ਖਰੜ ਪੁਲੀਸ ਵਲੋਂ ਵਾਹਨ ਚੋਰ ਕਾਬੂ

ਖਰੜ, 15 ਜਨਵਰੀ (ਸ਼ਮਿੰਦਰ ਸਿੰਘ) ਖਰੜ ਪੁਲੀਸ ਨੇ ਵਾਹਨ ਚੋਰੀ ਕਰਕੇ ਅੱਗੇ ਵੇਚਣ ਵਾਲੇ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਇਸ ਸੰਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਖਰੜ ਦੇ ਡੀ ਐਸ ਪੀ ਰੁਪਿੰਦਰਦੀਪ ਕੌਰ ਸੋਹੀ ਨੇ ਦੱਸਿਆ ਕਿ ਥਾਣਾ ਸਦਰ ਖਰੜ ਦੇ ਮੁੱਖ ਅਫਸਰ ਇੰਸਪੈਕਟਰ ਅਜੀਤਪਾਲ ਸਿੰਘ ਦੀ ਅਗਵਾਈ ਹੇਠ ਪੁਲੀਸ ਟੀਮ ਵਲੋਂ ਨਾਕੇਬੰਦੀ ਦੌਰਾਨ ਅਮਰਦੀਪ ਸਿੰਘ ਵਾਸੀ ਪਿੰਡ ਦਾਊ (ਥਾਣਾ ਬਲੌਂਗੀ) ਨੂੰ ਇੱਕ ਬੁਲੇਟ ਮੋਟਰਸਾਈਕਲ ਨੰਬਰ ਪੀਬੀ65ਏ ਕੇ 6765 ਸਮੇਤ ਗ੍ਰਿਫਤਾਰ ਕੀਤਾ। ਉਹਨਾਂ ਦੱਸਿਆ ਕਿ ਪੁੱਛਗਿੱਛ ਦੌਰਾਨ ਇਸ ਵਿਅਕਤੀ ਨੇ ਇੱਕ ਹੋਰ ਮੋਟਰ ਸਾਈਕਲ ਨੰਬਰ ਡੀ ਐਲ-3ਐਸ-ਸੀ ਜੇ 9852 ਬ੍ਰਾਮਦ ਕਰਵਾਇਆ ਅਤੇ ਕਬੂਲ ਕੀਤਾ ਕਿ ਉਸਨੇ ਹੋਰ ਵੀ ਬਹੁਤ ਸਾਰੇ ਮੋਟਰ ਸਾਈਕਲ ਅਤੇ ਐਕਟਿਵਾ ਚੋਰੀ ਕਰਕੇ ਅੱਗੇ ਸੀ 59 ਇੰਡਸਟਰੀ ਏਰੀਆ ਫੇਜ਼ 6 ਮੁਹਾਲੀ ਵੇਚੇ ਹਨ।

ਇਸ ਮੌਕੇ ਇੰਸਪੈਕਟਰ ਅਜੀਤਪਾਲ ਸਿੰਘ ਨੇ ਦੱਸਿਆ ਕਿ ਇਸ ਵਿਅਕਤੀ ਦੀ ਜਾਣਕਾਰੀ ਦੇ ਆਧਾਰ ਤੇ ਦੂਸਰੇ ਦੋਸ਼ੀ ਜਮੀਰ ਅਲੀ ਵਾਸੀ ਸੀ 59 ਇੰਡਸਟਰੀ ਏਰੀਆ ਫੇਜ਼ 6 ਮੁਹਾਲੀ ਨੂੰ ਗ੍ਰਿਫਤਾਰ ਕੀਤਾ ਜਿਸਨੇ ਦੱਸਿਆ ਕਿ ਉਹ ਬਹੁਤ ਚੋਰਾਂ ਤੋਂ ਮੋਟਰਸਾਈਕਲ,ਆਟੋ ਅਤੇ ਐਕਟਿਵਾ ਆਦਿ ਖਰੀਦ ਕੇ ਕੱਟ ਕੇ ਵੱਖ-ਵੱਖ ਪਾਰਟ ਕਰਕੇ ਵੇਚ ਦਿੰਦਾ ਹੈ। ਉਹਨਾਂ ਦੱਸਿਆ ਕਿ ਜਮੀਰ ਅਲੀ ਤੋਂ 10 ਚੈਸੀਆ ਮੋਟਰਸਾਈਕਲ-ਐਕਟਿਵਾ ਵਗੈਰਾ ਦੀਆਂ, 14 ਇੰਜਣ ਮੋਟਰਸਾਇਕਲ ਐਕਟਿਵਾ, ਮੋਟਰਸਾਇਕਲਾਂ ਦੀਆਂ 10 ਟੈਂਕੀਆਂ, ਟਾਇਰ ਅਤੇ ਰਿਮ, ਸੀਟ ਕਵਰ ਅਤੇ ਵੱਖ ਵੱਖ ਵਹੀਕਲਾ ਦੀਆਂ ਰਜਿਸਟਰੇਸ਼ਨ ਕਾਪੀਆਂ ਵੀ ਬਰਾਮਦ ਕੀਤੀਆਂ ਗਈਆਂ ਹਨ।

ਉਹਨਾਂ ਕਿਹਾ ਕਿ ਬਰਾਮਦ ਰਜਿਸਟਰੇਸ਼ਨ ਕਾਪੀਆ ਦੇ ਇੰਜਣ ਅਤੇ ਬ੍ਰਾਮਦ ਚੈਸੀਆਂ ਦੇ ਨੰਬਰ ਟਰੇਸ ਕਰਨ ਤੋਂ ਬਾਅਦ ਪੜਤਾਲ ਕਰਕੇ ਅਸਲ ਮਾਲਕਾ ਦਾ ਪਤਾ ਲਗਾਇਆ ਜਾ ਰਿਹਾ ਹੈ ਅਤੇ ਦੋਸ਼ੀਆ ਤੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *