ਖਰੜ ਵਿਖੇ ਸੜਕਾਂ ਦਾ ਬੁਰਾ ਹਾਲ, ਲੋਕ ਪ੍ਰੇਸ਼ਾਨ

ਖਰੜ, 25 ਅਗਸਤ (ਕੁਸ਼ਲ ਆਨੰਦ) ਖਰੜ ਵਿਖੇ ਜਦੋਂ ਤੋਂ ਨੈਸ਼ਨਲ ਹਾਈਵੇ ਉੱਪਰ ਫਲਾਈਓਵਰ ਬਣਨ ਦਾ ਕੰਮ ਸ਼ੁਰੂ ਹੋਇਆ ਹੈ, ਉਦੋਂ ਤੋਂ ਹੀ ਖਰੜ ਦੀਆਂ ਸੜਕਾਂ ਦਾ ਬੁਰਾ ਹਾਲ ਹੋ ਗਿਆ ਹੈ| ਖਰੜ ਬੱਸ ਸਟੈਂਡ ਤੋਂ ਸਨੀ ਇਨਕਲੇਵ ਤੱਕ ਜਾਂਦੀ ਸੜਕ ਦਾ ਬਹੁਤ ਜਿਆਦਾ ਬੁਰਾ ਹਾਲ ਹੈ ਜਿਸ ਕਾਰਨ ਰਾਹਗੀਰਾਂ ਨੂੰ ਕਾਫੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਇਸ ਟੁੱਟੀ ਸੜਕ ਕਾਰਨ ਇਥੋਂ ਮਰੀਜਾਂ ਨੂੰ ਲੈ ਕੇ ਲੰਘਣ ਵਾਲੀਆਂ ਐਂਬੁਲੈਂਸਾਂ ਨੂੰ ਵੀ ਭਾਰੀ ਦਿਕਤ ਆਉਂਦੀ ਹੈ ਅਤੇ ਟੁੱਟੀ ਸੜਕ ਕਾਰਨ ਐਂਬੂਲਸਾਂ ਵਿਚ ਪਏ ਮਰੀਜਾਂ ਦਾ ਬੁਰਾ ਹਾਲ ਹੋ ਜਾਂਦਾ ਹੈ|
ਇਸ ਸੰਬੰਧੀ ਸਥਾਨਕ ਭਾਜਪਾ ਆਗੂਆਂ ਨਰਿੰਦਰ ਰਾਣਾ, ਅਮਿਤ, ਦਵਿੰਦਰ ਬਰਮੀ, ਰਜਿੰਦਰ ਅਰੋੜਾ, ਬਾਲ ਕ੍ਰਿਸ਼ਨ, ਸੰਜੇ ਭਸੀਨ, ਵਪਾਰ ਮੰਡਲ ਦੇ ਪ੍ਰਧਾਨ ਅਸ਼ੋਕ ਸ਼ਰਮਾ, ਸੁਰਮੁੱਖ ਸਿੰਘ ਦਾ ਕਹਿਣਾ ਹੈ ਕਿ ਫਲਾਈਓਵਰ ਬਣਾਉਣ ਵਾਲੀ ਕੰਪਨੀ ਵਲੋਂ ਲੋੜੀਂਦੀਆਂ ਸ਼ਰਤਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ| ਉਹਨਾਂ ਕਿਹਾ ਕਿ ਸ਼ਰਤਾਂ ਦੇ ਮੁਤਾਬਕ ਇਸ ਕੰਪਨੀ ਵਲੋਂ ਫਲਾਇਓਵਰ ਬਨਾਉਣ ਤੋਂ ਪਹਿਲਾਂ ਲੋਕਾਂ ਦੀ ਸਹੂਲੀਅਤ ਲਈ ਸਾਈਡ ਰੋਡ ਬਣਾਉਣੀ ਸੀ ਪਰ ਸਾਈਡ ਰੋਡ ਬਨਾਉਣ ਦੀ ਗੱਲ ਤਾ ਦੂਰ ਕੰਪਨੀ ਵਲੋਂ ਪੁਰਾਣੀ ਸੜਕ ਦੀ ਮੁਰੰਮਤ ਵੀ (ਸਮੇਂ ਸਿਰ) ਨਹੀਂ ਕੀਤੀ ਜਾਂਦੀ ਜਿਸ ਕਾਰਨ ਖਰੜ ਦੀਆਂ ਸੜਕਾਂ ਦਾ ਬੁਰਾ ਹਾਲ ਹੈ| ਉਹਨਾਂ ਕਿਹਾ ਕਿ ਇਸ ਫਲਾਈ ਓਵਰ ਦੀ ਉਸਾਰੀ ਦੌਰਾਨ ਹੀ ਇਕ ਹਾਦਸੇ ਵਿੱਚ ਇਕ ਵਿਅਕਤੀ ਦੀ ਮੌਤ ਵੀ ਹੋ ਚੁਕੀ ਹੈ ਪਰ ਫਲਾਈਓਵਰ ਬਣਾਉਣ ਵਾਲੀ ਕੰਪਨੀ ਨੇ ਕੋਈ ਸਬਕ ਨਹੀਂ ਸਿਖਿਆ| ਉਹਨਾਂ ਚਿਤਾਵਨੀ ਦਿੱਤੀ ਕਿ ਜੇ ਇਸ ਕੰਪਨੀ ਅਤੇ ਪ੍ਰਸ਼ਾਸਨ ਇਸ ਨੈਸ਼ਨਲ ਹਾਈਵੇ ਦੀ ਸੜਕ ਉਤੇ ਪ੍ਰੀਮਿਕਸ ਪਾ ਕੇ ਠੀਕ ਨਾ ਕੀਤਾ ਤਾਂ ਦਸ ਦਿਨਾਂ ਬਾਅਦ ਖਰੜ ਦੇ ਐਸ ਡੀ ਐਮ ਦਫ਼ਤਰ ਦੇ ਬਾਹਰ ਧਰਨਾ ਅਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ|

Leave a Reply

Your email address will not be published. Required fields are marked *