ਖਰੜ ਵਿਚ ਲੱਗਦੇ ਟ੍ਰੈਫ਼ਿਕ ਜਾਮਾਂ ਤੇ ਕਾਬੂ ਕਰਨ ਲਈ ਉਚਿਤ ਬੰਦੋਬਸਤ ਕਰੇ ਪ੍ਰਸ਼ਾਸਨ : ਗਰਚਾ

ਖਰੜ,  6 ਨਵੰਬਰ (ਸ.ਬ.) ਮੁੱਖ ਮੰਤਰੀ, ਕੈਪਟਨ ਅਮਰਿੰਦਰ ਸਿੰਘ ਦੀ ਸਾਬਕਾ ਓ.ਐਸ.ਡੀ. ਸ੍ਰੀਮਤੀ ਲਖਵਿੰਦਰ ਕੌਰ ਗਰਚਾ ਨੇ ਬਲੌਂਗੀ ਤੋਂ ਖਰੜ ਤੱਕ ਬਣਾਏ ਜਾ ਰਹੇ ਫਲਾਈਓਵਰ ਦੇ ਨਿਰਮਾਣ ਕਾਰਜਾਂ ਦੀ ਵਜ੍ਹਾ ਨਾਲ ਰੋਜ਼ਾਨਾ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਮੁਹਾਲੀ ਨੂੰ ਇੱਕ ਪੱਤਰ ਲਿਖਿਆ ਹੈ|
ਪੱਤਰ ਵਿਚ ਕਿਹਾ ਗਿਆ ਹੈ ਕਿ ਫਲਾਈਓਵਰ ਦੇ ਨਿਰਮਾਣ ਕਾਰਜ ਹੁਣ ਖਰੜ ਸ਼ਹਿਰ ਤੱਕ ਪਹੁੰਚ ਚੁੱਕੇ ਹਨ| ਪ੍ਰੰਤੂ ਖਰੜ ਸ਼ਹਿਰ ਵਿੱਚ ਨਗਰ ਪ੍ਰੀਸ਼ਦ ਦਫ਼ਤਰ ਅਤੇ ਤਹਿਸੀਲ ਕੰਪਲੈਕਸ ਵਾਲੀ ਮੁੱਖ ਰੋਡ ਤੇ ਸੜਕ ਤੰਗ ਹੋਣ ਕਾਰਨ ਆਪੋ ਆਪਣੇ ਵਹੀਕਲਾਂ ਰਾਹੀਂ ਗੁਜ਼ਰਨ ਵਾਲੇ ਰਾਹਗੀਰਾਂ ਨੂੰ ਹਰ ਰੋਜ਼ ਟ੍ਰੈਫ਼ਿਕ ਦੇ ਵੱਡੇ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ| ਹਰ ਰੋਜ਼ ਟ੍ਰੈਫ਼ਿਕ ਜਾਮ ਵਿੱਚ ਫਸਣ ਕਾਰਨ ਜਿੱਥੇ ਸਵੇਰ ਸਮੇਂ ਆਪਣੇ ਦਫ਼ਤਰਾਂ ਵਿਚ ਕੰਮ ਕਾਜ ਤੇ ਜਾਣ ਅਤੇ ਸ਼ਾਮੀਂ ਦਫ਼ਤਰਾਂ ਤੋਂ ਘਰ ਵਾਪਿਸ ਆਉਣ ਵਾਲੇ ਲੋਕਾਂ ਨੂੰ ਪ੍ਰੇਸ਼ਾਨੀ ਦੀ ਸਾਹਮਣਾ ਕਰਨਾ ਪੈਂਦਾ ਹੈ, ਉਸ ਦੇ ਨਾਲ ਹੀ ਵੱਖ ਵੱਖ ਮਰੀਜ਼ਾਂ ਨੂੰ ਪੀ.ਜੀ.ਆਈ. ਚੰਡੀਗੜ੍ਹ ਜਾਂ ਮੁਹਾਲੀ ਸਥਿਤ ਵੱਖ ਵੱਖ ਹਸਪਤਾਲਾਂ ਤੱਕ ਪਹੁੰਚਾTਣ ਵਾਲੀਆਂ ਐਂਬੂਲੈਂਸਾਂ ਵੀ ਜਾਮ ਵਿਚ ਫਸ ਜਾਂਦੀਆਂ ਹਨ|
ਉਨ੍ਹਾਂ ਕਿਹਾ ਕਿ ਟ੍ਰੈਫ਼ਿਕ ਪੁਲੀਸ ਕਰਮਚਾਰੀਆਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾਣ ਕਿ ਟ੍ਰੈਫ਼ਿਕ ਪੁਲੀਸ ਖਰੜ ਸ਼ਹਿਰ ਵਿਖੇ ਰੋਜ਼ਾਨਾ ਲੱਗਣ ਵਾਲੇ ਟ੍ਰੈਫ਼ਿਕ ਜਾਮ ਦੀ ਸਥਿਤੀ ਨੂੰ ਸੁਧਾਰਨ ਅਤੇ ਫਲਾਈਓਵਰ ਦਾ ਨਿਰਮਾਣ ਕਾਰਜ ਕਰ ਰਹੀ ਕੰਪਨੀ ਨੂੰ ਵੀ ਹਦਾਇਤਾਂ ਕੀਤੀਆਂ ਜਾਣ ਕਿ ਉਹ ਵੀ ਆਪਣੇ ਕਰਮਚਾਰੀਆਂ ਨੂੰ ਜਾਮ ਦੀ ਸਥਿਤੀ ਵਿਚ ਮੱਦਦ ਕਰਨ ਲਈ ਲਗਾਉਣ|
ਸ੍ਰੀਮਤੀ ਗਰਚਾ ਨੇ ਡਿਪਟੀ ਕਮਿਸ਼ਨਰ ਨੂੰ ਲਿਖੇ ਆਪਣੇ ਪੱਤਰ ਵਿਚ ਇਹ ਵੀ ਕਿਹਾ ਹੈ ਕਿ ਜਦੋਂ ਤੱਕ ਫਲਾਈਓਵਰ ਦਾ ਕੰਮ ਮੁਕੰਮਲ ਨਹੀਂ ਹੋ ਜਾਂਦਾ, ਉਦੋਂ ਤੱਕ ਟ੍ਰੈਫ਼ਿਕ ਦੇ ਵੀ ਕੋਈ ਬਦਲਵੇਂ ਅਤੇ ਵਧੀਆ ਬੰਦੋਬਸਤ ਕੀਤੇ ਜਾਣ ਤਾਂ ਜੋ ਹਰ ਰੋਜ਼ ਲੋਕਾਂ ਨੂੰ ਜਾਮ ਦੀ ਸਥਿਤੀ ਦਾ ਸਾਹਮਣਾ ਨਾ ਕਰਨਾ ਪਵੇ|

Leave a Reply

Your email address will not be published. Required fields are marked *