ਖਰੜ ਦੀ ਸ਼ਿਵਾਲਿਕ ਸਿਟੀ ਵਿੱਚ ਸਫਾਈ ਦਾ ਬੁਰਾ ਹਾਲ, ਬਿਮਾਰੀ ਫੈਲਣ ਦਾ ਖਤਰਾ ਟੁੱਟੀਆਂ ਸੜਕਾਂ, ਗੰਦਗੀ ਅਤੇ ਆਵਾਰਾ ਪਸ਼ੂਆਂ ਕਾਰਨ ਬੁਰੀ ਤਰ੍ਹਾਂ ਪਰੇਸ਼ਾਨ ਹੁੰਦੇ ਹਨ ਵਸਨੀਕ


ਖਰੜ,  23 ਅਕਤੂਬਰ (ਸ਼ਮਿੰਦਰ ਸਿੰਘ) ਪ੍ਰਸ਼ਾਸ਼ਨ ਦੇ ਦਾਅਵਿਆਂ ਵਿੱਚ ਭਾਵੇਂ ਖਰੜ ਨੂੰ ਇੱਕ ਆਧੁਨਿਕ ਸ਼ਹਿਰ ਦਾ ਦਰਜਾ ਹਾਸਿਲ  ਹੈ ਪਰ ਖਰੜ ਸ਼ਹਿਰ ਦੇ ਜਮੀਨੀ ਹਾਲਾਤ ਇਹਨਾਂ ਦਾਅਵਿਆਂ ਤੇ ਸਵਾਲ ਖੜ੍ਹੇ ਕਰਦੇ ਹਨ| ਥਾਂ ਥਾਂ ਤੇ ਲੱਗੇ ਗੰਦਗੀ ਦੇ ਢੇਰ, ਪਾਰਕਾਂ ਦੀ ਮਾੜੀ ਹਾਲਤ, ਟੁੱਟੀਆਂ ਸੜਕਾਂ, ਥਾਂ ਥਾਂ ਖੜ੍ਹਦਾ ਪਾਣੀ ਖਾਲੀ ਪਲਆਟਾਂ ਵਿੱਚ ਖਿਲਰੀ ਗੰਦਗੀ, ਗੱਲ ਕੀ ਖਰੜ ਵਿੱਚ ਵਸਨੀਕਾਂ ਨੂੰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਤਕ ਨਹੀਂ ਮਿਲਦੀਆਂ ਅਤੇ ਲੋਕਾਂ ਨੂੰ ਬੁਰੀ ਤਰ੍ਹਾਂ ਪਰੇਸ਼ਾਨ ਹੋਣਾ ਪੈਂਦਾ ਹੈ| 
ਖਰੜ ਦੀ ਸ਼ਿਵਾਲਿਕ ਸਿਟੀ ਦੀ ਗੱਲ ਕਰੀਏ ਤਾਂ ਇੱਥੇ ਹਾਲਾਤ ਬਹੁਤ ਹੀ ਬਦਤਰ ਹਨ| ਕਿਸੇ ਵੇਲੇ ਖਰੜ ਦੀ ਸਭਤੋਂ ਵਧੀਆ ਕਾਲੋਨੀ ਦਾ ਦਰਜਾ ਪ੍ਰਾਪਤ ਇਹ ਕਾਲੋਨੀ ਹੁਣ ਆਪਣੀ ਬਦਹਾਲੀ ਦੀ ਕਹਾਣੀ ਆਪ ਕਹਿੰਦੀ ਹੈ| ਏਅਰਪੋਰਟ ਸੜਕ ਵਲੋਂ ਸ਼ਿਵਾਲਿਕ ਸਿਟੀ ਵਿੱਚ ਦਾਖਿਲ ਹੋਣ ਵਾਲੇ ਲੋਕ ਕਾਲੋਨੀ ਵਿੱਚ ਆਉਣ ਜਾਣ ਲਈ ਗੇਟ ਨੰਬਰ 9 ਦੀ ਵਰਤੋਂ ਕਰਦੇ ਹਨ ਅਤੇ ਇੱਥੇ ਕਾਲੋਨੀ ਵਿੱਚ ਦਾਖਿਲ ਹੋਣ ਵਾਲੀ ਮੁੱਖ ਸੜਕ ਬਹੁਤ ਹੀ ਬੁਰੀ ਹਾਲਤ ਵਿੱਚ ਹੈ| ਕੁੱਝ ਸਮਾਂ ਪਹਿਲਾਂ ਇਸ ਸੜਕ ਦੇ ਇੱਕ ਪਾਸੇ ਖੁਦਾਈ ਕਰਕੇ ਬਰਸਾਤੀ ਪਾਣੀ ਦੀ ਨਿਕਾਸੀ ਦੀ ਨਵੀਂ ਪਾਈਪ ਪਾਈ ਗਈ ਸੀ ਅਤੇ ਤਿੰਨ ਚਾਰ ਮਹੀਨੇ ਦਾ ਸਮਾਂ ਲੰਘ ਜਾਣ ਦੇ ਬਾਵਜੂਦ ਇੱਥੇ ਪਾਈਪਾਂ ਪਾਉਣ ਵਾਲੇ ਠੇਕੇਦਾਰ ਵਲੋਂ ਸੜਕ ਦੀ ਹਾਲਤ ਠੀਕ ਕਰਨੀ ਤਾਂ ਇੱਕ ਪਾਸੇ ਪਾਈਪਾਂ ਪਾਉਣ ਲਈ ਪੱਟੀ ਗਈ ਥਾਂ ਤੋਂ ਪੂਰੀ ਤਰ੍ਹਾਂ ਮਿੱਟੀ ਤਕ ਨਹੀਂ ਚੁਕਵਾਈ ਗਈ ਹੈ| 
ਇਸ ਸੜਕ ਤੇ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ ਅਤੇ ਸੜਕ ਦੀ ਹਾਲਤ ਮਾੜੀ ਹੋਣ ਕਾਰਨ ਸੜਕ ਤੇ ਆਊਣ ਜਾਣ ਵਾਲੇ ਲੋਕਾਂ ਨੂੰ ਭਾਰੀ ਪਰੇਸ਼ਾਨੀ ਸਹਿਣੀ ਪੈਂਦੀ ਹੈ| ਇਸ ਗੇਟ ਦੇ ਨਾਲ ਖਾਲੀ ਪਏ ਪਲਾਟਾਂ ਵਿੱਚ ਗੰਦਾ ਪਾਣੀ ਖੜ੍ਹਾ ਹੈ ਅਤੇ ਇਸ ਥਾਂ ਨੇ ਕਿਸੇ ਗੰਦੇ ਟੋਭੇ ਵਰਗਾ ਰੂਪ ਲੈ ਲਿਆ ਹੈ ਜਿੱਥੇ ਵੱਡੀ ਗਿਣਤੀ ਵਿੱਚ ਮੱਛਰ ਪਲ ਰਿਹਾ ਹੈ| ਗੇਟ ਦੇ ਅੰਦਰ ਦਾਖਿਲ ਹੁੰਦਿਆਂ ਹੀ ਖੱਬੇ ਪਾਸੇ ਬਣਿਆ ਪਾਰਕ ਕਿਸੇ ਉਜਾੜ ਅਤੇ ਗੰਦਗੀ ਸੁੱਟਣ ਵਾਲੀ ਥਾਂ ਵਰਗਾ ਨਜਾਰਾ ਪੇਸ਼  ਕਰਦਾ ਹੈ| ਇਸ ਪਾਰਕ ਵਿੱਚ ਆਵਾਰਾ ਪਸ਼ੂ ਗੰਦਗੀ ਖਿਲਾਰਦੇ ਰਹਿੰਦੇ ਹਨ ਅਤੇ ਇਸਦੇ ਪਿਛਲੇ ਪਾਸੇ ਦੀ ਥਾਂ ਤੇ ਲੋਕਾਂ ਵਲੋਂ ਕੂੜਾ ਸੁੱਟਿਆ ਜਾਂਦਾ ਹੈ ਜਿਸ ਕਾਰਨ ਇੱਥੇ ਭਾਰੀ ਬਦਬੂ ਰਹਿਦੀ ਹੈ| 
ਸ਼ਿਵਾਲਿਕ  ਸਿਟੀ ਦੇ  ਵਸਨੀਕਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਇਹ ਕਾਲੋਨੀ ਮਿਉਂਸਪਲ ਕੌਂਸਲ ਦੇ ਅਧੀਨ ਆਈ ਹੈ, ਇਸ ਇਲਾਕੇ ਦੀਆਂ ਸੜਕਾਂ ਦੀ ਮੁਰੰਮਤ ਨਹੀਂ ਹੋਈ ਹੈ ਅਤੇ ਸੜਕਾਂ ਵਿੱਚ ਪਏ ਟੋਇਆਂ ਕਾਰਨ ਇੱਥੇ ਅਕਸਰ ਹਾਦਸੇ ਵਾਪਰਦੇ ਹਨ| ਵਸਨੀਕਾਂ ਦਾ ਕਹਿਣਾ ਹੇ ਕਿ ਖਾਲੀ ਪਲਾਟਾਂ ਵਿੱਚ ਅਤੇ ਪਾਰਕ ਵਿੱਚ ਸੰਘਣੇ ਘਾਹ ਕਾਰਨ ਅਤੇ ਕੂੜੇ ਕਾਰਨ ਕਈ ਵਾਰ ਇੱਥੇ ਸੱਪ ਨਿਕਲਦੇ ਹਨ, ਜੋ ਨੇੜਲੇ ਘਰਾਂ  ਵਿੱਚ ਵੜ ਜਾਂਦੇ ਹਨ ਅਤੇ ਕੋਈ ਵੱਡਾ ਨੁਕਸਾਨ ਕਰ ਸਕਦੇ ਹਨ| ਉਹਨਾਂ ਕਿਹਾ ਕਿ ਉਹਨਾਂ ਵਲੋਂ ਕਈ ਵਾਰ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਗਈ ਹੈ ਕਿ ਇਸ ਇਲਾਕੇ ਦੀ ਸਫਾਈ ਕਰਵਾਈ ਜਾਵੇ ਅਤੇ ਲੋਕਾਂ ਨੂੰ ਬੀਮਾਰੀ ਤੋਂ ਬਚਾਇਆ ਜਾਵੇ ਪਰੰਤੂ ਕੋਈ ਕਾਰਵਾਈ ਨਈਂ ਹੁੰਦੀ| 
ਸ਼ਿਵਾਲਿਕ ਸਿਟੀ ਦੇ 9 ਨੰਬਰ           ਗੇਟ ਦੇ ਨਾਲ ਹੀ ਇੱਕ ਮਾਰਕੀਟ ਬਣੀ ਹੋਈ ਹੈ ਅਤੇ ਮਾਰਕੀਟ ਦੇ ਦੁਕਾਨਦਾਰ ਵੀ ਪ੍ਰਸ਼ਾਸ਼ਨ ਦੀ ਕਾਰਗੁਜਾਰੀ ਤੋਂ ਨਾਖੁਸ਼ ਹਨ| ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਵਿੱਚ ਵੱਡੀ ਗਿਣਤੀ ਆਵਾਰਾ ਪਸ਼ੂ ਘੁੰਮਦੇ ਹਨ ਜੋ ਕਿ ਵੱਡੀ ਸਮੱਸਿਆ ਬਣੇ ਹੋਏ ਹਨ| ਉਹਨਾਂ ਕਿਹਾ ਕਿ  ਮਾਰਕੀਟ ਦੀ ਸੜਕ ਬਹੁਤ ਬਦਤਰ ਹਾਲਤ ਵਿੱਚ ਹੈ ਅਤੇ ਬਰਸਾਤ ਦੌਰਾਨ ਦੁਕਾਨਾਂ ਅੱਗੇ ਪਾਣੀ ਖੜ੍ਹ ਜਾਂਦਾ ਹੈ ਜਿਸ ਕਰ ਕੇ ਦੁਕਾਨਾਂ ਤੇ ਖਰੀਦਦਾਰੀ ਕਰਨ ਆਉਣ ਵਾਲੇ  ਲੋਕਾਂ  ਨੂੰ ਪ੍ਰੇਸ਼ਾਨੀ ਹੁੰਦੀ ਹੈ| ਉਨ੍ਹਾਂ ਮੰਗ ਕੀਤੀ ਕਿ ਸ਼ਿਵਾਲਿਕ ਸਿਟੀ ਦੀ ਹਾਲਤ ਵਿਚ ਸੁਧਾਰ ਕੀਤਾ ਜਾਵੇ, ਇਸ ਇਲਾਕੇ ਵਿਚ ਸਫਾਈ ਕਰਵਾਈ ਜਾਵੇ, ਆਵਾਰਾ ਡੰਗਰਾਂ ਦੀ ਸਮੱਸਿਆ ਖਤਮ ਕੀਤੀ ਜਾਵੇ, ਸੜਕਾਂ ਦੀ ਹਾਲਤ ਸੁਧਾਰੀ ਜਾਵੇ, ਹਰ ਪਾਸੇ ਸਫਾਈ ਕਰਵਾਈ ਜਾਵੇ ਅਤੇ ਖਾਲੀ ਪਲਾਟਾਂ ਦੀ ਵੀ ਸਫਾਈ ਕਰਵਾਈ ਜਾਵੇ|
ਇਸ ਸਬੰਧੀ ਸੰਪਰਕ ਕਰਨ ਤੇ ਖਰੜ ਦੇ  ਐਸ ਡੀ  ਐਮ ਸ੍ਰੀ ਹਿਮਾਂਸ਼ੂ ਜੈਨ ਨੇ ਕਿਹਾ ਕਿ ਇਹ ਗੱਲ ਹੁਣ ਉਹਨਾਂ ਦੇ ਧਿਆਨ ਵਿੱਚ ਆ ਗਈ ਹੈ ਤੇ ਉਹ ਸਬੰਧਿਤ ਕਰਮਚਾਰੀ ਨੂੰ ਸ਼ਿਵਾਲਿਕ ਸਿਟੀ ਭੇਜ ਕੇ ਦੌਰਾ ਕਰਵਾਉਣਗੇ ਅਤੇ ਤਾਜਾ ਰਿਪੋਰਟ ਹਾਸਿਲ ਕਰਣਗੇ| ਉਹਨਾਂ ਕਿਹਾ ਕਿ ਇਸ ਇਲਾਕੇ ਦੇ ਵਸਨੀਕਾਂ ਨੂੰ              ਦਰਪੇਸ਼ ਸਮੱਸਿਆਵਾਂ ਨੂੰ ਤੁਰੰਤ ਹਲ ਕਰਵਾਇਆ ਜਾਵੇਗਾ|

Leave a Reply

Your email address will not be published. Required fields are marked *