ਖਰੜ ਦੇ 27 ਵਾਰਡਾਂ ਵਿੱਚ 62 ਟਿਊਬਵੈਲ ਹੋਣ ਤੋਂ ਬਾਅਦ ਵੀ ਪਾਣੀ ਦੀ ਸਮੱਸਿਆ ਜਾਰੀ

ਖਰੜ, 15 ਮਾਰਚ (ਕੁਸ਼ਲ ਆਨੰਦ) ਹਰ ਸਾਲ ਦੀ ਤਰ੍ਹਾਂ ਇਸ ਸਾਲ ਦੀਆਂ ਗਰਮੀਆਂ ਦੇ ਮੌਸਮ ਦੀ ਸ਼ੁਰੂਆਤ ਹੋ ਚੁੱਕੀ ਹੈ ਪਰ ਪੀਣ ਵਾਲੇ ਪਾਣੀ ਨੂੰ ਲੈ ਕੇ ਨਗਰ ਕੌਂਸਲ ਖਰੜ ਦੀ ਕਾਰਗੁਜਾਰੀ ਤੇ ਵੀ ਸਵਾਲੀਆ ਨਿਸ਼ਾਨ ਲੱਗਣੇ ਸ਼ਰੁ ਹੋ ਗਏ ਹਨ| ਖਰੜ ਦੇ 27 ਵਾਰਡਾਂ ਵਿੱਚ 62 ਟਿਊਬਵੈਲ ਹੋਣ ਦੇ ਬਾਵਜੂਦ ਵੀ ਖਰੜ ਵਿੱਚ ਪਾਣੀ ਦੀ ਕਮੀ ਪਾਈ ਜਾ ਰਹੀ ਹੈ| ਖਰੜ ਦੇ ਵਸਨੀਕ ਸੰਜੀਵ ਕੁਮਾਰ ਤੇ ਹੋਰਨਾਂ ਨੇ ਨਗਰ ਕੌਂਸਲ ਖਰੜ ਉਤੇ ਦੋਸ਼ ਲਗਾਉਂਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਵਾਰਡ ਵਿੱਚ ਟਿਊਬਵੈਲ ਅਤੇ ਜਨਰੇਟਰ ਹੋਣ ਦੇ ਬਾਵਜੂਦ ਵੀ ਉਹਨਾਂ ਨੂੰ ਸਮਂੇ ਸਿਰ ਪੀਣ ਵਾਲੇ ਪਾਣੀ ਦੀ ਸਪਲਾਈ ਨਹੀਂ ਆ ਰਹੀ ਜਿਸ ਨਾਲ ਉਹਨਾਂ ਦੇ ਘਰ ਵਿੱਚ ਰੋਜ਼ਾਨਾ ਵਰਤਣ ਵਾਲੇ ਪਾਣੀ ਦੀ ਖਪਤ ਵੀ ਪੂਰੀ ਨਹੀਂ ਹੋ ਰਹੀ| ਉਹਨਾਂ ਕਿਹਾ ਕਿ ਉਹਨਾਂ ਦੇ ਵਾਰਡ ਨੂੰ ਦੋ ਟਿਊਬਵੈਲ ਲੱਗਦੇ ਹਨ ਪਰ ਵਾਰਡ ਵਾਸੀਆਂ ਨੂੰ ਪਿਛਲੇ ਕਈ ਸਾਲਾਂ ਤੋਂ ਕਿਸੇ ਨਾ ਕਿਸੇ ਕਾਰਨ ਗਰਮੀਆਂ ਦੇ ਮੌਸਮ ਦੌਰਾਨ ਪਾਣੀ ਨੂੰ ਲੈ ਕੇ ਪ੍ਰੇਸ਼ਾਨੀ ਦਾ ਸਾਮ੍ਹਣਾ ਕਰਨਾ ਪੈ ਰਿਹਾ ਹੈ| ਉਹਨਾਂ ਦੇ ਵਾਰਡ ਵਿੱਚ ਲੱਗੇ ਇਕ ਟਿਊਬਵੈਲ ਤੇ ਨਗਰ ਕੌਂਸਲ ਖਰੜ ਵਲੋਂ ਪਾਣੀ ਦੀ ਸਪਲਾਈ ਨੂੰ ਸਹੀ ਢੰਗ ਨਾਲ ਚਲਾਉਣ ਲਈ ਇਕ ਜਨਰੇਟਰ ਵੀ ਲਗਾਇਆ ਗਿਆ ਹੈ ਪਰ ਉਸ ਜਨਰੇਟਰ ਵਿੱਚ ਬੈਟਰੀ ਨਾ ਹੋਣ ਕਾਰਨ ਉਸ ਜਨਰੇਟਰ ਦੀ ਲੋੜ ਪੈਣ ਤੇ ਵਰਤੋਂ ਨਹੀਂ ਹੋ ਰਹੀ| ਦੂਜੇ ਪਾਸੇ ਬਿਜਲੀ ਦੇ ਲੱਗਦੇ ਕੱਟਾਂ ਨਾਲ ਜਿੱਥੇ ਦੋਵੇਂ ਜਨਰੇਟਰ ਬੰਦ ਹੁੰਦੇ ਹਨ ਉਥੇ ਪਾਣੀ ਦੀ ਸਪਲਾਈ ਵਿੱਚ ਦਿੱਕਤ ਆ ਰਹੀ ਹੈ|
ਇਸ ਦੌਰਾਨ ਵਾਰਡ ਨੰਬਰ 6 ਦੇ ਐਮ ਸੀ ਰਜਿੰਦਰ ਸਿੰਘ ਅਨੁਸਾਰ ਅੱਜ ਤੋਂ ਉਹਨਾਂ ਦੇ ਵਾਰਡ ਵਿੱਚ ਟਿਊਬਵੈਲ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ|
ਇਸ ਸਬੰਧੀ ਐਮ ਸੀ ਸੁਮਨ ਸ਼ਰਮਾ ਕਿਹਾ ਕਿ ਖਰੜ ਦੇ 27 ਵਾਰਡਾਂ ਵਿੱਚ 62 ਟਿਊਬਵੈਲ ਕੁਨੈਕਸ਼ਨ ਲੱਗੇ ਹੋਏ ਹਨ ਅਤੇ ਜਰੂਰਤ ਪੈਣ ਤੇ ਨਗਰ ਕੌਂਸਲ ਖਰੜ ਵਲੋਂ ਨਵੇਂ ਟਿਊਬਵੈਲ ਲਗਾਏ ਜਾਣਗੇ ਇਸ ਤਰ੍ਹਾਂ ਖਰੜ ਵਿੱਚ ਪਾਣੀ ਨੂੰ ਲੇ ਕੇ ਕੋਈ ਦਿੱਕਤ ਨਹੀ ਂਹੈ | ਪਰ ਕਿਸੇ ਹੋਰ ਜਾਂ ਤਕਨੀਕੀ ਕਾਰਨ ਨਾਲ ਪਾਣੀ ਦੀ ਸਪਲਾਈ ਵਿੱਚ ਕੋਈ ਦਿੱਕਤ ਆ ਜਾਵੇ ਤਾਂ ਉਸ ਬਾਰੇ ਕੁੱਝ ਕਹਿ ਨਹੀਂ ਸਕਦੇ| ਉਹਨਾਂ ਕਿਹਾ ਕਿ ਨਗਰ ਕੌਂਸਲ ਖਰੜ ਵਲੋਂ ਪਾਣੀ ਦੀ ਸਮਸਿਆ ਦਾ ਪਹਿਲ ਦੇ ਹੱਲ ਕੀਤਾ ਜਾਣਾ ਹੈ ਜਿਸ ਨਾਲ ਸ਼ਹਿਰ ਵਾਸੀਆਂ ਨੂੰ ਪਾਣੀ ਨੂੰ ਲੈ ਕੇ ਕੋਈ ਦਿੱਕਤ ਪੇਸ਼ ਨਾ ਆਏ| ਇਸ ਸਬੰਧ ਵਿੱਚ ਨਗਰ ਕੌਂਸਲ ਨੇ ਵੱਖ ਵੱਖ ਵਾਰਡਾਂ ਵਿੱਚ 16 ਅਪਣੇ ਜਨਰੇਟਰ ਖਰੀਦ ਕੇ ਲਗਾਏ ਗਏ ਹਨ ਅਤੇ 9 ਹੋਰ ਜਰਨੇਟਰ ਖਰੀਦਣ ਦਾ ਨਗਰ ਕੌਂਸਲ ਖਰੜ ਵਲੋਂ ਪਿਛਲੀ ਮੀਟਿੰਗ ਵਿੱਚ ਮਤਾ ਵੀ ਪਾਸ ਕੀਤਾ ਗਿਆ ਹੈ|
ਇਸ ਸਬੰਧੀ ਗੱਲ ਕਰਨ ਤੇ ਐਸ ਓ ਸ੍ਰੀ ਰਜੇਸ਼ ਸ਼ਰਮਾ ਨੇ ਦੱਸਿਆ ਕਿ ਨਗਰ ਕੌਂਸਲ ਖਰੜ ਵੱਲੋਂ ਹਰ ਸਾਲ ਠੰਡ ਦੇ ਮੌਸਮ ਸ਼ੁਰੂ ਹੋਣ ਤੇ ਜਨਰੇਟਰਾਂ ਵਿਚੋਂ ਬੈਟਰੀਆਂ ਨੂੰ ਕੱਢ ਲਿਆ ਜਾਂਦਾ ਹੈ ਕਿਉਕਿ ਇਸ ਮੌਸਮ ਦੌਰਾਨ ਬੈਟਰੀਆ ਚੋਰੀ ਹੋਣ ਦਾ ਖਤਰਾ ਵੱਧ ਜਾਂਦਾ ਹੈ ਪਰ ਗਰਮੀਆ ਦੇ ਮੌਸਮ ਆਉਣ ਤੇ ਅਪ੍ਰੈਲ ਵਿੱਚ ਜਨਰੇਟਰਾਂ ਦੀ ਸਰਵਿਸ ਕਰਵਾਉਣ ਤੋਂ ਬਾਅਦ ਇਹਨਾਂ ਬੈਟਰੀਆਂ ਨੂੰ ਮੁੜ ਸਥਾਪਿਤ ਕਰ ਦਿੱਤਾ ਜਾਂਦਾ ਹੈ ਅਤੇ ਜਿਨ੍ਹਾਂ ਟਿਊਬਵੈਲਾਂ ਉਤੇ ਜਨਰੇਟਰ ਨਹੀਂ ਹੁੰਦੇ ਉੱਥੇ ਨਗਰ ਕੌਸਲ ਵਲੋਂ ਕਿਰਾਏ ਦੇ ਜਨਰੇਟਰਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ|

Leave a Reply

Your email address will not be published. Required fields are marked *