ਖਰੜ ਦੀ ਸ਼ਿਵਾਲਿਕ ਸਿਟੀ ਦੀਆਂ ਬਦਹਾਲ ਸੜਕਾਂ ਦੀ ਉਸਾਰੀ ਦਾ ਕੰਮ ਸ਼ੁਰੂ


ਖਰੜ, 5 ਜਨਵਰੀ (ਸ਼ਮਿੰਦਰ ਸਿੰਘ) ਖਰੜ ਦੀ ਸ਼ਿਵਾਲਿਕ ਸਿਟੀ ਦੀਆਂ ਬੁਰੀ ਤਰ੍ਹਾਂ ਟੁੱਟ ਚੁੱਕੀਆਂ ਸੜਕਾਂ ਦੀ ਸਮੱਸਿਆ ਦੇ ਹਲ ਲਈ ਨਗਰ ਕੌਂਸਲ ਵਲੋਂ ਕਾਲੋਨੀ ਵਿੱਚ ਨਵੀਆਂ ਸੜਕਾਂ ਬਣਾਉਣ ਦਾ ਕੰਮ ਅੱਜ ਆਰੰਭ ਕਰ ਦਿੱਤਾ ਗਿਆ ਹੈ। ਕਾਲੋਨੀ ਦੇ ਗੇਟ ਨੰਬਰ 9 ਤੇ ਬੁਰੀ ਤਰ੍ਹਾਂ ਟੁੱਟ ਚੁੱਕੀ ਸੜਕ ਦੀ ਪਟਾਈ ਕਰਕੇ ਇੱਥੇ ਨਵੀਂ ਸੜਕ ਬਣਾਈ ਜਾ ਰਹੀ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਨਗਰ ਕੌਂਸਲ ਖਰੜ ਵਲੋਂ ਸ਼ਿਵਾਲਿਕ ਸਿਟੀ ਦੀਆਂ ਅੰਦਰੂਨੀ ਸੜਕਾਂ ਤੇ ਇੰਟਰਲਾਕ ਟਾਈਲਾਂ ਲਗਾ ਕੇ ਇਹਨਾਂ ਦੀ ਨਵੇਂ ਸਿਰੇ ਤੋਂ ਉਸਾਰੀ ਕਰਵਾਉੁਣ ਦਾ ਕੰਮ ਆਰੰਭ ਕੀਤਾ ਗਿਆ ਹੈ ਅਤੇ ਅੱਜ ਠੇਕੇਦਾਰ ਵਲੋਂ ਇਹ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਇਸ ਮੌਕੇ ਸਥਾਨਕ ਵਸਨੀਕ ਸ੍ਰ ਮਨਜੀਤ ਸਿੰਘ ਨੇ ਕਿਹਾ ਕਿ ਇਹ ਸੜਕ ਕਾਫੀ ਸਮੇਂ ਤੋਂ ਬਦਹਾਲੀ ਦੀ ਹਾਲਤ ਵਿੱਚ ਹੈ ਅਤੇ ਬੁਰੀ ਤਰ੍ਹਾਂ ਟੁੱਟੀ ਹੋਣ ਕਾਰਨ ਵਸਨੀਕਾਂ ਨੂੰ ਭਾਰੀ ਪ੍ਰੇਸ਼ਾਨੀ ਸਹਿਣੀ ਪੈਂਦੀ ਸੀ ਅਤੇ ਹੁਣ ਸੜਕ ਦੀ ਉਸਾਰੀ ਹੋਣ ਨਾਲ ਵਸਨੀਕਾਂ ਨੂੰ ਕਾਫੀ ਰਾਹਤ ਮਿਲੇਗੀ।
ਮੌਕੇ ਤੇ ਹਾਜਿਰ ਕਾਂਗਰਸੀ ਆਗੂ ਸ੍ਰ ਮਨਮੋਹਨ ਸਿੰਘ ਨੇ ਦੱਸਿਆ ਕਿ ਸੜਕ ਦੀ ਉਸਾਰੀ ਦਾ ਇਹ ਕੰਮ ਪਿਛਲੇ ਸਮੇਂ ਦੌਰਾਨ ਪਾਸ ਹੋਇਆ ਸੀ ਜਿਸਦੇ ਤਹਿਤ ਸ਼ਿਵਾਲਿਕ ਸਿਟੀ ਦੇ ਗੇਟ ਨੰਬਰ 8 ਤੋਂ 9 ਤਕ ਦੀ ਸੜਕ, ਅੰਦਰੂਨੀ ਗਲੀਆਂ ਅਤੇ ਮਾਰਕੀਟ ਦੇ ਸਾਹਮ੍ਹਣੇ ਵਾਲੀ ਥਾਂ ਤੇ ਇੰਟਰਲਾਕ ਟਾਈਲਾਂ ਲਗਾਈਆਂ ਜਾਣੀਆਂ ਹਨ। ਇਸ ਕੰਮ ਤੇ ਲਗਭਗ 70 ਲੱਖ ਰੁਪਏ ਦਾ ਖਰਚਾ ਆਉਣਾ ਹੈ। ਇਸਦੇ ਨਾਲ ਹੀ ਇਸ ਖੇਤਰ ਦੇ ਪਾਰਕਾਂ ਦੀ ਮੁੜ ਉਸਾਰੀ ਦਾ ਕੰਮ ਵੀ ਪਾਸ ਹੋ ਗਿਆ ਹੈ ਜਿਸਤੇ ਲਗਭਗ 20 ਲੱਖ ਦਾ ਖਰਚਾ ਆਏਗਾ ਅਤੇ ਇਹ ਕੰਮ ਵੀ ਛੇਤੀ ਹੀ ਸ਼ੁਰੂ ਕਰਵਾ ਦਿੱਤਾ ਜਾਵੇਗਾ।

Leave a Reply

Your email address will not be published. Required fields are marked *