ਖਰੜ ਨਗਰ ਪ੍ਰੀਸ਼ਦ ਦਫ਼ਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਵਿਜੀਲੈਂਸ ਜਾਂਚ ਹੋਵੇ : ਗਰਚਾ

ਖਰੜ ਨਗਰ ਪ੍ਰੀਸ਼ਦ ਦਫ਼ਤਰ ਵਿੱਚ ਫੈਲੇ ਭ੍ਰਿਸ਼ਟਾਚਾਰ ਦੀ ਵਿਜੀਲੈਂਸ ਜਾਂਚ ਹੋਵੇ : ਗਰਚਾ
ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੱਧੂ ਨੂੰ ਪੱਤਰ ਲਿਖਿਆ
ìਖਰੜ, 3 ਜਨਵਰੀ (ਸ.ਬ.) ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਬੀਬੀ ਲਖਵਿੰਦਰ ਕੌਰ ਗਰਚਾ ਨੇ ਨਗਰ ਪ੍ਰੀਸ਼ਦ ਖਰੜ ਵਿੱਚ ਫੈਲੇ ਕਥਿਤ ਭ੍ਰਿਸ਼ਟਾਚਾਰ ਸਬੰਧੀ ਬੀਤੇ ਦਿਨੀਂ ਮੀਡੀਆ ਵਿਚ ਲੱਗੀਆਂ ਖ਼ਬਰਾਂ ਨੂੰ ਕਾਫ਼ੀ ਗੰਭੀਰਤਾ ਨਾਲ ਲਿਆ ਹੈ| ਇਸੇ ਸਬੰਧ ਵਿੱਚ ਬੀਬੀ ਗਰਚਾ ਨੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਇੱਕ ਪੱਤਰ ਲਿਖ ਕੇ ਨਗਰ ਪ੍ਰੀਸ਼ਦ ਦਫ਼ਤਰ ਖਰੜ ਵਿਖੇ ਫੈਲੇ ਕਥਿਤ ਭ੍ਰਿਸ਼ਟਾਚਾਰ ਦੀ ਤੁਰੰਤ ਵਿਜੀਲੈਂਸ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ| ਇਸ ਪੱਤਰ ਦੀ ਇਕ ਕਾਪੀ ਉਨ੍ਹਾਂ ਡਾਇਰੈਕਟਰ ਵਿਜੀਲੈਂਸ ਨੂੰ ਵੀ ਭੇਜੀ ਹੈ|
ਬੀਬੀ ਗਰਚਾ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਨੂੰ ਲਿਖੇ ਪੱਤਰ ਵਿੱਚ ਕਿਹਾ ਹੈ ਕਿ ਨਗਰ ਪ੍ਰੀਸ਼ਦ ਦਫ਼ਤਰ ਖਰੜ ਵਿੱਚ ਕੁਝ ਸਮਾਂ ਪਹਿਲਾਂ ਮਕਾਨਾਂ ਦੇ ਨਕਸ਼ੇ ਪਾਸ ਕਰਨ ਦੀ ਨਕਲੀ ਰਸੀਦ ਸਾਹਮਣੇ ਆਈ ਸੀ| ਉਸ ਤੋਂ ਉਪਰੰਤ ਹੁਣ ਕੁਝ ਦਿਨ ਪਹਿਲਾਂ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਨਕਲੀ ਰਸੀਦ ਸਾਹਮਣੇ ਆ ਚੁੱਕੀ ਹੈ| ਅਜਿਹੀਆਂ ਨਕਲੀ ਰਸੀਦਾਂ ਤੋਂ ਸਾਬਤ ਹੁੰਦਾ ਹੈ ਕਿ ਨਗਰ ਪ੍ਰੀਸ਼ਦ ਦਫ਼ਤਰ ਖਰੜ ਵਿੱਚ ਨਕਲੀ ਰਸੀਦਾਂ ਰਾਹੀਂ ਕਾਫ਼ੀ ਧਾਂਦਲੀ ਹੋ ਰਹੀ ਹੈ ਅਤੇ ਪ੍ਰੀਸ਼ਦ ਨੂੰ ਲੱਖਾਂ ਰੁਪਇਆਂ ਦਾ ਚੂਨਾ ਲਗਾਇਆ ਜਾ ਰਿਹਾ ਹੈ|
ਉਨ੍ਹਾਂ ਕਿਹਾ ਕਿ ਖਰੜ ਨਗਰ ਪ੍ਰੀਸ਼ਦ ਅਧੀਨ ਆਉਂਦੇ ਖੇਤਰ ਵਿੱਚ ਪਿਛਲੇ ਸਮੇਂ ਵਿੱਚ ਵੱਡੀ ਗਿਣਤੀ ਵਿੱਚ ਸਾਰੀਆਂ ਬਿਲਡਿੰਗਾਂ ਬਣ ਚੁੱਕੀਆਂ ਹਨ| ਇਹ ਵੀ ਪਤਾ ਲੱਗਾ ਹੈ ਕਿ ਜੇਕਰ ਇਨ੍ਹਾਂ ਬਿਲਡਿੰਗਾਂ ਦੇ ਨਕਸ਼ਿਆਂ ਦੀ ਜਾਂਚ ਕੀਤੀ ਜਾਵੇ ਤਾਂ ਕਈ ਬਿਲਡਿੰਗਾਂ ਅਜਿਹੀਆਂ ਨਿਕਲ ਸਕਦੀਆਂ ਹਨ ਜਿਨ੍ਹਾਂ ਦੇ ਮਾਲਿਕਾਂ ਕੋਲ ਨਕਸ਼ੇ ਪਾਸ ਕਰਵਾਉਣ ਦੀਆਂ ਨਕਲੀ ਰਸੀਦਾਂ ਹੋਣਗੀਆਂ| ਇਸ ਤੋਂ ਇਲਾਵਾ ਇਹ ਗੱਲਾਂ ਵੀ ਚਰਚਾ ਦਾ ਵਿਸ਼ਾ ਹਨ ਕਿ ਕਾਫ਼ੀ ਛੋਟੀਆਂ ਕਾਲੋਨੀਆਂ ਅਜਿਹੀਆਂ ਹਨ ਜਿਨ੍ਹਾਂ ਦੇ ਨਕਸ਼ੇ ਤਾਂ ਮਕਾਨ ਦੱਸ ਕੇ ਪਾਸ ਕਰਵਾਏ ਗਏ ਹਨ ਪ੍ਰੰਤੂ ਬਾਅਦ ਵਿੱਚ ਉਥੇ ਫਲੈਟਾਂ ਦੀ ਉਸਾਰੀ ਕਰਕੇ ਨਗਰ ਪ੍ਰੀਸ਼ਦ ਨੂੰ ਲੱਖਾਂ ਰੁਪਇਆਂ ਦਾ ਚੂਨਾ ਲਗਾਇਆ ਗਿਆ ਹੈ|
ਬੀਬੀ ਗਰਚਾ ਨੇ ਕਿਹਾ ਕਿ ਇਸ ਗੱਲ ਦਾ ਪਤਾ ਲਗਾਇਆ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਨਕਸ਼ਿਆਂ ਅਤੇ ਪ੍ਰਾਪਰਟੀ ਟੈਕਸਾਂ ਦੇ ਭੁਗਤਾਨ ਸਬੰਧੀ ਨਕਲੀ ਰਸੀਦਾਂ ਆਖਿਰ ਕਿਸ ਅਧਿਕਾਰੀ ਜਾਂ ਕਰਮਚਾਰੀ ਦੀ ਮਿਲੀਭੁਗਤ ਨਾਲ ਬਣਾਈਆਂ ਜਾ ਰਹੀਆਂ ਹਨ ਅਤੇ ਨਗਰ ਪ੍ਰੀਸ਼ਦ ਖਰੜ ਦਫ਼ਤਰ ਵਿੱਚ ਕਿਸ ਅਧਿਕਾਰੀ ਜਾਂ ਕਰਮਚਾਰੀ ਦੀ ਮਿਲੀਭੁਗਤ ਨਾਲ ਉਨ੍ਹਾਂ ਰਸੀਦਾਂ ਨੂੰ ਮਨਜ਼ੂਰ ਕੀਤਾ ਜਾ ਰਿਹਾ ਹੈ|

Leave a Reply

Your email address will not be published. Required fields are marked *