ਖਰੜ ਵਿੱਚ ਚਲੀਆਂ ਗੋਲੀਆਂ, ਹਮਲਾਵਰਾਂ ਨੇ ਘਰ ਦੇ ਅੰਦਰ ਵੜ ਕੇ ਮਾਰੀਆਂ ਗੋਲੀਆਂ

ਖਰੜ ਵਿੱਚ ਚਲੀਆਂ ਗੋਲੀਆਂ, ਹਮਲਾਵਰਾਂ ਨੇ ਘਰ ਦੇ ਅੰਦਰ ਵੜ ਕੇ ਮਾਰੀਆਂ ਗੋਲੀਆਂ
ਆਪਸੀ ਰੰਜਿਸ਼ ਦਾ ਮਾਮਲਾ, ਇੱਕ ਵਿਅਕਤੀ ਗੰਭੀਰ ਜਖਮੀ, ਪੀ ਜੀ ਆਈ ਵਿੱਚ ਦਾਖਿਲ
ਖਰੜ, 17 ਸਤੰਬਰ (ਸ਼ਮਿੰਦਰ ਸਿੰਘ) ਖਰੜ ਦੇ ਜਨਤਾ ਚੌਂਕ ਨੇੜੇ ਰਹਿੰਦੇ ਅਰੁਣ ਸ਼ਰਮਾ ਨਾਮ ਦੇ ਇੱਕ ਸੀ.ਏ. ਦੇ ਘਰ ਵਿੱਚ ਤੜਕੇ ਸਾਢੇ ਤਿੰਨ ਵਜੇ ਦਾਖਿਲ ਹੋਏ ਹਮਲਾਵਰਾਂ ਵਲੋਂ ਗੋਲੀਆਂ ਮਾਰ ਕੇ ਅਰੁਣ ਸ਼ਰਮਾ ਨੂੰ ਜਖਮੀ ਕਰ ਦਿੱਤਾ ਗਿਆ| ਅਰੁਣ ਸ਼ਰਮਾ ਖਰੜ ਦੇ ਮਸ਼ਹੂਰ ਡਾਕਟਰ ਅਨਿਲ ਸ਼ਰਮਾ (ਸ਼ਰਮਾ ਹਸਪਤਾਲ) ਦੇ ਭਰਾ ਹਨ|
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਅਰੁਣ ਸ਼ਰਮਾ ਦੇ ਘਰ ਦੀ ਉਪਰੀ ਮੰਜਿਲ ਵਿੱਚ ਕਿਰਾਏਦਾਰ ਰੱਖੇ ਹੋਏ ਹਨ ਅਤੇ ਇਸ ਵਾਸਤੇ ਬਾਹਰਲਾ ਮੇਨ ਗੇਟ ਖੁੱਲਾ ਰਹਿੰਦਾ ਹੈ| ਘਰ ਤੇ ਹਮਲਾ ਕਰਨ ਆਏ ਵਿਅਕਤੀਆਂ ਨੇ ਘਰ ਦੇ ਅੰਦਰ ਦਾਖਿਲ ਹੋ ਕੇ ਵਰਾਂਡੇ ਦੇ ਨਾਲ ਲੱਗਦਾ ਸ੍ਰੀ ਸ਼ਰਮਾ ਦਾ ਦਰਵਾਜਾ ਖੜਕਾਇਆ ਅਤੇ ਅੰਦਰ ਦਾਖਿਲ ਹੋਣ ਤੋਂ ਬਾਅਦ ਸ੍ਰੀ ਸ਼ਰਮਾ ਅਤੇ ਉਹਨਾਂ ਦੇ ਬੇਟੇ ਤੇ ਹਮਲਾ ਕਰ ਦਿੱਤਾ| ਇਸ ਦੌਰਾਨ ਦੋਵਾਂ ਧਿਰਾਂ ਵਿੱਚ ਹੱਥੋਂਪਾਈ ਹੋਈ ਅਤੇ ਹਮਲਾਵਰਾਂ ਵਲੋਂ ਸ੍ਰੀ ਸ਼ਰਮਾ ਅਤੇ ਉਹਨਾਂ ਦੇ ਬੇਟੇ ਦੀ ਕੁੱਟਮਾਰ ਕੀਤੀ ਗਈ ਜਿਸਤੋਂ ਬਾਅਦ ਹਮਲਾਵਰਾਂ ਵਲੋਂ ਸ੍ਰੀ ਸ਼ਰਮਾ ਉੱਪਰ ਗੋਲੀ ਚਲਾ ਦਿੱਤੀ ਗਈ| 
ਇਸ ਦੌਰਾਨ ਇਹਨਾਂ ਹਮਲਾਵਰਾਂ ਵਲੋਂ ਸ੍ਰੀ ਸ਼ਰਮਾ ਦੇ ਘਰ ਦੇ ਬਾਹਰ ਖੜ੍ਹੀ ਗੱਡੀ ਦੀ ਵੀ ਭੰਨਤੋੜ ਕੀਤੀ ਗਈ| ਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰੇ ਤੇ ਵੀ ਗੋਲੀਆਂ ਚਲਾਈਆਂ ਗਈਆਂ ਹਨ ਜਿਹਨਾਂ ਦੇ ਨਿਸ਼ਾਨ ਛੱਤ ਤੇ ਸਾਫ ਦੇਖੇ ਜਾ ਸਕਦੇ ਹਨ| ਘਰ ਦੇ ਵਰਾਂਡੇ ਅਤੇ ਘਰ ਦੇ ਬਾਹਰ ਖੜ੍ਹੀ ਸ੍ਰੀ ਸ਼ਰਮਾ ਦੀ ਗੱਡੀ ਨੇੜੇ ਕਾਫੀ ਖੂਨ ਡੁੱਲਿਆ ਹੋਇਆ ਸੀ ਅਤੇ ਘਰ ਦੇ ਵਰਾਂਡੇ ਵਿੱਚ ਗੋਲੀਆਂ ਦੇ ਕੁੱਝ ਖੋਲ ਵੀ ਖਿੱਲਰੇ ਹੋਏ ਸਨ| ਅਜਿਹੇ ਕੁੱਝ ਖੋਲ ਘਰ ਦੇ ਬਾਹਰ ਵੀ ਡਿੱਗੇ ਪਏ ਸਨ|  
ਪ੍ਰਾਪਤ ਜਾਣਕਾਰੀ ਅਨੁਸਾਰ ਸ੍ਰੀ ਸ਼ਰਮਾ ਦੇ ਪਰਿਵਾਰ ਵਾਲਿਆਂ ਵਲੋਂ ਹਮਲਾਵਰਾਂ ਦੀ ਪਹਿਚਾਣ ਕਰ ਲਈ ਗਈ ਹੈ ਜਿਸ ਬਾਰੇ ਉਹਨਾਂ ਵਲੋਂ ਪੁਲੀਸ ਨੂੰ ਜਾਣਕਾਰੀ ਵੀ ਦੇ ਦਿੱਤੀ ਗਈ ਹੈ| ਇਹ ਮਾਮਲਾ ਨਿੱਜੀ ਰੰਜਿਸ਼ ਦਾ ਦੱਸਿਆ ਜਾ ਰਿਹਾ ਹੈ ਅਤੇ ਪੁਲੀਸ ਵਲੋਂ ਵੀ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ|
ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਪੁਲੀਸ ਫੋਰਸ ਮੌਕੇ ਤੇ ਪਹੁੰਚ ਗਈ ਅਤੇ ਖਰੜ ਦੇ ਡੀ.ਐਸ. ਪੀ. ਪਾਲ ਸਿੰਘ ਦੀ ਅਗਵਾਈ ਵਿੱਚ ਐਸ.ਐਚ.ਓ. ਭਗਵੰਤ ਸਿੰਘ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਸੀ| ਮੌਕੇ ਤੇ ਫਾਰੈਂਸਿਕ ਟੀਮ ਵੀ ਪਹੁੰਚੀ ਹੋਈ ਸੀ| ਗੋਲੀ ਲੱਗਣ ਕਾਰਨ ਜਖਮੀ ਹੋਏ ਸ੍ਰੀ ਅਰੁਣ ਸ਼ਰਮਾ ਨੂੰ ਹਸਪਤਾਲ ਭਿਜਵਾ ਦਿੱਤਾ ਗਿਆ ਹੈ ਜਿੱਥੇ ਉਹਨਾਂ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਗਈ ਹੈ| ਹਮਲਾਵਰਾਂ ਦੀ ਇਹ ਪੂਰੀ ਕਾਰਵਾਈ ਸੀ ਸੀ ਟੀ ਵੀ ਵਿੱਚ ਕੈਦ ਹੋ ਗਈ ਹੈ ਜਿਸਦੀ ਪੁਲੀਸ ਵਲੋਂ ਜਾਂਚ ਕੀਤੀ ਜਾ ਰਹੀ ਹੈ| ਹਾਲਾਂਕਿ ਪੁਲੀਸ ਵਲੋਂ ਸੀ ਸੀ ਟੀ ਵੀ ਦੀ ਫੁਟੇਜ ਨੂੰ ਜਨਤਕ ਕਰਨ ਤੋਂ ਫਿਲਹਾਲ ਇਨਕਾਰ ਕਰ ਦਿੱਤਾ ਗਿਆ ਹੈ|
ਮੌਕੇ ਤੇ ਪਹੁੰਚੇ ਐਸ.ਪੀ. ਰੂਰਲ ਰਵਜੋਤ ਕੌਰ ਗਰੇਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੁਢਲੀ ਪੜਤਾਲ ਵਿੱਚ ਇਹ ਗੱਲ ਸਾਮ੍ਹਣੇ ਆਈ ਹੈ ਕਿ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ ਅਤੇ ਕੇਸਾਂ ਨਾਲ ਜੁੜਿਆ ਹੋਇਆ ਹੈ| ਉਹਨਾਂ ਕਿਹਾ ਕਿ ਪੁਲੀਸ ਵਲੋਂ ਮਾਮਲੇ ਦੀ ਸਾਰੇ ਪੱਖਾਂ ਤੋਂ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਪੁਲੀਸ ਵਲੋਂ ਇਹਨਾਂ ਹਮਲਾਵਰਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ|

Leave a Reply

Your email address will not be published. Required fields are marked *