ਖਰੜ ਵਿੱਚ ਗੰਦਗੀ ਦੀ ਭਰਮਾਰ, ਸ਼ਹਿਰ ਵਿੱਚ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰ

ਖਰੜ ਵਿੱਚ ਗੰਦਗੀ ਦੀ ਭਰਮਾਰ, ਸ਼ਹਿਰ ਵਿੱਚ ਥਾਂ ਥਾਂ ਤੇ ਲੱਗੇ ਕੂੜੇ ਦੇ ਢੇਰ
ਨਗਰ ਕੌਂਸਲ ਦੇ ਰਹੀ ਹੈ ਸ਼ਹਿਰ ਨੂੰ ਸਵੱਛ ਰੱਖਣ ਦੇ ਸੰਦੇਸ਼
ਖਰੜ, 31 ਅਕਤੂਬਰ ( ਕੁਸ਼ਲ ਆਨੰਦ) ਖਰੜ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਗੰਦਗੀ ਦੀ ਭਰਮਾਰ ਹੈ ਅਤੇ ਸ਼ਹਿਰ ਦੇ ਪ੍ਰਮੁਖ ਸਥਾਨਾਂ ਤੇ ਗੰਦਗੀ ਦੇ ਢੇਰ ਆਮ ਹਨ ਜਿਸ ਕਾਰਨ ਨਗਰ ਕੌਂਸਲ ਖਰੜ ਦੀ ਕਾਰਗੁਜਾਰੀ ਉਤੇ ਸਵਾਲੀਆ ਚਿੰਨ੍ਹ ਲੱਗ ਰਹੇ ਹਨ| ਇੱਕ ਪਾਸੇ ਸ਼ਹਿਰ ਨੂੰ ਸਵੱਛ ਬਣਾਉਣ ਦੇ ਸੰਦੇਸ਼ ਦੇਣ ਵਾਲੀ ਨਗਰ ਕੌਂਸਲ ਖਰੜ ਕੇਂਦਰ ਸਰਕਾਰ ਦੀ ਸਵੱਛ ਭਾਰਤ ਮੁਹਿੰਮ ਅਤੇ ਪੰਜਾਬ ਸਰਕਾਰ ਦੀ ਮਿਸ਼ਨ ਤੰਦਰੁਸਤ ਪੰਜਾਬ ਮੁਹਿੰਮ ਨੂੰ ਸਫਲ ਬਣਾਉਣ ਵਿੱਚ ਨਾਕਾਮ ਹੈ|
ਸ਼ਹਿਰ ਵਿੱਚ ਥਾ ਥਾਂ ਲੱਗਦੇ ਗੰਦਗੀ ਦੇ ਇਹ ਢੇਰ ਸ਼ਹਿਰ ਦੀ ਸੁੰਦਰਤਾ ਤੇ ਦਾਗ ਲਗਾਉਂਦੇ ਹੀ ਹਨ, ਇਹਨਾਂ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਵੀ ਬਣਿਆ ਰਹਿੰਦਾ ਹੈ| ਇਸ ਸਬੰਧੀ ਭਾਰਤੀ ਜਨਤਾ ਪਾਰਟੀ ਦੇ ਰੁਜਗਾਰ ਅਤੇ ਹੁਨਰ ਸੈਲ ਦੇ ਜਿਲ੍ਹਾ ਪ੍ਰਧਾਨ ਰੋਹਿਤ ਮਿਸ਼ਰਾ ਵਲੋਂ ਨਗਰ ਕੌਂਸਲ ਖਰੜ ਦੇ ਕਾਰਜਕਾਰੀ ਅਫਸਰ ਨੂੰ ਮੰਗ ਪੱਤਰ ਦੇ ਕੇ ਸ਼ਹਿਰ ਦੀ ਸਾਫ ਸਫਾਈ ਦੇ ਪ੍ਰਬੰਧ ਕਰਨ ਦੀ ਮੰਗ ਕੀਤੀ ਗਈ ਸੀ ਅਤੇ ਖੁੱਲੇ ਵਿੱਚ ਜੰਗਲ ਪਾਣੀ ਜਾਣ ਵਾਲੇ ਲੋਕਾਂ ਦਾ ਵੀ ਜਿਕਰ ਕੀਤਾ ਗਿਆ ਸੀ ਪਰੰਤੂ ਨਗਰ ਕੌਂਸਲ ਖਰੜ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਗਿਆ|
ਨਗਰ ਕੌਂਸਲ ਦੇ ਚੀਫ ਸੈਨੇਟਰੀ ਇੰਸਪੈਕਟਰ ਸ੍ਰੀ ਰਾਜੇਸ਼ ਕੁਮਾਰ ਇਸ ਸੰਬੰਧੀ ਗੱਲ ਕਰਨ ਤੇ ਦੱਸਿਆ ਕਿ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਵਲੋਂ ਸਮੇਂ ਸਮੇਂ ਤੇ ਸ਼ਹਿਰ ਨੂੰ ਸਾਫ ਕੀਤਾ ਜਾਂਦਾ ਹੈ ਪਰ ਪਿਛਲੇ ਸਮੇਂ ਦੌਰਾਨ ਸ਼ਹਿਰ ਦੀ ਆਬਾਦੀ 75 ਹਜਾਰ ਤੋਂ ਵੱਧ ਕੇ 2.5 ਲੱਖ ਦੇ ਕਰੀਬ ਹੋ ਗਈ ਹੈ| ਇਸ ਦੇ ਨਾਲ ਨਾਲ ਅਣਅਧਿਕਾਰਤ ਕਲੋਨੀਆਂ ਬਨਣ (ਜਿਹਨਾਂ ਨੂੰ ਕਾਲੋਨਾਈਜਰਾਂ ਵਲੋਂ ਨਗਰ ਕੌਂਸਲ ਦੇ ਹਵਾਲੇ ਨਹੀਂ ਕੀਤਾ ਗਿਆ ਹੈ) ਕਾਰਨ ਕੁੱਝ ਥਾਵਾਂ ਤੇ ਇਹ ਸਮੱਸਿਆ ਆ ਰਹੀ ਹੈ| ਉਹਨਾਂ ਕਿਹਾ ਕਿ ਨਗਰ ਕੌਂਸਲ ਉਹਨਾਂ ਕਾਲੋਨੀਆਂ ਦਾ ਕੂੜਾ ਵੀ ਚੁੱਕ ਰਹੀ ਹੈ ਅਤੇ ਕੌਂਸਲ ਵਲੋਂ ਸ਼ਹਿਰ ਦੀ ਸਾਫ ਸਫਾਈ ਲਈ ਕੁੱਝ ਜਰੂਰੀ ਫੈਸਲੇ ਲਏ ਜਾਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜਿਸ ਵਿੱਚ ਸ਼ਹਿਰ ਦੇ ਮੁਖ ਬਾਜ਼ਾਰਾਂ ਵਿੱਚ ਹਰੇ ਅਤੇ ਨੀਲੇ ਰੰਗ ਦੇ ਕੂੜੇਦਾਨ ਰੱਖੇ ਜਾਣਗੇ ਅਤੇ ਸ਼ਹਿਰ ਦੇ ਅੰਦਰ ਵੱਡੇ ਡਰੰਮਾਂ ਦੀ ਗਿਣਤੀ ਨੂੰ ਵਧਾਇਆ ਜਾਵੇਗਾ|

Leave a Reply

Your email address will not be published. Required fields are marked *