ਖਰੜ ਨੇੜੇ ਸਕੂਲ ਬੱਸ ਹਾਦਸਾਗ੍ਰਸਤ, 1 ਬੱਚੇ ਦੀ ਮੌਤ, ਕਈ ਜ਼ਖਮੀ

ਖਰੜ, 12 ਫਰਵਰੀ (ਕੁਸ਼ਲ ਆਨੰਦ) ਅੱਜ ਸਵੇਰੇ ਖਰੜ-ਮੋਰਿੰਡਾ ਸੜਕ ਤੇ ਪਿੰਡ ਭਾਗੋਮਾਜਰਾ ਨੇੜੇ ਇੱਕ ਸਕੂਲ ਬਸ ਅਤੇ ਪੰਜਾਬ ਰੋਡਵੇਜ ਦੀ ਇੱਕ ਬਸ ਦਰਮਿਆਨ ਵਾਪਰੇ ਇੱਕ ਖਤਰਨਾਕ ਹਾਦਸੇ ਦੌਰਾਨ ਸਕੂਲ ਬਸ ਵਿੱਚ ਸਵਾਰ ਇੱਕ 10 ਸਾਲ ਦੇ ਬੱਚੇ ਦੀ ਮੌਤ ਹੋ ਗਈ ਜਦੋਂਕਿ ਉਸਦੀ ਭੈਣ ਸਮੇਤ ਅੱਧੀ ਦਰਜਨ ਵਿਦਿਆਰਥੀ ਜਖਮੀ ਹੋ ਗਏ|
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਸਵੇਰੇ ਸਾਢੇ ਸੱਤ ਵਜੇ ਦੇ ਆਸਪਾਸ ਹੋਇਆ ਜਦੋਂ ਸੇਂਟ ਜੋਸਫ ਸੀਨੀਅਰ ਸਕੈਂਡਰੀ ਸਕੂਲ, ਸੈਕਟਰ 44 ਚੰਡੀਗੜ੍ਹ ਦੀ ਬਸ ਨੰਬਰ ਪੀ ਬੀ 65 ਏ ਏ ਦੀ ਟੱਕਰ ਪੰਜਾਬ ਰੋਡਵੇਜ ਦੀ ਬਸ ਨੰਬਰ ਪੀ ਬੀ 10 ਬੀ ਐਮ 9821 ਨਾਲ ਹੋ ਗਈ| ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਰੋਡਵੇਜ ਦੀ ਬਸ ਲੁਧਿਆਣਾ ਤੋਂ ਚੰਡੀਗੜ੍ਹ ਆ ਰਹੀ ਸੀ ਅਤੇ ਸਕੂਲ ਬਸ ਵੀ ਘਟਨਾ ਵਾਲੀ ਥਾਂ ਨੇੜੇ ਚੰਡੀਗੜ੍ਹ ਜਾਣ ਵਾਸਤੇ ਮੁੜ ਰਹੀ ਸੀ ਜਦੋਂ ਇਹ ਹਾਦਸਾ ਵਾਪਰ ਗਿਆ| ਹਾਦਸੇ ਵੇਲੇ ਬਸ ਬੱਚਿਆਂ ਨਾਲ ਭਰੀ ਹੋਈ ਸੀ|
ਹਾਦਸੇ ਤੋਂ ਬਾਅਦ ਬਸ ਸੜਕ ਕਿਨਾਰੇ ਕੱਚੀ ਥਾਂ ਵਿੱਚ ਪਹੁੰਚ ਗਈ ਅਤੇ ਮਿੱਟੀ ਗਿੱਲੀ ਹੋਣ ਕਾਰਨ ਉਸ ਵਿੱਚ ਧਸ ਗਈ| ਜੇਕਰ ਬਸ ਉਲਟ ਜਾਂਦੀ ਤਾਂ ਇਸ ਹਾਦਸੇ ਦੌਰਾਨ ਹੋਰ ਵੀ ਜਿਆਦਾ ਨੁਕਸਾਨ ਹੋਣਾ ਸੀ| ਹਾਦਸੇ ਕਾਰਨ ਬਸ ਵਿੱਚ ਸਵਾਰ 10 ਸਾਲ ਦੇ ਇੱਕ ਬੱਚੇ ਦੀ ਮੌਤ ਹੋ ਗਈ ਜਦੋਂਕਿ ਕੁੱਝ ਹੋਰ ਬੱਚੇ ਵੀ ਜਖਮੀ ਹੋਏ| ਮੌਕੇ ਤੇ ਇਕੱਤਰ ਹੋਏ ਲੋਕਾਂ ਨੇ ਜਖਮੀ ਬੱਚਿਆਂ ਨੂੰ ਖਰੜ ਦੇ ਹਸਪਤਾਲ ਪਹੁੰਚਾਇਆ ਜਿੱਥੇ ਗੰਭੀਰ ਜਖਮੀ ਇੱਕ ਬੱਚੇ ਨੂੰ ਪੀ ਜੀ ਆਈ ਰੈਫਰ ਕਰ ਦਿੱਤਾ ਗਿਆ|
ਮੌਕੇ ਤੇ ਸਕੂਲ ਬਸ ਵਿੱਚ ਬੱਚਿਆਂ ਦੇ ਸਕੂਲ ਬੈਗ ਅਤੇ ਹੋਰ ਸਾਮਾਨ ਡਿੱਗਿਆ ਹੋਇਆ ਸੀ| ਹਾਦਸੇ ਤੋਂ ਬਾਅਦ ਦੋਵਾਂ ਬਸਾਂ ਦੇ ਡ੍ਰਾਈਵਰ ਮੌਕੇ ਤੋਂ ਫਰਾਰ ਹੋ ਗਏ| ਘਟਨਾ ਤੋਂ ਬਾਅਦ ਪੁਲੀਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ|

Leave a Reply

Your email address will not be published. Required fields are marked *