ਼ਿਕ, ਅਰਵਿੰਦਰ ਸਿੰਘ, ਵਨੀਤ ਜੈਨ, ਅਮਨਪ੍ਰੀਤ ਸਿੰਘ, ਵਰਿੰਦਰ ਸਿੰਘ, ਸੁਰਿੰਦਰ ਸ਼ਰਮਾ ਸਮੇਤ ਹੋਰ ਸ਼ਹਿਰ ਨਿਵਾਸੀ ਹਾਜ਼ਰ ਸਨ।
ਸੰਪਰਕ ਕਰਨ ਤੇ ਖਰੜ ਦੇ ਐਸ. ਡੀ.ਐਮ.ਖਰੜ ਹਿਮਾਸੂੰ ਜੈਨ ਨੇ ਦਸਿਆ ਕਿ ਵਫਦ ਵਲੋਂ ਉਹਨਾਂ ਨੂੰ ਸ਼ਿਕਾਇਤ ਦਿੱਤੀ ਗਈ ਹੈ ਅਤੇ ਉਹਨਾਂ ਨੂੰ ਵੋਟਰ ਸੂਚੀਆਂ ਸੰਬੰਧੀ ਆਪਣੇ ਇਤਰਾਜ ਭਲਕੇ (8 ਜਨਵਰੀ) 11 ਵਜੇ ਤੱਕ ਉਨ੍ਹਾਂ ਦੇ ਦਫਤਰ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਇਤਰਾਜਾਂ ਦੀ ਜਾਂਚ ਕਰਕੇ ਅਤੇ ਵੋਟਰ ਸੂਚੀ ਵਿਚ ਸੋਧ ਕਰਕੇ ਨਵੀਂ ਵੋਟਰ ਸੂਚੀ ਜਾਰੀ ਕਰ ਦਿੱਤੀ ਜਾਵੇਗੀ। ਉਹਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਪਹਿਲਾਂ ਜਾਰੀ ਕੀਤੀ ਗਈ ਵੋਟਰ ਸੂਚੀ ਵਿੱਚ ਜੇਕਰ ਕਿਸੇ ਵੀ ਬੀ.ਐਲ.ਓ. ਦੀ ਅਣਗਹਿਲੀ ਪਾਈ ਗਈ ਤਾਂ ਉਸਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *